Breaking News
Home / ਨਜ਼ਰੀਆ / ਬਿਜੜਾ, ਲੱਕੜਹਾਰਾ ਅਤੇ ਜੰਗਲ

ਬਿਜੜਾ, ਲੱਕੜਹਾਰਾ ਅਤੇ ਜੰਗਲ

ਡਾ. ਡੀ ਪੀ ਸਿੰਘ
ਪਾਤਰ:
ਬਿਜੜਾ : ਬਿਜੜੇ ਵਰਗਾ ਪਹਿਰਾਵਾ ਪਾਈ ਇਕ ਕਲਾਕਾਰ।
ਲੱਕੜਹਾਰਾ: ਲੱਕੜਹਾਰੇ ਦੇ ਰੂਪ ਵਿਚ ਇਕ ਕਲਾਕਾਰ (ਤੇੜ ਤੰਬਾ ਲਾਈ, ਮੋਢੇ ਉੱਤੇ ਪਰਨਾ ਰੱਖੀ ਤੇ ਹੱਥ
ਵਿਚ ਕੁਹਾੜਾ ਫੜੀ)
ਲੱਕੜਹਾਰੇ ਦੀ ਪਤਨੀ ਤੇ ਬੱਚੇ
ਬਿਜੜੇ ਦੇ ਬੱਚੇ : 2 ਛੋਟੇ ਬੱਚੇ ਬਿਜੜੇ ਦੀ ਪੁਸ਼ਾਕ ਪਾਈ।
ਪਸ਼ੂ- ਪੰਛੀ: 2 ਜਾਂ 3 ਬੱਚੇ ਚਿੜੀ, ਕਬੂਤਰ, ਹਿਰਨ ਜਾਂ ਮੌਰ ਦੀ ਪੁਸ਼ਾਕ ਪਾਈ।
ਪਟਕਥਾ
ਪਹਿਲੀ ਝਾਕੀ
(ਸਟੇਜ ਉੱਤੇ ਹਨੇਰਾ ਹੈ। ਦਰਸ਼ਕਾਂ ਨੂੰ ਠੱਕ ਠੱਕ ਦੀ ਆਵਾਜ਼ ਸੁਣਾਈ ਦੇ ਰਹੀ ਹੈ ਜਿਵੇਂ ਕਿਸੇ ਰੁੱਖ ਨੂੰ ਕੁਹਾੜੇ ਨਾਲ ਵੱਢਿਆ ਜਾ ਰਿਹਾ ਹੋਵੇ। ਸਟੇਜ ਉੱਤੇ ਰੌਸ਼ਨੀ ਪੈਦੀ ਹੈ। ਸਟੇਜ ਦੇ ਠੀਕ ਵਿਚਕਾਰ ਵੱਡਾ ਰੁੱਖ ਮੌਜੂਦ ਹੈ ਜਿਸ ਉਤੇ ਬਿਜੜੇ ਦਾ ਆਲ੍ਹਣਾ ਲਟਕ ਰਿਹਾ ਹੈ। ਕੋਲ ਛੋਟੇ ਛੋਟੇ ਰੁੱਖ ਜੰਗਲ ਦੀ ਹੌਂਦ ਦੀ ਦੱਸ ਪਾ ਰਹੇ ਹਨ।
ਦੂਰ ਪਰੇ ਕੱਟੇ ਹੋਏ ਰੁੱਖਾਂ ਦੇ ਮੁੱਢ ਨਜ਼ਰ ਆ ਰਹੇ ਹਨ। ਸਟੇਜ ਵਿਚਕਾਰਲੇ ਵੱਡੇ ਰੁੱਖ ਕੋਲ ਇਕ ਲੱਕੜਹਾਰਾ ਹੱਥ ਵਿਚ ਕੁਹਾੜਾ ਚੁੱਕੀ ਰੁੱਖ ਨੂੰ ਵੱਢਣ ਲਈ ਤਿਆਰੀ ਵਿਚ ਹੈ। ਬਿਜੜਾ ਪ੍ਰੇਸ਼ਾਨੀ ਦੀ ਹਾਲਤ ਵਿਚ ਸਟੇਜ ਉਪਰ ਆਉਂਦਾ ਹੈ।)
ਬਿਜੜਾ : ਠਹਿਰੋ… ਠਹਿਰੋ… ਇਹ ਕੀ ਕਰ ਰਿਹਾ ਹੈ ਤੂੰ ?
ਲੱਕੜਹਾਰਾ: ਮੈਂ ਦਰਖਤ ਕੱਟਣ ਲੱਗਾ ਹਾਂ।
(ਉਹ ਕੁਹਾੜੇ ਨੁੰ ਉੱਚਾ ਚੁੱਕ ਰੁੱਖ ਉੱਤੇ ਵਾਰ ਕਰਨ ਲੱਗਦਾ ਹੈ।)
ਬਿਜੜਾ: ਰੁਕ ਜਾ ।
ਲੱਕੜਹਾਰਾ: ਕਿਉਂ?
2
ਬਿਜੜਾ : ਤੂੰ ਤਾਂ ਮੇਰਾ ਘਰ ਢਾਹੁਣ ਜਾ ਰਿਹਾ ਹੈ।
(ਲੱਕੜਹਾਰਾ ਹੈਰਾਨੀ ਵਿਚ ਇਧਰ ਉਧਰ ਦੇਖਦਾ ਹੈ।)
ਲੱਕੜਹਾਰਾ: ਤੇਰਾ ਘਰ? …ਇਹ ਰੁੱਖ?
ਬਿਜੜਾ : ਹਾਂ ਹਾਂ! ਮੈਂ ਇਸੇ ਰੁੱਖ ਉੱਤੇ ਰਹਿੰਦਾ ਹਾਂ।
ਲੱਕੜਹਾਰਾ: ਸੱਚੀ?
ਬਿਜੜਾ : ਹਾਂ ਹਾਂ! ਬਿਜੜੇ ਰੁੱਖਾਂ ਉੱਤੇ ਹੀ ਤਾਂ ਰਹਿੰਦੇ ਨੇ। ਤੈਨੂੰ ਨਹੀਂ ਪਤਾ?
ਲੱਕੜਹਾਰਾ: ਆਹੋ! ਸ਼ਾਇਦ! ਤੂੰ ਠੀਕ ਹੀ ਕਹਿੰਦਾ ਹੈ। ਪਰ ਹੁਣ ਤੂੰ ਹਟ ਪਰ੍ਹੇ, ਮੇਰਾ ਟੈਮ ਨਾ ਖੋਟਾ ਕਰ, ਮੈਂ ਤਾਂ ਇਹ ਰੁੱਖ ਵੱਢਣਾ ਹੈ। (ਕੁਹਾੜੀ ਨੂੰ ਉਪਰ ਵੱਲ ਚੁੱਕ ਟੱਕ ਲਾਉਣ ਲਈ ਤਿਆਰ ਹੁੰਦਾ ਹੈ।)
ਬਿਜੜਾ : ਠਹਿਰ ਜ਼ਰਾ! ਮੇਰੀ ਗੱਲ ਤਾਂ ਸੁਣ ਲੈ।
ਲੱਕੜਹਾਰਾ: ਹੁਣ ਹੋਰ ਕਿਹੜੀ ਗੱਲ ਕਰਨੀ ਏ ਤੂੰ ? …ਜਲਦੀ ਜਲਦੀ ਬਕ ਤੇ ਤਿੱਤਰ ਹੋ ਇਥੋਂ।
ਬਿਜੜਾ: ਐ ਦੋਸਤ! ਮੇਰਾ ਆਲ੍ਹਣਾ ਇਸੇ ਰੁੱਖ ਉੱਤੇ ਹੈ। ਤੀਲਾ ਤੀਲਾ ਜੋੜ ਬਣਾਇਆ ਹੈ ਮੈਂ ਉਸ ਨੂੰ, ਬਹੁਤ ਮੁਸ਼ਕਲ ਨਾਲ । ਮੈਂ ਉਸ ਨੂੰ ਕਿਧਰੇ ਚੁੱਕ ਕੇ ਲਿਜਾ ਨਹੀਂ ਸਕਦਾ? ਇੰਝ ਇਹ ਰੁੱਖ ਹੀ ਮੇਰਾ ਘਰ ਹੈ। ਰਹਿਮ ਕਰ ਤੇ ਇਸ ਨੂੰ ਨਾ ਵੱਢ।
ਲੱਕੜਹਾਰਾ: ਨਹੀਂ ਨਹੀਂ! ਮੈਨੂੰ ਤਾਂ ਇਸ ਰੁੱਖ ਦੀ ਲੱਕੜ ਚਾਹੀਦੀ ਹੈ। ਇਸ ਲਈ ਮੈਂ ਤਾਂ ਇਸ ਨੂੰ ਵੱਢਾਗਾਂ ਹੀ।
ਬਿਜੜਾ : ਪਰ ਕਿਉਂ?
ਲੱਕੜਹਾਰਾ: ਰੁੱਖ ਦੀ ਲੱਕੜ ਨੂੰ ਮੈਂ ਵੇਚ ਕੇ ਮੈਨੂੰ ਪੈਸੇ ਮਿਲਣਗੇ। ਜਿਸ ਨਾਲ ਮੈਂ ਆਪਣੇ ਬੱਚਿਆਂ ਲਈ ਖਾਣਾ ਖਰੀਦਾਗਾਂ।
ਬਿਜੜਾ : ਹੱਛਾ! ਪਰ ਪੈਸੇ ਦੇ ਲਾਲਚ ਵਿਚ ਤੂੰ ਕੀ ਕਿਸੇ ਦਾ ਵੀ ਘਰ ਬਰਬਾਦ ਕਰ ਸਕਦਾ ਹੈ?
ਲੱਕੜਹਾਰਾ: ਹੂੰ! ਨਹੀਂ ਤਾਂ। (ਸੋਚਦਾ ਹੋਇਆ) ਮੈਂ ਭਲਾ ਹੋਰ ਕੀ ਕਰਾਂ ? ਮੈੰ ਆਪਣੇ ਬੱਚਿਆਂ ਨੂੰ ਭੁੱਖਾ ਵੀ ਤਾਂ
ਨਹੀਂ ਮਾਰ ਸਕਦਾ।
3
ਬਿਜੜਾ : ਮੈਂ ਤੇ ਮੇਰੇ ਬੱਚੇ ਇਸ ਰੁੱਖ ਉੱਤੇ ਕਈ ਸਾਲਾਂ ਤੋਂ ਰਹਿ ਰਹੇ ਹਾਂ। ਤੇ ਕਈ ਹੋਰ ਪੰਛੀ ਤੇ ਉਹਨਾਂ ਦੇ ਪਰਿਵਾਰ ਵੀ। ਕੀ ਤੂੰ ਸਾਨੂੰ ਸੱਭ ਨੂੰ ਉਜਾੜ ਦੇਵੇਂਗਾ। ਇਹ ਤਾਂ ਬਹੁਤ ਮਾੜੀ ਗੱਲ ਹੈ।
ਲੱਕੜਹਾਰਾ: (ਜ਼ਿੱਦ ਕਰਦੇ ਹੋਏ) ਮੇਰੇ ਬੱਚਿਆਂ ਦਾ ਪੇਟ ਭਰਨ ਲਈ ਮੈਨੂੰ ਪੈਸੇ ਦੀ ਲੋੜ ਹੈ।
ਬਿਜੜਾ: ਕੀ ਤੂੰ ਕਿਸੇ ਹੋਰ ਢੰਗ ਨਾਲ ਪੈਸਾ ਨਹੀਂ ਕਮਾ ਸਕਦਾ?
ਲੱਕੜਹਾਰਾ: ਰੁੱਖ ਵੱਢਣ ਤੋਂ ਬਿਨ੍ਹਾਂ ਤਾਂ ਮੈਂਨੂੰ ਕੋਈ ਹੋਰ ਕੰਮ ਆਉਂਦਾ ਨਹੀਂ। ਸਾਰੀ ਉਮਰ ਮੈਂ ਇਹੋ ਹੀ ਕੰਮ ਕੀਤਾ ਹੈ।
ਬਿਜੜਾ: ਜ਼ੂਰਰ ਕੋਈ ਨਾ ਕੋਈ ਹੋਰ ਕੰਮ ਹੋਵੇਗਾ, ਜੋ ਤੂੰ ਕਰ ਸਕਦਾ ਹੈ। ਅਜਿਹਾ ਕੰਮ ਜੋ ਤੈਨੂੰ ਵਧੇਰੇ ਚੰਗਾ ਵੀ ਲਗਦਾ ਹੋਵੇ।
ਲੱਕੜਹਾਰਾ: ਮੈਨੂੰ ਬੰਸਰੀ ਵਜਾਉਣਾ ਚੰਗਾ ਲੱਗਦਾ ਹੈ। ਜਦੋਂ ਮੈਂ ਬੰਸਰੀ ਵਜਾਉਂਦਾ ਹਾਂ ਤਾਂ ਰੁੱਖ ਤੇ ਪੌਦੇ ਝੂੰਮਣ ਲਗਦੇ ਹਨ, ਪਸ਼ੂ ਤੇ ਪੰਛੀ ਮੇਰੀ ਬੰਸਰੀ ਦੀ ਧੁੰਨ ਨਾਲ ਮਸਤ ਹੋ ਆਪਣੇ ਕੰਮ-ਕਾਰ ਭੁਲ ਮੇਰੇ ਗਿਰਦ ਆ ਜੁੜਦੇ ਨੇ।
ਬਿਜੜਾ: ਵਾਹ! ਤਦ ਤਾਂ ਤੂੰ ਬੰਸਰੀ ਬਹੁਤ ਵਧੀਆ ਵਜਾਉਂਦਾ ਹੋਵੇਗਾ!
