ਭਾਜਪਾ ਕੇਂਦਰੀ ਮੰਤਰੀ ਸ਼ੇਖਾਵਤ ਅਤੇ ਕਾਂਗਰਸ ਦੇ ਦੋ ਵਿਧਾਇਕਾਂ ਖਿਲਾਫ ਮਾਮਲੇ ਹੋਏ ਦਰਜ
ਜੈਪੁਰ/ਬਿਊਰੋ ਨਿਊਜ਼
ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਹੋਈ ਛੁੱਟੀ ਤੋਂ ਬਾਅਦ ਸਿਆਸਤ ਹੋਰ ਗਰਮਾਉਂਦੀ ਜਾ ਰਹੀ ਹੈ। ਇਸਦੇ ਚੱਲਦਿਆਂ ਆਡੀਓ ਟੇਪ ਜਨਤਕ ਹੋਣ ਤੋਂ ਬਾਅਦ ਹੁਣ ਕਾਂਗਰਸ ਨੇ ਭਾਜਪਾ ‘ਤੇ ਜੋਰਦਾਰ ਹਮਲਾ ਸਾਧਿਆ ਤੇ ਗੰਭੀਰ ਇਲਜ਼ਾਮ ਲਗਾਏ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ 20 ਤੋਂ 35 ਕਰੋੜ ਰੁਪਏ ਵਿਚ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਮਲੇ ਵਿਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਕਾਂਗਰਸ ਵਿਧਾਇਕ ਭੰਵਰਲਾਲ ਸ਼ਰਮਾ ਤੇ ਸੰਜੇ ਜੈਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਆਡੀਓ ਕਲਿਪ ਮਾਮਲੇ ਵਿਚ ਸੰਜੇ ਜੈਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸੁਰਜੇਵਾਲਾ ਨੇ ਦੱਸਿਆ ਕਿ ਭੰਵਰਲਾਲ ਸ਼ਰਮਾ ਤੇ ਵਿਸ਼ਵੇਂਦਰ ਸਿੰਘ ਨੂੰ ਕਾਂਗਰਸ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਭਾਜਪਾ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ।

