
ਇਹ ਜਹਾਜ਼ ਅਮਰੀਕੀ ਐਫ-35 ਜੈਟ ਦਾ ਹੋਵੇਗਾ ਤੋੜ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ, ਭਾਰਤ ਨੂੰ ਐਸ.ਯੂ-57 ਲੜਾਕੂ ਜਹਾਜ਼ ਦੇਣ ਲਈ ਤਿਆਰ ਹੋ ਗਿਆ ਹੈ। ਦੁਬਈ ਏਅਰ ਸ਼ੋਅ ਵਿਚ ਰੂਸੀ ਕੰਪਨੀ ਰੋਸਟੇਕ ਦੇ ਸੀ.ਈ.ਓ. ਸਰਗੇਈ ਕੇਮੇਜੋਵ ਨੇ ਕਿਹਾ ਹੈ ਕਿ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਤਕਨੀਕ ਵੀ ਬਿਨਾ ਸ਼ਰਤ ਟਰਾਂਸਫਰ ਕਰਾਂਗੇ। ਰੂਸੀ ਐਸ.ਯੂ.-57 ਜਹਾਜ਼ਾਂ ਨੂੰ ਅਮਰੀਕਾ ਦੇ ਐਫ-35 ਦਾ ਤੋੜ ਮੰਨਿਆ ਜਾਂਦਾ ਹੈ। ਐਸ.ਯੂ.-57 ਦੀ ਤਰ੍ਹਾਂ ਐਫ-35 ਵੀ ਪੰਜਵੀਂ ਜਨਰੇਸ਼ਨ ਦਾ ਲੜਾਕੂ ਜਹਾਜ਼ ਹੈ। ਦੱਸਿਆ ਗਿਆ ਕਿ ਅਮਰੀਕਾ ਲੰਬੇ ਸਮੇਂ ਤੋਂ ਭਾਰਤ ਨੂੰ ਐਫ-35 ਵੇਚਣਾ ਚਾਹੁੰਦਾ ਸੀ। ਰੂਸ ਵਲੋਂ ਇਹ ਭਰੋਸਾ ਉਸ ਸਮੇਂ ਆਇਆ ਹੈ, ਜਦੋਂ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਹਾਲ ਹੀ ਦੌਰਾਨ ਮਾਸਕੋ ਵਿਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ ਸੀ। ਧਿਆਨ ਰਹੇ ਕਿ ਪੂਤਿਨ ਅਗਲੇ ਮਹੀਨੇ ਭਾਰਤ ਪਹੁੰਚਣਗੇ। ਸੀ.ਈ.ਓ. ਸਰਗੇਈ ਕੇਮੇਜੋਵ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਰੂਸ ਕਈ ਦਹਾਕਿਆਂ ਤੋਂ ਭਰੋਸੇਮੰਦ ਡਿਫੈਂਸ ਸਾਂਝੇਦਾਰ ਰਹੇ ਹਨ।

