
ਚੋਣ ਕਮਿਸ਼ਨ ਦੀ ਛਵੀ ਖਰਾਬ ਕਰਨ ਦੇ ਰਾਹੁਲ ’ਤੇ ਲੱਗੇ ਇਲਜ਼ਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਚੋਣ ਕਮਿਸ਼ਨ ’ਤੇ ਲੱਗ ਰਹੇ ਵੋਟ ਚੋਰੀ ਦੇ ਇਲਜ਼ਾਮਾਂ ’ਤੇ ਦੇਸ਼ ਭਰ ਦੇ 272 ਰਿਟਾਇਰਡ ਜੱਜਾਂ ਅਤੇ ਅਫਸਰਾਂ ਨੇ ਇਕ ਖੁੱਲ੍ਹਾ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਰਾਹੀਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ ਗਈ ਹੈ। ਪੱਤਰ ਵਿਚ 16 ਸਾਬਕਾ ਜੱਜ, 123 ਰਿਟਾਇਰਡ ਅਫਸਰ ਅਤੇ 133 ਰਿਟਾਇਰਡ ਫੌਜੀ ਅਧਿਕਾਰੀਆਂ ਦੇ ਦਸਤਖਤ ਹਨ। ਇਨ੍ਹਾਂ ਰਿਟਾਇਰਡ ਜੱਜਾਂ ਅਤੇ ਅਫਸਰਾਂ ਨੇ ਖੁੱਲ੍ਹੇ ਪੱਤਰ ਰਾਹੀਂ ਇਲਜ਼ਾਮ ਲਗਾਇਆ ਹੈ ਕਿ ਕਾਂਗਰਸ ਪਾਰਟੀ ਲਗਾਤਾਰ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਦੀ ਸਾਖ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਭਾਰਤ ਦੀ ਚੁਣਾਵੀ ਪ੍ਰਣਾਲੀ ਦਾ ਸਭ ਤੋਂ ਅਹਿਮ ਸਤੰਭ ਹੈ ਅਤੇ ਉਸ ’ਤੇ ਵਾਰ-ਵਾਰ ਸਵਾਲ ਉਠਾਉਣ ਨਾਲ ਜਨਤਾ ਦਾ ਭਰੋਸਾ ਕਮਜ਼ੋਰ ਹੁੰਦਾ ਹੈ ਅਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਦਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਚੋਣ ਕਮਿਸ਼ਨ ’ਤੇ ਵੋਟ ਚੋਰੀ ਦੇ ਇਲਜ਼ਾਮਾਂ ਨੂੰ ਲੈ ਕੇ ਹੁਣ ਤੱਕ ਤਿੰਨ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਹਨ। ਰਾਹੁਲ ਨੇ ਚੋਣ ਕਮਿਸ਼ਨ ਨੂੰ ਨਰਿੰਦਰ ਮੋਦੀ ਸਰਕਾਰ ਦੀ ਬੀ ਟੀਮ ਵੀ ਕਿਹਾ ਸੀ।