ਲੱਕੜਹਾਰਾ: (ਸੁਪਨਮਈ ਹਾਲਤ ਵਿਚ) ਹਾਂ ਤਾਂ! ਬੰਸਰੀ ਵਜਾਉਣਾ ਮੈਨੂੰ ਬਹੁਤ ਹੀ ਪਸੰਦ ਹੈ। ਆਹ ਦੇਖ ਇਹ ਹੈ ਮੇਰੀ ਬੰਸਰੀ (ਡੱਬ ਵਿਚੋਂ ਬੰਸਰੀ ਕੱਢ ਕੇ ਦਿਖਾਉਂਦਾ ਹੋਇਆ।)। ਮੈਂ ਇਸ ਨੂੰ ਹਰ ਸਮੇਂ ਆਪਣੇ ਨਾਲ ਰੱਖਦਾ ਹਾਂ।
ਬਿਜੜਾ: ਬਹੁਤ ਖੂਬ! ਮੇਰਾ ਖਿਆਲ ਹੈ ਕਿ ਰੁੱਖ ਕੱਟਣ ਨਾਲੋਂ ਕਿਤੇ ਵਧੀਆ ਤੂੰ ਬੰਸਰੀ ਵਜਾਉਣ ਦਾ ਕੰਮ ਕਰ ਸਕਦਾ ਹੈ।
ਲੱਕੜਹਾਰਾ: ਪਰ ਰੁੱਖਾਂ ਨੂੰ ਕੱਟਣ ‘ਤੇ ਵੱਧ ਪੈਸੇ ਮਿਲਦੇ ਨੇ ਇਸ ਕੰਮ ਨਾਲੋਂ ।
ਬਿਜੜਾ: ਹੂੰ! ਪਰ ਕਈ ਚੀਜ਼ਾਂ ਪੈਸੇ ਨਾਲੋਂ ਵੀ ਵਧੇਰੇ ਕੀਮਤੀ ਹੁੰਦੀਆਂ ਹਨ ਦੁਨੀਆਂ ਵਿਚ।
ਲੱਕੜਹਾਰਾ: ਭਲਾ ਕਿਹੜੀਆਂ?
ਬਿਜੜਾ: ਜਿਵੇਂ ਹਵਾ ਤੇ ਪਾਣੀ ਨੂੰ ਸ਼ੁੱਧ ਰੱਖਣਾ। …ਰੁੱਖਾਂ ਦੀ ਸਾਂਭ ਸੰਭਾਲ।
ਲੱਕੜਹਾਰਾ: ਮੈਂ ਜਾਂ ਮੇਰੇ ਸਾਥੀਆਂ ਨੇ ਤਾਂ ਇਨ੍ਹਾਂ ਨੂੰ ਕਦੇ ਕੁਝ ਨਹੀਂ ਕਿਹਾ। ਸਿਵਾਏ ਕਦੇ ਕਦੇ ਲੱਕੜ ਲੈਣ ਲਈ ਰੁੱਖਾਂ ਦੀ ਕਟ-ਕਟਾਈ ਦੇ।
4
ਬਿਜੜਾ: ਯਾਦ ਏ ਜਦ ਨਦੀ ਦੇ ਦੂਜੇ ਕਿਨਾਰੇ ਵਾਲਾ ਜੰਗਲ ਵੱਢ ਸੁੱਟਿਆ ਸੀ ਤੇਰੇ ਸਾਥੀਆਂ ਨੇ।
ਲੱਕੜਹਾਰਾ: ਤਾਂ ਫਿਰ?
ਬਿਜੜਾ: ਉਥੇ ਵਸਦੇ ਸਾਰੇ ਪਸ਼ੂ਼ ਤੇ ਪੰਛੀ ਬੇਘਰ ਹੋ ਗਏ ਸਨ। ਉਨ੍ਹਾਂ ਨੂੰ ਇਹ ਇਲਾਕਾ ਛੱਡ ਕਿਧਰੇ ਹੋਰ ਦੂਰ ਦੁਰੇਡੇ ਜਾਣਾ ਪਿਆ ਸੀ।
ਲੱਕੜਹਾਰਾ: ਤਾਂ ਕੀ ਹੋਇਆ? ਉਨ੍ਹਾਂ ਨੂੰ ਕਿਧਰੇ ਹੋਰ ਘਰ ਮਿਲ ਤਾਂ ਗਿਆ।
ਬਿਜੜਾ: ਜ਼ਰਾ ਸੋਚ ! ਜੇ ਸਾਰੇ ਜੰਗਲ ਵੱਢ ਦਿੱਤੇ ਜਾਣ ਤਾਂ ਕੀ ਹੋਵੇਗਾ?
ਲੱਕੜਹਾਰਾ: ਅਜਿਹਾ ਤਾਂ ਨਹੀਂ ਹੋ ਸਕਦਾ।
ਬਿਜੜਾ: ਓਹ ਦੇਖ। (ਕੱਟੇ ਹੋਏ ਰੁੱਖਾਂ ਦੇ ਮੁੱਢਾਂ ਵੱਲ ਇਸ਼ਾਰਾ ਕਰਦਾ ਹੋਇਆ।) ਤੇਰੇ ਸਾਹਮਣੇ ਹੀ ਤਾਂ ਹੈ ।
ਕੱਟੇ ਹੋਏ ਜੰਗਲ ਦੇ ਨਿਸ਼ਾਨ। …ਹੁਣ ਤਾਂ ਇਹ ਰੁਝਾਣ ਵਧਦਾ ਹੀ ਜਾ ਰਿਹਾ ਹੈ। (ਆਲੇ ਦੁਆਲੇ ਖੜੇ ਰੁੱਖਾਂ
ਵੱਲ ਇਸ਼ਾਰਾ ਕਰਦਾ ਹੋਇਆ।)…ਤੇ ਹੁਣ ਇਸ ਜੰਗਲ ਦੀ ਵਾਰੀ ਹੈ।
ਲੱਕੜਹਾਰਾ: ਤਾਂ ਕੀ ਏ?
