Breaking News
Home / ਰੈਗੂਲਰ ਕਾਲਮ / ਨੇਤਾਵਾਂ ਦੇ ਵੀਡੀਓ ਕੀ ਕਹਿੰਦੇ ਨੇ!

ਨੇਤਾਵਾਂ ਦੇ ਵੀਡੀਓ ਕੀ ਕਹਿੰਦੇ ਨੇ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਚੋਣਾਂ ਦੇ ਦਿਨ ਹਨ। ਠੰਢੇ ਮੌਸਮ ਵਿਚ ਲੀਡਰਾਂ ਦੇ ਬਿਆਨ ਗਰਮਾਂ-ਗਰਮ ਹਨ। ਤਾਹਨੇ-ਮਿਹਣੇ ਖੂਬ ਵੱਜ ਰਹੇ ਹਨ। ਕਈ ਤਾਂ ਸਿਆਣੇ ਸਿਆਣੇ ਬੰਦੇ ਹੱਦਾਂ ਬੰਨਾਂ ਟੱਪੀ ਜਾ ਰਹੇ ਹਨ ਬਿਆਨਬਾਜ਼ੀ ਦੇ ਮਾਮਲੇ ਵਿੱਚ। ਅੱਜ ਕੱਲ੍ਹ ਲੋਕਾਂ ਦੇ ਮੋਬਾਈਲ ਫੋਨਾਂ ਦੇ ਕੈਮਰਿਆਂ ਦੀ ਅੱਖ ਬਾਜ ਅੱਖ ਵਰਗੀ ਹੈ, ਜੋ ਪਤਾ ਨਹੀਂ ਕਦੋਂ ਸਾਰਾ ਕੁਝ ਕੈਦ ਕਰ ਕੇ ਪਲੋ-ਪਲੀ ਸੰਸਾਰ ਭਰ ਵਿਚ ਨਸ਼ਰ ਕਰ ਦਿੰਦੀ ਹੈ। ਸੋਸ਼ਲ ਸਾਈਟਾਂ ਉਤੇ ਆਉਣ ਸਾਰ ਬੰਦਾ ਪੂਰੀ ਦੁਨੀਆਂ ਵਿਚ ਛਾ ਜਾਂਦਾ ਹੈ। ਹਥਲੇ ਕਾਲਮ ਰਾਹੀਂ ਅਸੀਂ ਕੁਝ ਉਹਨਾਂ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦੀ ਗੱਲ ਕਰਦੇ ਹਾਂ, ਜਿਹੜੇ ਬੋਲਦੇ-ਬੋਲਦੇ ਪਤਾ ਨਹੀਂ ਥੁਥਲਾ ਗਏ ਜਾਂ ਉਹਨਾਂ ਦੀ ‘ਸੋਚ ਦੀ ਸੂਈ’ ਕਿਤੇ ਹੋਰ ਥਾਂ ਜਾ ਕੇ ਅੜ ਜਾਂਦੀ ਹੈ ਤੇ ‘ਗੱਲ ਦੀ ਵਲੱਲ’ ਬਣ ਜਾਂਦੀ ਹੈ। ਲੋਕ ਅਜਿਹੀਆਂ ਵੀਡੀਓਜ਼ ਦੇਖਦੇ ਹੋਏ ਰਤਾ ਨਹੀਂ ਹਿਚਕਚਾਂਦੇ ਤੇ ਤਿੱਖੀ ਡੰਗ ਵਾਲੇ ਕੁਮੈਂਟਸ ਲਿਖਦੇ ਹਨ।
ਥੋੜਾ ਈ ਫਰਕ ਹੈ!
