Breaking News
Home / ਭਾਰਤ / ਭਾਰਤੀ ਹਾਕੀ ਟੀਮ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਭਾਰਤੀ ਹਾਕੀ ਟੀਮ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਪੈਰਿਸ ਉਲੰਪਿਕ ‘ਚ ਭਾਰਤੀ ਹਾਕੀ ਟੀਮ ਨੇ ਜਿੱਤਿਆ ਹੈ ਕਾਂਸੇ ਦਾ ਤਮਗਾ
ਅੰਮ੍ਰਿਤਸਰ : ਪੈਰਿਸ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤ ਕੇ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਜਿੱਤ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਭਾਰੀ ਮੀਂਹ ਦੇ ਬਾਵਜੂਦ ਹਾਕੀ ਖਿਡਾਰੀਆਂ ਦਾ ਹਵਾਈ ਅੱਡੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਪੁੱਜੇ ਓਲੰਪਿਕ ਖਿਡਾਰੀਆਂ ਵਿੱਚ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ, ਉਪ ਕਪਤਾਨ ਹਾਰਦਿਕ ਸਿੰਘ, ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਜਰਮਨਪ੍ਰੀਤ ਸਿੰਘ ਬੱਲ, ਸੁਖਜੀਤ ਸਿੰਘ ਤੇ ਜੁਗਰਾਜ ਸਿੰਘ ਸ਼ਾਮਲ ਸਨ।
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖਿਡਾਰੀਆਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਖਿਡਾਰੀਆਂ ਦੀ ਜਿੱਤ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣਾ ਵੱਡੀ ਪ੍ਰਾਪਤੀ ਹੈ। ਟੀਮ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੇ ਲੰਮੇ ਅਰਸੇ ਤੋਂ ਬਾਅਦ ਪੰਜਾਬ ਦੇ ਹਾਕੀ ਨਾਲ ਸਬੰਧਤ ਇਤਿਹਾਸ ਨੂੰ ਦੁਹਰਾਇਆ ਹੈ। ਉਨ੍ਹਾਂ ਨੇ ਹਾਕੀ ਖਿਡਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ, ਧਾਰਮਿਕ ਪੁਸਤਕਾਂ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਹਾਕੀ ਖਿਡਾਰੀਆਂ ਦਾ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਨੇ ਪੰਜਾਬ ਸਰਕਾਰ ਵੱਲੋਂ ਜੀ ਆਇਆਂ ਕਿਹਾ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੇਤੂ ਟੀਮ ਦੇ ਹਰ ਪੰਜਾਬੀ ਖਿਡਾਰੀ ਨੂੰ ਇੱਕ-ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕਰ ਚੁੱਕੇ ਹਨ। ਇਸੇ ਤਰ੍ਹਾਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹਾਕੀ ਖਿਡਾਰੀਆਂ ‘ਤੇ ਸਦਾ ਮਾਣ ਰਹੇਗਾ। ਇਸ ਮੌਕੇ ਸਾਬਕਾ ਹਾਕੀ ਓਲੰਪੀਅਨ ਅਤੇ ਵਿਧਾਇਕ ਪਰਗਟ ਸਿੰਘ, ਹਰਪ੍ਰੀਤ ਸਿੰਘ ਮੰਡੇਰ, ਬਲਵਿੰਦਰ ਸਿੰਘ ਸ਼ੰਮੀ, ਸੰਜੀਵ ਕੁਮਾਰ, ਜੁਗਰਾਜ ਸਿੰਘ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਆਦਿ ਹਾਜ਼ਰ ਸਨ।
ਸਾਬਤ ਸੂਰਤ ਰਹਿੰਦਿਆਂ ਖੇਡਣਾ ਆਪਣੇ ਆਪ ‘ਚ ਵੱਡੀ ਪ੍ਰਾਪਤੀ : ਜਰਮਨਪ੍ਰੀਤ ਸਿੰਘ
ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਮਗਾ ਜੇਤੂ ਹਾਕੀ ਟੀਮ ਦਾ ਹਿੱਸਾ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਹਰ ਪਿੰਡ ਵਿੱਚ ਹਾਕੀ ਗਰਾਊਂਡ ਹੋਣੀ ਜ਼ਰੂਰੀ ਹੈ। ਉਸ ਨੇ ਅਫਸੋਸ ਪ੍ਰਗਟਾਇਆ ਕਿ ਉਸ ਦੇ ਖੁਦ ਦੇ ਪਿੰਡ ਵਿੱਚ ਗਰਾਊਂਡ ਨਹੀਂ ਹੈ। ਉਸ ਨੇ ਕਿਹਾ ਕਿ ਸਾਬਤ ਸੂਰਤ ਰਹਿੰਦਿਆਂ ਖੇਡਣਾ ਆਪਣੇ ਆਪ ਵਿੱਚ ਹੀ ਇੱਕ ਪ੍ਰਾਪਤੀ ਹੈ। ਇਸ ਓਲੰਪਿਕ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਟੀਮ ਦੇ ਬਿਹਤਰ ਪ੍ਰਦਰਸ਼ਨ, ਤਾਲਮੇਲ ਅਤੇ ਗੁਰੂ ਘਰ ਦੇ ਆਸ਼ੀਰਵਾਦ ਸਦਕਾ ਹੀ ਟੀਮ ਨੂੰ ਇਹ ਜਿੱਤ ਹਾਸਲ ਹੋਈ ਹੈ। ਉਸ ਨੇ ਟੀਮ ਲਈ ਭਵਿੱਖ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਦੀ ਆਸ ਕੀਤੀ। ਮਨਪ੍ਰੀਤ ਸਿੰਘ ਅਤੇ ਹੋਰ ਖਿਡਾਰੀਆਂ ਨੇ ਕਿਹਾ ਕਿ ਓਲੰਪਿਕ ਦੇ ਹਰ ਮੈਚ ਵਿੱਚ ਟੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ। ਸੈਮੀ ਫਾਈਨਲ ਵਿੱਚ ਖੁੰਝਣ ਤੋਂ ਬਾਅਦ ਟੀਮ ਨੇ ਕਾਂਸੀ ਦਾ ਤਮਗਾ ਜਿੱਤਣ ਦਾ ਪੱਕਾ ਇਰਾਦਾ ਕਰ ਲਿਆ ਸੀ ਅਤੇ ਅਜਿਹਾ ਕਰ ਕੇ ਵੀ ਦਿਖਾਇਆ।

 

Check Also

ਮੋਦੀ ਕੈਬਨਿਟ ਨੇ ‘ਵਨ ਨੇਸ਼ਨ ਵਨ ਇਲੈਕਸ਼ਨ’ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ’ਚ ਪੇਸ਼ ਕੀਤਾ ਜਾਵੇਗਾ ਬਿਲ ਨਵੀਂ ਦਿੱਲੀ/ਬਿਊਰੋ ਨਿਊਜ਼ : ਮੋਦੀ …