ਬਿਜੜਾ: ਜੰਗਲ ਦੇ ਸਾਰੇ ਵਾਸੀ ਉਜੜ ਜਾਣਗੇ। ਦੂਰ ਦੁਰੇਡੇ ਥਾਵਾਂ ਵਿਖੇ ਆਪਣਾ ਵਸੇਰਾ ਭਾਲਣਗੇ। ਕਈ ਤਾਂ ਉੱਜੜੇ ਘਰਾਂ ਦੇ ਦਰਦ ਨਾਲ ਹੀ ਮਰ ਜਾਣਗੇ। …ਤੇ ਕੁਝ ਇਨ੍ਹਾਂ ਘਰਾਂ ਦੀਆਂ ਯਾਦਾਂ ਦਾ ਦਰਦ ਹੰਢਾਉਣਗੇ।
… ਅਤੇ ਇਸ ਇਲਾਕੇ ਦੇ ਬੱਚੇ-ਬੁੱਢੇ ਸਾਨੂੰ ਦੇਖਣ ਨੂੰ ਤਰਸਣਗੇ। ਕੀ ਤੁੰ ਚਾਹੁੰਦਾ ਹੈ ਕਿ ਅਸੀਂ ਸਦਾ ਲਈ ਮਰ-ਮੁੱਕ ਜਾਈਏ?
ਲੱਕੜਹਾਰਾ: ਨਹੀਂ, ਨਹੀਂ । ਮੈਂ ਤਾਂ ਅਜਿਹਾ ਨਹੀਂ ਚਾਹੁੰਦਾ।
ਬਿਜੜਾ: ਤੂੰ ਕੋਈ ਹੋਰ ਕੰਮ ਲੱਭ ਲੈ ਨਹੀਂ ਤਾਂ ਸਾਰੇ ਰੁੱਖ ਖਤਮ ਹੋ ਜਾਣਗੇ। ਤਦ ਨਾ ਤਾਂ ਅਸੀਂ ਬਚਾਂਗੇ ਤੇ ਨਾ ਹੀ ਤੂੰ।
ਲੱਕੜਹਾਰਾ: ਤੇਰਾ ਕੀ ਮਤਲਬ ? ਮੈਂ ਵੀ ਨਹੀਂ ਬਚਾਗਾਂ। ਉਹ ਕਿਵੇਂ?
ਬਿਜੜਾ: ਜਦ ਰੁੱਖ ਨਹੀਂ ਹੋਣਗੇ ਤਾਂ ਤੂੰ ਕੀ ਕਰੇਗਾ? ਆਪਣੇ ਬੱਚਿਆਂ ਦੇ ਖਾਣੇ ਲਈ ਕਿਥੋਂ ਪੈਸੇ ਲਿਆਵੇਗਾ?
5
ਲੱਕੜਹਾਰਾ: ਓਹ ਹੋ! ਮੈਂ ਤਾਂ ਇਹ ਸੋਚਿਆ ਹੀ ਨਹੀਂ।
ਬਿਜੜਾ: ਜ਼ਰਾ ਸੋਚ ਤਾਂ, ਜੇ ਸੱਚ ਹੀ ਅਜਿਹਾ ਹੋ ਗਿਆ ਤਾਂ ਕੀ ਕਰੇਗਾ ਤੂੰ।
ਲੱਕੜਹਾਰਾ: ਹੂੰ! (ਇਧਰ ਉਧਰ ਦੇਖਦਾ ਹੋਇਆ) ਵਧੇਰੇ ਰੁੱਖ ਨੇ ਇਥੇ। ਮੇਰੇ ਜੀਵਨ ਵਿਚ ਤਾਂ ਇਹ ਮੁੱਕਦੇ ਨਹੀਂ।
ਬਿਜੜਾ: ਜਾਣਦਾ ਹੈ ਤੇਰੇ ਬੱਚਿਆਂ ਦੇ ਸਮੇਂ ਕੀ ਹੋਵੇਗਾ?
ਲੱਕੜਹਾਰਾ: ਕੀ ਹੋਵੇਗਾ ਤਦ?
ਬਿਜੜਾ: ਜਿਸ ਤੇਜ਼ੀ ਨਾਲ ਅੱਜ ਕਲ ਰੁੱਖ ਕੱਟੇ ਜਾ ਰਹੇ ਹਨ, ਉਨ੍ਹਾ ਦੇ ਸਮੇਂ ਤਕ ਇਹ ਸਾਰੇ ਖਤਮ ਹੋ ਜਾਣਗੇ।
ਲੱਕੜਹਾਰਾ: ਤਦ ਉਹ ਹੋਰ ਰੁੱਖ ਲਗਾ ਲੈਣਗੇ।
ਬਿਜੜਾ: ਬਹੁਤ ਸਮਾਂ ਲਗਦਾ ਹੈ ਪੌਦਿਆਂ ਨੂੰ ਰੁੱਖ ਬਨਣ ਵਿਚ। ਤਦ ਕਿਧਰੇ ਉਹ ਪਸ਼ੂਆਂ ਤੇ ਪੰਛੀਆਂ ਦੇ ਵਸੇਰੇ ਦੇ ਯੋਗ ਹੁੰਦੇ ਹਨ।
ਲੱਕੜਹਾਰਾ: ਚਲ, ਕੁਝ ਤਾਂ ਹਲ ਹੈ ਹੀ।
ਬਿਜੜਾ: ਹਾਂ ਹੈ ਤਾਂ ਸਹੀ।
ਲੱਕੜਹਾਰਾ: ਤਾਂ ਫਿਰ ਠੀਕ ਹੈ। ਜਦੋਂ ਰੁੱਖ ਮੁੱਕ ਜਾਣਗੇ, ਅਸੀਂ ਹੋਰ ਰੁੱਖ ਲਾ ਲਵਾਂਗੇ।
ਬਿਜੜਾ: ਇਹ ਕਾਫ਼ੀ ਨਹੀਂ।
ਲੱਕੜਹਾਰਾ: ਚਲ ਚੁੱਪ ਕਰ ਹੁਣ। ਬਹੁਤ ਬਕ ਬਕ ਕਰਦਾ ਹੈ ਤੂੰ। ਮੇਰਾ ਤਾਂ ਸਿਰ ਹੀ ਖਾ ਲਿਆ ਤੇਰੀ ਬਕ ਬਕ ਨੇ। … ਐਵੇਂ ਵਾਧੂ ਸੋਚੀ ਜਾਣ ਦਾ ਕੀ ਫਾਇਦਾ?