ਕੈਨੇਡਾ ਦੇ ਟੋਰਾਂਟੋ ਤੋਂ ਆਏ ਅਕਾਲੀ ਆਗੂ ਬਚਿੱਤਰ ਸਿੰਘ ਘੋਲੀਆ ਦੀ ਇੱਕ ਵੀਡੀਓ ਕਾਫੀ ਚਰਚਾ ਵਿਚ ਹੈ, ਜਿਸ ਵਿਚ ਉਹ ਆਖ ਰਹੇ ਨੇ, ”ਸਾਡੇ ਬਰੈਂਪਟਨ ਨੇੜੇ ਮਿਸੀਸਾਗਾ ਸ਼ਹਿਰ ਵਿਚ ਇੱਕ ਗੋਰੀ ਐ, 55 ਸਾਲ ਉਮਰ ਆ ਤੇ 65 ਸਾਲ ਹੋਗੇ ਮੇਅਰ ਬਣਦੀ ਨੂੰ, ਆਪ ਉਹ ਹਰ ਸਾਲ ਇੰਗਲੈਂਡ-ਯੌਰਪ ਵਗੈਰਾ ਛੁੱਟੀਆਂ ਕੱਟਣ ਜਾਂਦੀ ਆ ਤੇ ਮਗਰੋਂ ਵੋਟਾਂ ਪਾ ਦੇਈਦੀਆਂ, ਤੇ ਆ ਕੇ ਸਹੁੰ ਚੁੱਕ ਲੈਂਦੀ ਆ, ਤੁਸੀਂ ਵੀ ਭਰਾਵੋ ਇਵੇਂ ਹੀ ਕਰਿਆ ਕਰੋ, ਜਥੇਦਾਰ ਤੋਤਾ ਸਿੰਘ ਜੀ ਨੇ ਏਨੇ ਵਿਕਾਸ ਦੇ ਕੰਮ ਕੀਤੇ ਆ, ਤੁਸੀਂ ਕਿਹਾ ਕਰੋ ਕਿ ਜਾਓ ਜਥੇਦਾਰ ਜੀ, ਤੁਸੀਂ ਵੀ ਕੈਨੇਡਾ ਜਾ ਆਓ, ਵੋਟਾਂ ਅਸੀਂ ਪਾ ਦਿਆਂਗੇ।” ਸੋ, 55 ਤੇ 65 ਸਾਲਾ ਇੱਕ ਦਹਾਕੇ ਦਾ ਅੰਤਰ ਸੁਣ ਕੇ ਲੋਕ ਬੜਾ ਹੱਸੇ।
ਨਸ਼ਾ ਮੁਕਤ ਕਾਂਗਰਸ
ਬੀਬੀ ਨਵਜੋਤ ਕੌਰ ਸਿੱਧੂ ਪੱਤਰਕਾਰਾਂ ਨਾਲ ਗੱਲ ਕਰਦੇ ਸਮੇਂ ਟਪਲਾ ਘੱਟ ਹੀ ਖਾਂਦੇ ਹਨ। ਪਰ ਇਕ ਵੀਡੀਓ ਵਿਚ ਬੀਬੀ ਸਿੱਧੂ ਜੀ ਆਖ ਰਹੇ ਨੇ ਕਿ ਸਾਡੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਜੀ ਤੇ ਰਾਹੁਲ ਗਾਂਧੀ ਜੀ ਦੀ ਸੋਚ ਹੈ ਕਿ ਕਾਂਗਰਸ ਨੂੰ ਨਸ਼ਾ ਮੁਕਤ ਕਰਨਾ ਹੈ। ਲੋਕਾਂ ਨੇ ਕੁਮੈਂਟ ਲਿਖ ਕੇ ਪੁੱਛਿਆ ਹੈ ਕਿ ਬੀਬੀ ਜੀ ਇਹ ਤਾਂ ਦੱਸੋ ਕਿ ਕਾਂਗਰਸ ਕਿਹੜੇ-ਕਿਹੜੇ ਨਸ਼ਿਆਂ ਦਾ ਸੇਵਨ ਕਰਦੀ ਹੈ! ਬੀਬੀ ਸਿੱਧੂ ਵਾਲੀ ਇਸ ਵੀਡੀਓ ਨੂੰ ਲੋਕਾਂ ਨੇ ਸੋਸ਼ਲ ਸਾਈਟਾਂ ਉਤੇ ਭੰਬੀਰੀ ਵਾਂਗ ਘੁਮਾ ਰੱਖਿਆ ਹੈ। ਕਿਸੇ ਨੇ ਲਿਖਿਆ ਹੈ ਕਿ ਕਾਂਗਰਸ ਵਿਚ ਸ਼ਾਮਲ ਹੋਣ ਦਾ ਤਾਜ਼ਾ-ਤਾਜ਼ਾ ਸਰੂਰ ਹੈ।
ਛੋਟੇ ਬਾਦਲ ਦੀਆਂ ਦਿਲ-ਲਗੀਆਂ
ਇਹ ਗੱਲਾਂ ਇਹਨਾਂ ਹੀ ਦਿਨਾਂ ਦੀਆਂ ਹਨ ਕਿ ਛੋਟੇ ਬਾਦਲ ਦੀਆ ਕੁਝ ਵੀਡੀਓਜ਼ ਦੀ ਖਾਸੀ ਚਰਚਾ ਹੈ। ਇੱਕ ਵੀਡੀਓ ਵਿੱਚ ਉਹ ਆਪਣੇ ਵਿਧਾਨ ਸਭਾ ਹਲਕਾ ਜਲਾਲਾਬਾਦ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਖ ਰਹੇ ਕਿ ਮੈਂ ਥੋਨੂੰ ਦਸਦੈਂ ਕਿ ਸਭ ਤੋਂ ਵੱਧ ਨੁਕਸਾਨ ਅਕਾਲੀ ਪਾਰਟੀ ਨੇ ਕੀਤੈ। ਜਦ ਇਹ ਸੁਣ ਕੇ ਲੋਕ ਹੱਸਣ ਲਗਦੇ ਹਨ ਤਾਂ ਛੋਟੇ ਬਾਦਲ ਝਟ ਹੀ ਗੱਲ ਬੋਚ ਲੈਂਦੇ ਹਨ ਤੇ ਆਪਣੀ ਗੱਲ ਦੀ ਸੁਧਵਾਈ ਕਰਦੇ ਕਹਿੰਦੇ ਹਨ ਕਿ ਕਾਂਗਰਸ ਨੇ ਕੀਤੈ। ਆਪਣੇ ਪਿਤਾ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ‘ਆਪਣੇ ਪਿਤਾ ਸਮਾਨ’ ਦੱਸਣ ਵਾਲੀ ਉਹਨਾਂ ਦੀ ਵੀਡੀਓ ਕਾਫੀ ਮਕਬੂਲ ਹੋਈ ਸੀ। ਹੁਣੇ ਹੁਣੇ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਸਭ ਤੋਂ ਬਦਸੂਰਤ ਬਣਾਉਣ ਦਾ ਆਖਣ ਵਾਲੀ ਵੀਡੀਓ ਤਾਂ ਹਰ ਕੋਈ ਸਾਂਝੀ ਕਰੀ ਜਾ ਰਿਹਾ ਹੈ। ਰੈਲੀਆਂ ਵਿਚ ਘਰਾਂ ਵਾਲੀਆਂ ਨੂੰ ਨਾਲ ਲਿਆਉਣ ਅਤੇ ਜਿਹੜਾ ਨਾਲ ਨਾਂ ਲਿਆਊ ਉਹਨਾਂ ਪਾਰਟੀ ਵਿਚੋਂ ਸਸਪੈਂਡ ਕਰਨ ਦੇ ਆਦੇਸ਼ਾਂ ਵਾਲੀ ਵੀਡੀਓ ਵਿਚ ਬਾਦਲ ਇਹ ਵੀ ਕਹਿ ਦਿੰਦੇ ਹਨ ਕਿ ਕਿਤੇ ਆਹ ਟੀ.ਵੀ ਵਾਲੇ ਨਾ ਵੇਖ ਲੈਣ। ਉਸ ਵਕਤ ਉਹ ਖੂਬ ਖੁਸ਼ੀ ਭਰੇ ਤੇ ਜੋਸ਼ੀਲੇ ਮੂਡ ਵਿਚ ਬੋਲ ਰਹੇ ਹਨ। ‘ਪੂਰੇ ਪੰਜਾਬ ਵਿਚ ਥੋਨੂੰ ਕਿਤੇ ਰੇਲਵੇ ਫਾਟਕ ਨਜ਼ਰ ਨਹੀਂ ਆਵੇਗਾ’ ਤੇ ‘ਪਾਣੀ ਵਿਚ ਤਾਂ ਕੀ ਅਸਮਾਨ ਵਿਚ ਬੱਸਾਂ ਚਲਾ ਦਿਆਂਗੇ’ ਇਹ ਵੀਡੀਓ ਵੀ ਘੱਟ ਮੰਨੋਰੰਜਨ ਵਾਲੀਆਂ ਨਹੀਂ ਸਨ।
ਜਰਨਲ ਜੇ. ਜੇ ਸਿੰਘ ਦੀ ਜੋਸ਼ੀ
ਪਟਿਆਲਾ ਤੋਂ ਅਕਾਲੀ ਉਮੀਦਵਾਰ ਜਨਰਲ ਜੇ.ਜੇ ਸਿੰਘ  ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਏਨੇ ਜੋਸ਼ ਵਿੱਚ ਆ ਗਏ ਕਿ ਭੈਣ ਦੀ ਗਾਲ ਤੱਕ ਕੱਢ ਗਏ ਤੇ ਫਿਰ ਮੀਡੀਆ ਕਰਮੀਆਂ ਦੇ ਸਵਾਲਾਂ ਵਿਚ ਘਿਰ ਗਏ। ਕੋਲ ਖਲੋਤੇ ਉਹਨਾਂ ਦੇ ਸਮਰਥਕ ਬਚਾਅ ਕਰਨ ਲੱਗੇ। ਮੀਡੀਆ ਕਰਮੀਆਂ ਨੇ ਘੇਰ ਲਏ ਤੇ ਵਾਰ-ਵਾਰ ਪੁੱਛਿਆ ਕਿ ਇੰਝ ਗਾਲ ਕੱਢਣਾ ਸ਼ੋਭਾ ਦਿੰਦਾ ਹੈ ਤਾਂ ਜਰਨਲ ਸਾਹਿਬ ਨੇ ਕਿਹਾ ਕਿ ਮੇਰੇ ਜਜ਼ਬਾਤ ਹਨ, ਗਾਲਾਂ ਨਹੀਂ ਹਨ, ਮੇਰੇ ਜਜਬਾਤਾਂ ਗਾਲਾਂ ਵਿਚ ਨਾ ਬਦਲੋ।
[email protected]

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 16ਵੀਂ ਸਹਿਜ-ਸੁਖਾਵੇਂ ਹਾਲਾਤ ਦੇ ਫਲਸਰੂਪ ਮੇਰੀ ਸੁੱਕ ਚੁੱਕੀ ਸਿਰਜਣਾਤਮਿਕ ਨਦੀ ਮੁੜ ਸਿੰਮ …