ਬਿਜੜਾ: ਚੰਗੇ ਭਵਿੱਖ ਦੀ ਸਿਰਜਣਾ ਲਈ ਸੋਚਣਾ ਜ਼ਰੁਰੀ ਹੁੰਦਾ ਹੈ। …ਤੂੰ ਤਾਂ ਆਪਣੇ ਭਵਿੱਖ ਬਾਰੇ ਬਹੁਤ ਹੀ
ਲਾਪਰਵਾਹ ਹੈ। ਜ਼ਰਾ ਨਹੀਂ ਸੋਚਦਾ।
ਲੱਕੜਹਾਰਾ: ਤੂੰ ਜੋ ਕੁਝ ਕਹਿ ਰਿਹਾ ਹੈ, ਮੈਨੂੰ ਨਹੀਂ ਲਗਦਾ ਇਹ ਸੱਚ ਹੋਵੇ। …ਮੈਨੁੰ ਤਾਂ ਇਹ ਗੱਪਾਂ
ਲਗਦੀਆਂ ਨੇ। … ਮੈਨੂੰ ਨਹੀਂ ਭਰੋਸਾ ਤੇਰੀਆਂ ਗੱਲਾਂ ਉੱਤੇ।
ਬਿਜੜਾ: ਓਹ ਜ਼ਿੱਦੀ ਆਦਮੀ! ਤੂੰ ਨਹੀਂ ਜਾਣਦਾ ਰੁੱਖਾਂ ਦੇ ਵੱਢਣ ਦੇ ਕੀ ਦੁੱਖ ਹਨ। ਪਰ ਮੈਂ ਜਾਣਦਾ ਹਾਂ।
6
ਲੱਕੜਹਾਰਾ: ਵਾਹ ਓਏ ਸਿਆਣਿਆ! ਜ਼ਰਾ ਦਸ ਖਾਂ ਕੀ ਦੁੱਖ ਨੇ ਇਹ! ਜੋ ਮੈਨੂੰ ਨਹੀਂ ਪਤਾ।
ਬਿਜੜਾ: ਰੁੱਖਾਂ ਦੇ ਵੱਢਣ ਨਾਲ ਪੰਛੀਆਂ ਦੇ ਘਰ-ਘਾਟ ਤਬਾਹ ਹੋ ਜਾਂਦੇ ਹਨ। ਪਸ਼ੂਆਂ ਲਈ ਚਾਰੇ ਦੀ ਘਾਟ ਪੈਦਾ ਹੁੰਦੀ ਹੈ। ਜੰਗਲ-ਬੇਲਿਆਂ ਦੀ ਘਾਟ, ਜੰਗਲੀ ਜਾਨਵਰਾਂ ਨੂੰ ਉਨ੍ਹਾਂ ਦੇ ਕੁਦਰਤੀ ਘਰ-ਘਾਟ ‘ਚੋਂ ਬੇਦਖਲ ਕਰ ਦਿੰਦੀ ਹੈ। ਉਨ੍ਹਾਂ ਨੂੰ ਜੀਵਨ ਜਿਊਣ ਲਈ ਨਵੇਂ ਜੰਗਲ-ਬੇਲਿਆਂ ਦੀ ਭਾਲ ਕਰਨੀ ਪੈਂਦੀ ਹੈ।ਅਜਿਹੀ ਚੱਕ-ਥੱਲ ਵਿਚ ਤਾਂ ਕਈ ਪਸ਼ੂ-ਪੰਛੀ ਮਰ ਹੀ ਜਾਦੇ ਹਨ।
ਲੱਕੜਹਾਰਾ: ਹਾਂ ! ਗੱਲ ਤਾਂ ਤੇਰੀ ਠੀਕ ਹੈ।
ਬਿਜੜਾ: ਰੁੱਖ ਗੰਦੀ ਹਵਾ ਨੂੰ ਸਾਫ਼ ਕਰਦੇ ਨੇ ਤੇ ਸਾਨੂੰ ਸੱਭ ਨੂੰ ਸਾਹ ਲੈਣ ਲਈ ਸ਼ੁੱਧ ਹਵਾ ਦਿੰਦੇ ਨੇ।
ਲੱਕੜਹਾਰਾ: ਕੀ ਇਹ ਸੱਚ ਹੈ?
ਬਿਜੜਾ: ਬਿਲਕੁਲ ਸੱਚ।
ਲੱਕੜਹਾਰਾ: ਉਹ ਕਿਵੇਂ?
ਬਿਜੜਾ: ਜੋ ਹਵਾ ਅਸੀਂ ਸਾਹ ਰਾਹੀਂ ਬਾਹਰ ਕੱਢਦੇ ਹਾਂ, ਉਹ ਹਵਾ ਰੁੱਖ ਆਪਣੇ ਸਾਹ ਰਾਹੀਂ ਅੰਦਰ ਖਿੱਚ ਲੈਂਦੇ ਨੇ। ਜੋ ਹਵਾ ਰੁੱਖ ਸਾਹ ਰਾਹੀਂ ਬਾਹਰ ਕੱਢਦੇ ਹਨ, ਉਹ ਹਵਾ ਅਸੀਂ ਆਪਣੇ ਸਾਹ ਰਾਹੀਂ ਅੰਦਰ ਖਿੱਚ ਲੈਂਦੇ ਨੇ।
ਲੱਕੜਹਾਰਾ: ਹੱਛਾ ! ਬੜੀ ਹੈਰਾਨੀ ਵਾਲੀ ਗੱਲ ਹੈ ਇਹ ਤਾਂ।
ਬਿਜੜਾ: ਰੁੱਖਾਂ ਤੋਂ ਮਿਲਦੀ ਹਵਾ ਸੁੱ਼ਧ ਹੁੰਦੀ ਹੈ। ਜੇਕਰ ਸਾਰੇ ਰੁੱਖ ਵੱਢ ਦਿੱਤੇ ਗਏ ਤਾਂ ਗੰਦੀ ਹਵਾ ਨੂੰ ਸਾਫ਼ ਕਰਨ ਵਾਲਾ ਕੋਈ ਨਹੀਂ ਹੋਵੇਗਾ।
ਲੱਕੜਹਾਰਾ: ਤੈਨੂੰ ਪੱਕਾ ਪਤਾ ਹੈ ਇਹ?
ਬਿਜੜਾ: ਜ਼ਰਾ ਸੋਚ! ਵੱਡੇ ਸ਼ਹਿਰਾਂ ਵਿਚ ਗੰਦੀ ਹਵਾ ਐਨੀ ਵਧੇਰੇ ਕਿਉਂ ਹੁੰਦੀ ਹੈ? … ਉਥੇ ਰੁੱਖ ਘੱਟ ਤੇ ਹਵਾ ਗੰਦੀ ਕਰਨ ਵਾਲੇ ਬਹੁਤੇ ਜੂ ਹੋਏ।
ਲੱਕੜਹਾਰਾ: (ਸੋਚ ਭਰੀ ਮੁਦਰਾ ਵਿਚ) ਹਾਂ ਗੱਲ ਤਾਂ ਠੀਕ ਹੈ।
ਬਿਜੜਾ: ਰੁੱਖਾਂ ਬਿਨ੍ਹਾਂ ਹਵਾ ਸਾਹ ਲੈਣ ਯੋਗ ਨਹੀਂ ਰਹੇਗੀ।
ਲੱਕੜਹਾਰਾ: ਕੀ ਸੱਚ ਹੀ ਇੰਝ ਹੋਵੇਗਾ?
7
ਬਿਜੜਾ: ਜੇ ਮਨੁੱਖ ਨੇ ਸਾਰੇ ਰੁੱਖ ਵੱਢ ਦਿੱਤੇ ਤਾਂ ਹੋਰ ਵੀ ਭੈੜੇ ਨਤੀਜੇ ਭੁਗਤਣੇ ਪੈਣਗੇ।
ਲੱਕੜਹਾਰਾ: ਗੱਲਾਂ ਤਾਂ ਤੇਰੀਆਂ ਠੀਕ ਨੇ। ਪਰ ਪਰਿਵਾਰ ਪਾਲਣ ਲਈ ਰੁੱਖ ਤਾਂ ਮੈਨੂੰ ਵੱਢਣਾ ਹੀ ਪੈਣਾ ਹੈ।
ਬਿਜੜਾ: ਲਗਦਾ ਹੈ ਤੂੰ ਆਪਣੀ ਜਿਦ ਨਹੀਂ ਛੱਡੇਗਾ। …ਮੈਨੂੰ ਹੀ ਆਪਣਾ ਬੋਰੀਆ ਬਿਸਤਰਾ ਗੋਲ ਕਰਨਾ ਹੋਵੇਗਾ। (ਬਿਜੜਾ ਆਲਣੇ ਵਿਚੋਂ ਝਾਂਕ ਰਹੇ ਆਪਣੇ ਬੱਚਿਆਂ ਨੂੰ ਵਾਜ ਮਾਰਦਾ ਹੈ।) ਆਉ ਬੱਚਿਓ … ਚਲੋ ਚਲੀਏ। (ਬਿਜੜਾ ਜਾਣ ਲਗਦਾ ਹੈ।)
ਲੱਕੜਹਾਰਾ: ਠਹਿਰ ਜ਼ਰਾ। …ਰੁਕ ਜਾ। (ਬਿਜੜਾ ਰੁਕ ਜਾਂਦਾ ਹੈ।)
ਬਿਜੜਾ: ਹਾਂ। … ਦਸ ਕੀ ਕਹਿਣਾ ਚਾਹੁੰਦਾ ਹੈ ਤੂੰ?
ਲੱਕੜਹਾਰਾ: (ਪਲ ਕੁ ਲਈ ਸੋਚਦਾ ਹੋਇਆ) ਜੇ ਮੈਂ ਕੁਝ ਕੁ ਰੁੱਖ ਵੱਢ ਲਵਾਂ ਤੇ ਬਾਕੀ ਦੇ ਜੰਗਲੀ ਜੀਵਾਂ ਲਈ
ਛੱਡ ਦਿਆਂ।ਤਾਂ ਅਸੀਂ ਦੋਨੋਂ ਹੀ ਖੁਸ਼ ਰਹਿ ਸਕਦੇ ਹਾਂ।
ਬਿਜੜਾ: ਮੈਂ ਨਹੀਂ ਚਾਹੁੰਦਾ ਕੇ ਤੂੰ ਇਕ ਵੀ ਰੁੱਖ ਵੱਢੇ। ਜਦ ਵੀ ਕੋਈ ਰੁੱਖ ਵੱਢਿਆ ਜਾਂਦਾ ਹੈ ਧਰਤੀ ਨੂੰ ਖਤਰਾ
ਹੋਰ ਵੱਧ ਜਾਦਾ ਹੈ।
ਲੱਕੜਹਾਰਾ: ਪਰ ਮੈਂ ਤੇ ਮੇਰਾ ਪਰਿਵਾਰ ਵੀ ਤਾਂ ਜੀਣਾ ਚਾਹੁੰਦਾ ਹੈ।
ਬਿਜੜਾ: ਹਾਂ। ਉਹ ਤਾਂ ਠੀਕ ਹੈ। (ਕੁਝ ਸੋਚਦਾ ਹੋਇਆ) ਸ਼ਾਇਦ ਅਸੀਂ ਇਕੱਠੇ ਜੀਵਨ ਜੀਉਂ ਸਕਦੇ ਹਾਂ ਪਰ ਇਹ ਵੀ ਸੱਚ ਹੈ ਕਿ ਜਦ ਵੀ ਕੋਈ ਰੁੱਖ ਕੱਟਿਆ ਜਾਂਦਾ ਹੈ ਵਾਤਾਵਰਣ ਥੋੜ੍ਹਾ ਹੋਰ ਗੜਬੜਾ ਜਾਂਦਾ ਹੈ।
ਲੱਕੜਹਾਰਾ: ਹਾਂ! ਹਾਂ! ਗੰਦੀ ਹਵਾ ਦੀ ਮਾਤਰਾ ਵੱਧ ਜਾਂਦੀ ਹੈ।
ਬਿਜੜਾ: ਤੂੰ ਕਦੇ ਆਲੇ ਦੁਆਲੇ ਫੈਲੀ ਗਰਮੀ ਵੱਲ ਧਿਆਨ ਦਿੱਤਾ ਹੈ।
ਲੱਕੜਹਾਰਾ: ਹਾਂ। ਲੱਗਦਾ ਹੈ ਹਰ ਸਾਲ ਗਰਮੀ ਵਧਦੀ ਹੀ ਜਾਂਦੀ ਹੈ।
ਬਿਜੜਾ: ਇਹ ਰੁੱਖਾਂ ਦੇ ਕੱਟੇ ਜਾਣ ਕਾਰਣ ਹੀ ਹੋ ਰਿਹਾ ਹੈ।
ਲੱਕੜਹਾਰਾ: ਹੈਂ! ਇਹ ਕਿਵੇਂ ?
ਬਿਜੜਾ: ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੀ ਹਵਾ ਅਸੀਂ ਸਾਹ ਰਾਹੀਂ ਬਾਹਰ ਛੱਡਦੇ ਹਾਂ, ਰੁੱਖ ਉਸੇ ਹਵਾ ਨੂੰ ਆਪਣੇ ਸਾਹਾਂ ਰਾਹੀਂ ਅੰਦਰ ਲਿਜਾ ਕੇ ਸਾਫ਼ ਕਰਦੇ ਨੇ। ਜੇ ਰੁੱਖ ਨਾ ਹੋਣ ਤਾਂ ਸਾਡੇ ਸਾਹਾਂ ਰਾਹੀਂ ਛੱਡੀ ਗੰਦੀ ਹਵਾ ਸਾਡੇ ਆਲੇ ਦੁਆਲੇ ਵਿਚ ਬਹੁਤ ਵੱਧ ਜਾਵੇਗੀ।
8
ਲੱਕੜਹਾਰਾ: ਹੂੰ! ਗੱਲ ਤਾਂ ਠੀਕ ਹੈ। ਪਰ ਇਸ ਦਾ ਵੱਧ ਰਹੀ ਗਰਮੀ ਨਾਲ ਕੀ ਸੰਬੰਧ?
ਬਿਜੜਾ: ਸਾਡੇ ਚੋਗਿਰਦੇ ਵਿਚ ਫੈਲੀ ਇਹ ਗੰਦੀ ਹਵਾ ਸੂਰਜ ਤੋਂ ਆਈ ਗਰਮੀ ਨੂੰ ਚੂਸ ਲੈਂਦੀ ਹੈ। ਇੰਝ ਇਹ ਸੂਰਜ ਦੀ ਗਰਮੀ ਨੂੰ ਵਾਪਸ ਧਰਤੀ ਤੋਂ ਦੂਰ ਨਹੀਂ ਜਾਣ ਦਿੰਦੀ। ਜਿਸ ਕਾਰਣ ਸਾਡੇ ਆਲੇ ਦੁਆਲੇ ਦੀ ਹਵਾ ਗਰਮ ਹੋਣ ਲੱਗਦੀ ਹੈ। ਇਸੇ ਲਈ ਹਰ ਸਾਲ ਗਰਮੀਆਂ ਹੋਰ ਵਧੇਰੇ ਗਰਮ ਹੁੰਦੀਆ ਜਾਂਦੀਆਂ ਹਨ।
ਲੱਕੜਹਾਰਾ: (ਸੋਚਣ ਵਾਲੀ ਗੰਭੀਰ ਮੁਦਰਾ ਵਿਚ) ਪਰ … ਅੱਜ ਕਲ ਸਰਦੀਆਂ ਵੀ ਵਧੇਰੇ ਠੰਢੀਆਂ ਹੁੰਦੀਆਂ
ਜਾਦੀਆਂ ਹਨ। … ਓਹ ਕਿਉਂ?
ਬਿਜੜਾ: ਇਸ ਦਾ ਕਾਰਣ ਵੀ ਰੁੱਖਾਂ ਦੀ ਘਾਟ ਹੀ ਹੈ। ਵਧੇਰੇ ਗਰਮ ਹਵਾ, ਮੌਸਮਾਂ ਵਿਚ ਗੜਬੜ ਪੈਦਾ ਕਰ ਦਿੰਦੀ
ਹੈ। ਹਰ ਮੌਸਮ ਹੀ ਵਧੇਰੇ ਤੀਬਰ ਹੋ ਜਾਂਦਾ ਹੈ, ਗਰਮੀਆਂ ਹੋਰ ਵਧੇਰੇ ਗਰਮ ਤੇ ਸਰਦੀਆਂ ਹੋਰ ਵਧੇਰੇ ਠੰਢੀਆਂ।
ਦੇਖਿਆ ਨਹੀਂ? … ਹਰ ਸਾਲ ਆਉਂਦੇ ਤੂਫਾਨਾਂ ਤੇ ਝੱਖੜਾਂ ਦੀ ਗਿਣਤੀ ਵੀ ਵਧਦੀ ਹੀ ਜਾ ਰਹੀ ਹੈ।
(ਲੱਕੜਹਾਰਾ ਪ੍ਰੇਸ਼ਾਨੀ ਵਿਚ ਬਿਟਰ ਬਿਟਰ ਝਾਂਕਦਾ ਹੈ।)
ਬਿਜੜਾ: ਕੋਈ ਗੱਲ ਪੱਲੇ ਵੀ ਪਈ ਜਾਂ ਨਹੀਂ?
ਲੱਕੜਹਾਰਾ: ਕੁਝ ਕੁਝ। … ਪਰ ਇਸ ਦਾ ਕੋਈ ਹੱਲ ਵੀ ਹੈ ਕੀ?
ਬਿਜੜਾ: ਹਾਂ ਹੈ ਤਾਂ । ਰੁੱਖ ਵੱਢਣ ਦੀ ਥਾਂ ਰੁੱਖ ਲਗਾਉਣ ਵੱਲ ਧਿਆਨ ਦੇਣਾ ਹੋਵੇਗਾ। ਮਰ ਚੁੱਕੇ ਜੰਗਲ ਨੁੰ ਜ਼ਿੰਦਾ ਕਰਨਾ ਹੋਵੇਗਾ। ਤਦ ਸਾਰੇ ਪਸ਼ੂ-ਪੰਛੀ ਪਹਿਲਾਂ ਵਾਂਗ ਹੀ ਇਥੇ ਖੁਸ਼ੀ ਖੁਸ਼ੀ ਜੀ ਸਕਣਗੇ। ਤੇਰੇ ਪਰਿਵਾਰ ਲਈ ਸਾਫ ਹਵਾ ਤੇ ਫਲ ਅਤੇ ਤੇਰੀਆਂ ਮੱਝਾਂ ਗਾਵਾਂ ਲਈ ਚਾਰਾ ਸੌਖਿਆ ਹੀ ਮਿਲ ਜਾਵੇਗਾ। ਮੌਸਮ ਵੀ ਆਪਣੇ ਸੁਹਣੇ ਰੰਗਾਂ ਵਿਚ ਹੀ ਪ੍ਰਗਟ ਹੋਣਗੇ।
ਲੱਕੜਹਾਰਾ: ਵਾਹ ਜੀ ਵਾਹ ! ਤਦ ਤਾਂ ਮੈਂ ਤੇ ਮੇਰਾ ਪਰਿਵਾਰ ਸੱਭ ਮਿਲ ਕੇ ਹੋਰ ਰੁੱਖ ਲਗਾਵਾਂਗੇ। …ਤੋਬਾ ਮੇਰੀ ਤੋਬਾ … ਹਰੇ ਭਰੇ ਰੁੱਖਾਂ ਨੂੰ ਕੱਟਣ ਤੋਂ ਮੇਰੀ ਤੋਬਾ (ਲੱਕੜਹਾਰਾ ਆਪਣਾ ਕੁਹਾੜਾ ਸੁੱਟਦਾ ਹੈ।)
ਹੁਣ ਮੈਂ ਕਿਸੇ ਦੇ ਘਰ ਦੇ ਉਜਾੜੇ ਦਾ ਕਾਰਣ ਨਹੀਂ ਬਣਾਂਗਾ। ਮੈਨੂੰ ਬੇਘਰੇ ਪੰਛੀਆਂ ਤੇ ਜੀਵਾਂ ਦੀਆਂ ਬਦ-ਦੁਆਵਾਂ ਵੀ ਨਹੀਂ ਸਤਾਉਣਗੀਆਂ।
ਬਿਜੜਾ: ਚਲ ਫਿਰ ਦੇਰ ਕਿਸ ਗੱਲ ਦੀ । ਆਉ ਸਾਰੇ ਰਲ ਮਿਲ ਕੇ ਬੂਟੇ ਲਾਈਏ।
9
(ਲੱਕੜਹਾਰੇ ਦੀ ਪਤਨੀ ਤੇ ਬੱਚੇ ਬੂਟੇ ਲੈ ਕੇ ਆਉਂਦੇ ਹਨ। ਲੱਕੜਹਾਰੇ ਦਾ ਪਰਿਵਾਰ ਅਤੇ ਬਿਜੜੇ ਦਾ ਪਰਿਵਾਰ, ਸਾਰੇ ਮਿਲ ਕੇ ਬੂਟੇ ਲਾਉਂਦੇ ਹਨ।)
ਹਰਿਆ ਭਰਿਆ ਜੰਗਲ ਦੇਖ ਕੇ ਸਾਰੇ (ਪਸ਼ੂ-ਪੰਛੀ ਤੇ ਬੱਚੇ) ਖੁਸ਼ੀ ਖੁਸ਼ੀ ਹਸ-ਖੇਡ ਰਹੇ ਹਨ।
ਲ਼ੱਕੜਹਾਰਾ ਗਾਣਾ ਗਾਉਂਦਾ ਹੈ।
“ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਲਗਦੇ ਮਾਵਾਂ।
ਕੁਝ ਰੁੱਖ ਨੂੰਹਾਂ ਧੀਆਂ ਵਰਗੇ, ਕੁਝ ਰੁੱਖ ਵਾਂਗ ਭਰਾਵਾਂ ।
ਕੁਝ ਰੁੱਖ ਮੇਰੇ ਬਾਬੇ ਵਾਂਕਣ, ਪੱਤਰ ਟਾਵਾਂ ਟਾਵਾਂ ।
ਕੁਝ ਰੁੱਖ ਮੇਰੀ ਦਾਦੀ ਵਰਗੇ, ਚੂਰੀ ਪਾਵਣ ਕਾਵਾਂ।
ਕੁਝ ਰੁੱਖ ਮੇਰੇ ਯਾਰਾਂ ਵਰਗੇ, ਚੁੰਮਾਂ ਤੇ ਗਲ ਲਾਵਾਂ।
ਇਕ ਰੁੱਖ ਮੇਰੀ ਮਹਿਬੂਬਾ ਵਾਂਕਣ, ਮਿੱਠਾ ਤੇ ਦੁਖਾਵਾਂ।
ਕੁਝ ਰੁੱਖ ਮੇਰਾ ਦਿਲ ਕਰਦਾ ਏ, ਮੋਢੇ ਚੁੱਕ ਖਿਡਾਵਾਂ।
ਕੁਝ ਰੁੱਖ ਮੇਰਾ ਦਿਲ ਕਰਦਾ ਏ, ਚੁੰਮਾਂ ਤੇ ਮਰ ਜਾਵਾਂ।
ਕੁਝ ਰੁੱਖ ਜਦ ਵੀ ਰਲ ਕੇ ਝੂੰਮਣ, ਤੇਜ਼ ਵਗਣ ਜਦ ਵਾਵਾਂ।
ਸਾਵੀਂ ਬੋਲੀ ਸੱਭ ਰੁੱਖਾਂ ਦੀ , ਦਿਲ ਕਰਦਾ ਲਿਖ ਜਾਵਾਂ।
ਮੇਰਾ ਵੀ ਇਹ ਦਿਲ ਕਰਦਾ ਏ, ਰੁੱਖਾਂ ਦੀ ਜੂਨੇ ਆਵਾਂ।
ਜੇ ਤੁਸਾਂ ਮੇਰਾ ਗੀਤ ਹੈ ਸੁਨਣਾ, ਮੈਂ ਰੁੱਖਾਂ ਵਿਚ ਗਾਵਾਂ।
ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜੀਉਣ ਰੁੱਖਾਂ ਦੀਆਂ ਛਾਵਾਂ। (ਗੀਤ- ਸ਼ਿਵ ਕੁਮਾਰ ਬਟਾਲਵੀ)
ਪਰਦਾ ਗਿਰਦਾ ਹੈ।
[email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …