ਦੋ ਅੱਤਵਾਦੀਆਂ ਨੂੰ ਕਾਰ ਰਾਹੀਂ ਕਸ਼ਮੀਰ ‘ਚੋਂ ਬਾਹਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ ਦਵਿੰਦਰ ਸਿੰਘ
ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਪੁਲਿਸ ਨੇ ਸ੍ਰੀਨਗਰ ਦੇ ਹਵਾਈ ਅੱਡੇ ‘ਤੇ ਰੱਖਿਆ ਟੁਕੜੀ ‘ਚ ਤਾਇਨਾਤ ਇੱਕ ਡੀਐੱਸਪੀ ਨੂੰ ਦੋ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਪੁਲਿਸ ਅਧਿਕਾਰੀ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਸਮੇਂ ਇਹ ਦੋ ਅੱਤਵਾਦੀਆਂ ਨੂੰ ਆਪਣੀ ਕਾਰ ਰਾਹੀਂ ਕਸ਼ਮੀਰ ‘ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਸ੍ਰੀਨਗਰ ਹਵਾਈ ਅੱਡੇ ‘ਤੇ ਤਾਇਨਾਤ ਡੀਐੱਸਪੀ ਦਵਿੰਦਰ ਸਿੰਘ ਨੂੰ ਨਵੀਦ ਬਾਬੂ ਅਤੇ ਅਲਤਾਫ ਨਾਂ ਦੇ ਅੱਤਵਾਦੀਆਂ ਨਾਲ ਪਿਛਲੇ ਦਿਨੀਂ ਹਿਰਾਸਤ ‘ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀ ‘ਤੇ ਦੋਸ਼ ਹੈ ਕਿ ਉਹ ਅੱਤਵਾਦੀਆਂ ਨੂੰ ਸ਼ੌਪੀਆਂ ਇਲਾਕੇ ‘ਚੋਂ ਕਸ਼ਮੀਰ ਘਾਟੀ ਤੋਂ ਬਾਹਰ ਲਿਆ ਰਿਹਾ ਸੀ।
ਦੱਖਣੀ ਕਸ਼ਮੀਰ ਦੀ ਏਡੀਜੀਪੀ ਅਤੁਲ ਗੋਇਲ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਸੀ ਅਤੇ ਉਨ੍ਹਾਂ ਦੱਖਣੀ ਕਸ਼ਮੀਰ ਦੇ ਮੀਰ ਬਾਜ਼ਾਰ ‘ਚ ਪੁਲਿਸ ਬੈਰੀਕੇਡ ‘ਤੇ ਕਾਰ ਫੜ ਲਈ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ‘ਚੋਂ ਦੋ ਏਕੇ ਰਾਈਫਲਾਂ ਜ਼ਬਤ ਕੀਤੀਆਂ ਗਈਆਂ ਹਨ। ਕਸ਼ਮੀਰ ਪੁਲਿਸ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਦਵਿੰਦਰ ਸਿੰਘ ਨਾਲ ਅੱਤਵਾਦੀਆਂ ਵਾਲਾ ਸਲੂਕ ਕੀਤਾ ਜਾਵੇਗਾ ਅਤੇ ਉਸ ਤੋਂ ਸੁਰੱਖਿਆ ਏਜੰਸੀਆਂ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪਿਛਲੇ ਹਫ਼ਤੇ ਵਿਦੇਸ਼ੀ ਰਾਜਦੂਤਾਂ ਦੀ ਕਸ਼ਮੀਰ ਫੇਰੀ ਮੌਕੇ ਮੁਲਜ਼ਮ ਡੀਐੱਸਪੀ ਦੀ ਤਾਇਨਾਤੀ ਨਾਲ ਸੁਰੱਖਿਆ ‘ਚ ਸੰਨ੍ਹ ਲੱਗਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਆਈਜੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਡੀਐੱਸਪੀ ਦੀ ਇਸ ‘ਚ ਸ਼ਮੂਲੀਅਤ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ, ‘ਉਹ ਡਿਊਟੀ ‘ਤੇ ਤਾਇਨਾਤ ਸੀ ਤੇ ਜਦੋਂ ਸਾਡੇ ਕੋਲ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤਾਂ ਅਸੀਂ ਉਸ ਨੂੰ ਰੋਕ ਕਿਵੇਂ ਸਕਦੇ ਸੀ।’ ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਅਧਿਕਾਰੀ ਦੀ ਸੰਸਦੀ ਹਮਲੇ ‘ਚ ਸ਼ਮੂਲੀਅਤ ਦਾ ਕੋਈ ਰਿਕਾਰਡ ਨਹੀਂ ਹੈ ਪਰ ਉਸ ਨੂੰ ਇਸ ਸਬੰਧੀ ਪੁੱਛਿਆ ਜ਼ਰੂਰ ਜਾਵੇਗਾ। ਜਾਂਚ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਆਈਜੀ ਨੇ ਕਿਹਾ ਕਿ ਉਕਤ ਮੁਲਜ਼ਮਾਂ ਦੇ ਫੜੇ ਜਾਣ ਦੀਆਂ ਖ਼ਬਰਾਂ ਨਸ਼ਰ ਹੋਣ ਮਗਰੋਂ ਬਹੁਤ ਸਾਰੇ ਅੱਤਵਾਦੀ ਸ਼ੋਪੀਆਂ ‘ਚ ਰੂਪੋਸ਼ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ‘ਚੋਂ ਇੱਕ ਨਵੀਦ ਪੁਲਿਸ ਕਾਂਸਟੇਬਲ ਸੀ ਤੇ ਉਹ 2017 ‘ਚ ਨੌਕਰੀ ਛੱਡ ਕੇ ਹਿਜ਼ਬੁਲ ਮੁਜਾਹਿਦੀਨ ‘ਚ ਸ਼ਾਮਲ ਹੋ ਗਿਆ ਸੀ। ਉਹ ਕਈ ਪੁਲੀਸ ਮੁਲਾਜ਼ਮਾਂ ਤੇ ਆਮ ਲੋਕਾਂ ਦੇ ਕਤਲ ਦੀਆਂ ਵਾਰਦਾਤਾਂ ‘ਚ ਸ਼ਾਮਲ ਰਿਹਾ ਹੈ।
ਦਵਿੰਦਰ ਸਿੰਘ ਗੁਨਾਹ ਕਬੂਲਣ ਲੱਗਾ
ਸ੍ਰੀਨਗਰ : ਅੱਤਵਾਦੀਆਂ ਨਾਲ ਕਾਰ ਵਿਚ ਫੜੇ ਗਏ ਬਰਖਾਸਤ ਡੀਐਸਪੀ ਦਵਿੰਦਰ ਸਿੰਘ ਕੋਲੋਂ ਕਈ ਗੱਲਾਂ ਦਾ ਖੁਲਾਸਾ ਹੋਣ ਲੱਗਾ ਹੈ। ਉਹ ਆਪਣੀ ਭੁੱਲ ਸੁਧਾਰਨ ਦਾ ਮੌਕੇ ਦੀ ਮੰਗ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੇਰੀ ਮੱਤ ਮਾਰੀ ਗਈ ਸੀ, ਜੋ ਮੈਂ ਇਹ ਕੰਮ ਕੀਤਾ। ਉਸ ਨੇ ਸ੍ਰੀਨਗਰ, ਬੜਗਾਮ ਅਤੇ ਪੁਲਵਾਮਾ ਵਿਚ ਅੱਤਵਾਦੀਆਂ ਦੇ ਨੈਟਵਰਕ ਦੇ ਬਾਰੇ ਵਿਚ ਦੱਸਿਆ ਅਤੇ ਅੱਤਵਾਦੀਆਂ ਦੀ ਮੱਦਦ ਕਰਨ ਦੀ ਗੱਲ ਵੀ ਕਬੂਲੀ। ਉਸ ਨੇ ਕਿਹਾ ਕਿ ਇਕ-ਦੋ ਵਾਰ ਉਸ ਨੇ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਬਾਹਰ ਲਿਜਾਣ ਵਿਚ ਵੀ ਮੱਦਦ ਕੀਤੀ।
ਡੀਐਸਪੀ ਤੇ ਅੱਤਵਾਦੀਆਂ ‘ਚ ਹੋਈ ਸੀ 12 ਲੱਖ ਰੁਪਏ ਦੀ ਡੀਲ
ਗ੍ਰਿਫਤਾਰ ਕੀਤੇ ਗਏ ਡੀਐਸਪੀ ਦਵਿੰਦਰ ਸਿੰਘ ਕੋਲੋਂ ਮੁੱਢਲੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਡੀਐਸਪੀ ਦੀ ਕਾਰ ਵਿਚ ਸਵਾਰ ਦੋਵਾਂ ਅੱਤਵਾਦੀਆਂ ਨਾਲ ਕਥਿਤ ਤੌਰ ‘ਤੇ 12 ਲੱਖ ਰੁਪਏ ਦੀ ਡੀਲ ਹੋਈ ਸੀ। ਇਸ ਦੇ ਬਦਲੇ ਉਹ ਉਨ੍ਹਾਂ ਅੱਤਵਾਦੀਆਂ ਨੂੰ ਸੁਰੱਖਿਅਤ ਚੰਡੀਗੜ੍ਹ ਲਿਜਾਣ ਵਾਲਾ ਸੀ। ਇੰਨਾ ਹੀ ਨਹੀਂ ਆਪਣੇ ਮਨਸੂਬਿਆਂ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਉਸ ਨੇ ਬਕਾਇਦਾ ਚਾਰ ਦਿਨਾਂ ਦੀ ਛੁੱਟੀ ਵੀ ਲਈ ਹੋਈ ਸੀ।
ਦਵਿੰਦਰ ਨੂੰ ਜਿਸ ਮੁਕਾਬਲੇ ਲਈ ਐਵਾਰਡ ਮਿਲਿਆ ਸੀ… ਉਸ ‘ਤੇ ਹੀ ਉਠੇ ਸਵਾਲ
ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਹਿਜਬੁਲ ਮੁਜਾਹਦੀਨ ਦੇ ਅੱਤਵਦੀਆਂ ਨਾਲ ਗ੍ਰਿਫਤਾਰ ਡੀਐਸਪੀ ਦਵਿੰਦਰ ਸਿੰਘ ਕੋਲੋਂ ਚੱਲ ਰਹੀ ਪੁੱਛਗਿੱਛ ਵਿਚ ਕਈ ਤਰ੍ਹਾਂ ਦੇ ਖੁਲਾਸੇ ਹੋ ਰਹੇ ਹਨ। ਜਿਸ ਅੱਤਵਾਦੀ ਮੁਕਾਬਲੇ ਲਈ ਉਸ ਨੂੰ ਰਾਜ ਸਰਕਾਰ ਵਲੋਂ ਬਹਾਦਰੀ ਐਵਾਰਡ ਮਿਲਿਆ ਸੀ, ਉਹ ਵੀ ਹੁਣ ਜਾਂਚ ਦੇ ਘੇਰੇ ਵਿਚ ਆ ਗਿਆ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ ਹੀ ਅੱਤਵਾਦੀਆਂ ਨੂੰ ਭਜਾਉਣ ਵਿਚ ਵੀ ਦਵਿੰਦਰ ਨੇ ਹੀ ਮੱਦਦ ਕੀਤੀ ਸੀ। ਇਸਦੀ ਜਾਂਚ ਹੁਣ ਐਨਆਈਏ ਕਰੇਗੀ। ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ 25-26 ਅਗਸਤ, 2017 ਨੂੰ ਪੁਲਿਸ ਲਾਈਨ ‘ਤੇ ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਵਿਚ ਸੀਆਰਪੀਐਫ ਦੇ ਚਾਰ ਜਵਾਨ ਸ਼ਹੀਦ ਹੋਏ ਸਨ, ਜਦਕਿ ਦੋ ਅੱਤਵਾਦੀ ਵੀ ਮਾਰੇ ਗਏ ਸਨ। ਇਸ ਮੁਕਾਬਲੇ ਨਹੀ ਦਵਿੰਦਰ ਨੂੰ ਬਹਾਦਰੀ ਪੁਰਸਕਾਰ ਮਿਲਿਆ ਸੀ। ਜਾਂਚ ਏਜੰਸੀਆਂ ਨੂੰ ਸ਼ੱਕ ਨੇ ਦਵਿੰਦਰ ਨੇ ਬਾਕੀ ਅੱਤਵਾਦੀਆਂ ਨੂੰ ਭਜਾਉਣ ਵਿਚ ਮੱਦਦ ਕੀਤੀ ਹੋਵੇਗੀ। ਇਹ ਵੀ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਦੇ ਅਫਜ਼ਲ ਗੁਰੂ ਨਾਲ ਵੀ ਸਬੰਧ ਸਨ।
ਪੁਲਿਸ ਅਧਿਕਾਰੀ ‘ਵੱਡੀ ਸਾਜਿਸ਼ ਦਾ ਹਿੱਸਾ, ਡੂੰਘੀ ਜਾਂਚ ਹੋਵੇ
ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਹੈ ਕਿ ਪੁਲਿਸ ਅਧਿਕਾਰੀ ਦੀ ਗ੍ਰਿਫ਼ਤਾਰੀ ਨਾਲ ਕੋਈ ਵੱਡੀ ਸਾਜਿਸ਼ ਜੁੜੀ ਹੋ ਸਕਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂਚ ਦੇ ਹੁਕਮ ਦੇਣ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ‘ਦਵਿੰਦਰ ਸਿੰਘ ਇਕੱਲਾ ਨਹੀਂ ਹੋ ਸਕਦਾ’ ਤੇ ਹੁਣ ਸਵਾਲ ਉੱਠਦਾ ਹੈ ਕਿ ਪੁਲਵਾਮਾ ਹਮਲੇ ਦੇ ਅਸਲ ਜ਼ਿੰਮੇਵਾਰ ਕੌਣ ਹਨ? ਭਾਜਪਾ ਅਤੇ ਆਰਐੱਸਐੱਸ ‘ਤੇ ਨਿਸ਼ਾਨਾ ਸਾਧਦਿਆਂ ਚੌਧਰੀ ਨੇ ਕਿਹਾ ਕਿ ਜੇ ਉਹ ਦਵਿੰਦਰ ਸਿੰਘ ਨਾ ਹੋ ਕੇ ‘ਦਵਿੰਦਰ ਖ਼ਾਨ’ ਹੁੰਦਾ ਤਾਂ ‘ਆਰਐੱਸਐੱਸ ਦੀ ਟਰੋਲ ਰੈਜੀਮੈਂਟ’ ਦੀ ਪ੍ਰਤੀਕਿਰਿਆ ਵੱਖਰੀ ਹੀ ਹੋਣੀ ਸੀ।
ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਕੀਤਾ ਬਰਖਾਸਤ
ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨਾਲ ਫੜਿਆ ਗਿਆ ਸੀ ਡੀ.ਐਸ.ਪੀ.
ਸ੍ਰੀਨਗਰ : ਜੰਮੂ ਕਸ਼ਮੀਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਡੀ.ਐਸ.ਪੀ. ਦਵਿੰਦਰ ਸਿੰਘ ਪਿਛਲੇ ਦਿਨੀਂ ਹਿਜ਼ਬੁਲ ਮੁਜਾਹਦੀਨ ਦੇ ਦੋ ਅੱਤਵਾਦੀਆਂ ਨਵੀਦ ਅਤੇ ਰਫੀ ਨਾਲ ਫੜਿਆ ਗਿਆ ਸੀ। ਦਵਿੰਦਰ ਸਿੰਘ ਇਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਬਾਹਰ ਲਿਜਾਉਣਾ ਚਾਹੁੰਦਾ ਸੀ ਅਤੇ ਇਸ ਲਈ ਉਸ ਨਾਲ ਲੱਖਾਂ ਰੁਪਏ ਦੀ ਡੀਲ ਵੀ ਹੋਈ ਸੀ। ਜਾਂਚ ਏਜੰਸੀਆਂ ਹੁਣ ਦਵਿੰਦਰ ਸਿੰਘ ਕੋਲੋਂ ਪੁੱਛਗਿੱਛ ਕਰ ਰਹੀਆਂ ਹਨ ਅਤੇ ਹੋ ਰਹੇ ਖੁਲਾਸਿਆਂ ਤੋਂ ਬਾਅਦ ਸ੍ਰੀਨਗਰ ਤੋਂ ਲੈ ਕੇ ਦਿੱਲੀ ਤੱਕ ਸੱਤਾ ਦੇ ਗਲਿਆਰਿਆਂ ਵਿਚ ਭੂਚਾਲ ਜਿਹਾ ਆ ਗਿਆ ਹੈ। ਧਿਆਨ ਰਹੇ ਕਿ ਦਵਿੰਦਰ ਸਿੰਘ ਨੇ ਅਜਿਹੇ ਘਟੀਆ ਅਤੇ ਦੇਸ਼ ਨੂੰ ਧੋਖਾ ਦੇਣ ਵਾਲੇ ਕੰਮ ਕਰਕੇ ਜੰਮੂ, ਦਿੱਲੀ ਅਤੇ ਚੰਡੀਗੜ੍ਹ ਵਿਚ ਵੀ ਜਾਇਦਾਦ ਬਣਾਈ ਹੈ, ਜਿਸ ਦੀ ਜਾਂਚ ਵੀ ਹੋ ਰਹੀ ਹੈ।
ਦਵਿੰਦਰ ਸਿੰਘ ਕੋਲੋਂ ਵਾਪਸ ਲਿਆ ਜਾ ਸਕਦਾ ਹੈ ਵੀਰਤਾ ਪੁਰਸਕਾਰ
ਸ੍ਰੀਨਗਰ : 11 ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦੇ ਅੱਤਵਾਦੀ ਨਵੀਦ ਬਾਬਾ ਨਾਲ ਗ੍ਰਿਫਤਾਰ ਕੀਤੇ ਗਏ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਦਵਿੰਦਰ ਸਿੰਘ ਕੋਲੋਂ ਵੀਰਤਾ ਪੁਰਸਕਾਰ ਵਾਪਸ ਲਿਆ ਜਾ ਸਕਦਾ ਹੈ। ਇਹ ਜਾਣਕਾਰੀ ਮਿਲੀ ਗਈ ਹੈ ਕਿ ਦਵਿੰਦਰ ਸਿੰਘ ਕੋਲੋਂ ਵੀਰਤਾ ਪੁਰਸਕਾਰ ਵਾਪਸ ਲੈਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਕਸ਼ਮੀਰ ਪੁਲਿਸ ਨੇ ਦਵਿੰਦਰ ਸਿੰਘ ਦੇ ਮਾਮਲੇ ਦੀ ਜਾਣਕਾਰੀ ਗ੍ਰਹਿ ਮੰਤਰੀ ਨੂੰ ਦੇ ਦਿੱਤੀ ਹੈ। ਉਸ ਕੋਲੋਂ ਆਈ.ਬੀ., ਰਾਅ ਅਤੇ ਫੌਜ ਦੀਆਂ ਖੁਫੀਆ ਟੀਮਾਂ ਪੁੱਛਗਿੱਛ ਕਰਨਗੀਆਂ। ਇਸ ਤੋਂ ਬਾਅਦ ਐਨ.ਆਈ.ਏ. ਦਵਿੰਦਰ ਸਿੰਘ ਨੂੰ ਆਪਣੀ ਕਸਟੱਡੀ ਵਿਚ ਲੈ ਲਵੇਗੀ। ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਨੂੰ ਲੰਘੇ ਐਤਵਾਰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦ ਉਹ ਨਵੀਦ ਬਾਬਾ ਨੂੰ ਆਪਣੀ ਕਾਰ ਵਿਚ ਲਿਜਾ ਰਿਹਾ ਸੀ।
ਦਵਿੰਦਰ ਸਿੰਘ ਦੀ ਜੰਮੂ ਕਸ਼ਮੀਰ, ਦਿੱਲੀ ਅਤੇ ਚੰਡੀਗੜ੍ਹ ਵਿਚ ਵੀ ਹੈ ਜਾਇਦਾਦ
ਸ੍ਰੀਨਗਰ : ਡੀਐਸਪੀ ਦੇ ਅਹੁਦੇ ‘ਤੇ ਰਹਿੰਦਿਆਂ ਦਵਿੰਦਰ ਸਿੰਘ ਨੇ ਵੱਡੀ ਜਾਇਦਾਦ ਬਣਾ ਲਈ ਸੀ। ਕਸ਼ਮੀਰ, ਜੰਮੂ ਤੋਂ ਇਲਾਵਾ ਚੰਡੀਗੜ੍ਹ ਅਤੇ ਦਿੱਲੀ ਵਿਚ ਵੀ ਉਸਦੀ ਜਾਇਦਾਦ ਹੈ। ਉਹ ਅਕਸਰ ਦਿੱਲੀ ਅਤੇ ਚੰਡੀਗੜ੍ਹ ਜਾਂਦਾ ਰਹਿੰਦਾ ਸੀ। ਜਾਣਕਾਰੀ ਮੁਤਾਬਕ ਜੰਮੂ ਦੇ ਬਾਹਰੀ ਖੇਤਰ ਗਾੜੀਗੜ੍ਹ ਵਿਚ ਵੀ ਉਸਦਾ ਇਕ ਮਕਾਨ ਦੱਸਿਆ ਜਾ ਰਿਹਾ ਹੈ। ਕੁਝ ਰਿਸ਼ਤੇਦਾਰ ਵੀ ਇਸੇ ਇਲਾਕੇ ਵਿਚ ਰਹਿੰਦੇ ਹਨ। ਦੱਖਣੀ ਕਸ਼ਮੀਰ ਦੇ ਤਰਾਲ ਵਿਚ ਉਸਦਾ ਜੱਦੀ ਮਕਾਨ ਹੈ। ਇਸ ਤੋਂ ਇਲਾਵਾ ਸ੍ਰੀਨਗਰ ਵਿਚ ਬਦਾਮੀ ਬਾਗ ਵਿਚ ਵੀ ਆਲੀਸ਼ਾਨ ਘਰ ਬਣਾਇਆ ਹੋਇਆ ਹੈ। ਇਹ ਘਰ ਬਦਾਮੀ ਬਾਗ ਫੌਜੀ ਛਾਉਣੀ ਦੇ ਨੇੜੇ ਹੈ। ਬਦਾਮੀ ਬਾਗ ਛਾਉਣੀ ਅਤਿ ਸੰਵੇਦਨਸ਼ੀਲ ਇਲਾਕਾ ਹੈ। ਸਿਰਫ ਸ੍ਰੀਨਗਰ ਵਿਚ ਹੀ ਨਹੀਂ ਦੱਖਣੀ ਕਸ਼ਮੀਰ ਦੇ ਤਰਾਲ ਵਿਚ ਸਥਿਤ ਜੱਦੀ ਮਕਾਨ ਵਿਚ ਉਹ ਅੱਤਵਾਦੀਆਂ ਨੂੰ ਜ਼ਰੂਰਤ ਦੇ ਅਨੁਸਾਰ ਰਿਹਾਇਸ਼ ਪ੍ਰਦਾਨ ਕਰਦਾ ਸੀ। ਉਨ੍ਹਾਂ ਦੇ ਹਥਿਆਰਾਂ ਦਾ ਬੰਦੋਬਸਤ ਵੀ ਕਰਦਾ ਸੀ ਅਤੇ ਬਦਲੇ ਵਿਚ ਮੋਟੀ ਰਕਮ ਵੀ ਲੈਂਦਾ ਸੀ। ਜਾਣਕਾਰੀ ਮਿਲੀ ਹੈ ਕਿ ਉਸਦੇ ਪਰਿਵਾਰ ਦੇ ਨਾਮ ‘ਤੇ ਕਈ ਖਾਤੇ ਹਨ। ਮਾਮਲੇ ਦੀ ਜਾਂਚ ਲਈ 10 ਤੋਂ ਜ਼ਿਆਦਾ ਟੀਮਾਂ ਬਣਾਈਆਂ ਗਈਆਂ ਹਲ। ਇਨ੍ਹਾਂ ਵਿਚ ਪੁਲਿਸ ਅਤੇ ਕੇਂਦਰੀ ਖੁਫੀਆ ਏਜੰਸੀਆਂ ਦੀਆਂ ਟੀਮਾਂ ਵੀ ਸ਼ਾਮਲ ਹਨ।
ਪਹਿਲਾਂ ਹਵਾਈ ਜਹਾਜ਼ ਰਾਹੀਂ ਅੱਤਵਾਦੀਆਂ ਨੂੰ ਚੰਡੀਗੜ੍ਹ ਪਹੁੰਚਾਉਣ ਦਾ ਸੀ ਪਲਾਨ
ਨਵੀਦ ਬਾਬੂ ਅਤੇ ਹੋਰ ਤਿੰਨ ਵਿਅਕਤੀਆਂ ਨੂੰ ਸੜਕ ਰਸਤੇ ਚੰਡੀਗੜ੍ਹ ਭੇਜਣ ਤੋਂ ਪਹਿਲਾਂ ਦਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਸ੍ਰੀਨਗਰ ਸਥਿਤ ਮਕਾਨ ਵਿਚ ਠਹਿਰਾਇਆ ਸੀ। ਇਸ ਤੋਂ ਪਹਿਲਾਂ ਉਸ ਨੇ ਸਾਰਿਆਂ ਨੂੰ ਹਵਾਈ ਜਹਾਜ਼ ਰਾਹੀਂ ਕਸ਼ਮੀਰ ਤੋਂ ਬਾਹਰ ਲਿਜਾਣ ਦੀ ਯੋਜਨਾ ਬਣਾਈ ਸੀ, ਪਰ ਏਅਰਪੋਰਟ ‘ਤੇ ਫੜੇ ਜਾਣ ਦੇ ਡਰ ਤੋਂ ਇਰਾਦਾ ਬਦਲ ਲਿਆ ਸੀ। ਉਸ ਨੇ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਬਾਹਰ ਲਿਜਾਣ ਲਈ ਚਾਰ ਦਿਨ ਦੀ ਛੁੱਟੀ ਵੀ ਲੈ ਰੱਖੀ ਸੀ। ਦਵਿੰਦਰ ਸਿੰਘ ਖੁਦ ਵੀ ਅੱਤਵਾਦੀਆਂ ਨੂੰ ਹੱਲਾਸ਼ੇਰੀ ਦਿੰਦਾ ਸੀ। ਜੇਕਰ ਕਿਸੇ ਨਾਕੇ ‘ਤੇ ਪੁਲਿਸ ਜਾਂ ਕੋਈ ਹੋਰ ਸੁਰੱਖਿਆ ਏਜੰਸੀ ਉਸਦੇ ਵਾਹਨ ਨੂੰ ਰੋਕਦੀ ਤਾਂ ਉਹ ਆਪਣੇ ਅਹੁਦੇ ਦਾ ਹਵਾਲਾ ਦੇ ਕੇ ਨਿਕਲ ਜਾਂਦਾ ਸੀ।
ਐਸ ਪੀ ਬਣਨ ਵਾਲਾ ਸੀ ਦਵਿੰਦਰ ਸਿੰਘ
ਦਵਿੰਦਰ ਦੀ ਤਰੱਕੀ ਕਈ ਸਾਲਾਂ ਤੋਂ ਉਸ ਖਿਲਾਫ ਦਰਜ ਮਾਮਲਿਆਂ ਕਰਕੇ ਰੁਕੀ ਹੋਈ ਸੀ। ਪਰ ਹੁਣ ਪ੍ਰਸ਼ਾਸਨ ਨੇ ਉਸ ਨੂੰ ਐਸਪੀ ਬਣਾਉਣ ਲਈ ਮਨਜੂਰੀ ਦੇ ਦਿੱਤੀ ਸੀ। ਦਵਿੰਦਰ ਸਿੰਘ ਪੁਲਿਸ ਦੀ ਰਾਡਾਰ ‘ਤੇ ਕਈ ਦਿਨਾਂ ਤੋਂ ਸੀ ਅਤੇ ਆਖਰ ਸ਼ਿਕੰਜੇ ਵਿਚ ਫਸ ਹੀ ਗਿਆ।
ਅੱਤਵਾਦੀਆਂ ਲਈ ਚੰਡੀਗੜ੍ਹ ‘ਚ ਰਿਹਾਇਸ਼ ਬਦਲੇ ਡੀਐੱਸਪੀ ਨੇ ਲਏ ਲੱਖਾਂ ਰੁਪਏ
ਸ੍ਰੀਨਗਰ : ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਨਵੀਦ ਬਾਬੂ ਨੂੰ ਲੰਘੇ ਵਰ੍ਹੇ ਜੰਮੂ ਵੀ ਲੈ ਕੇ ਗਿਆ ਸੀ ਤੇ ਮਗਰੋਂ ਉਸ ਦੀ ਸ਼ੋਪੀਆਂ ਵਾਪਸੀ ਵੀ ਯਕੀਨੀ ਬਣਾਈ ਸੀ। ਜਾਂਚ ਕਰਤਾਵਾਂ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਦਹਿਸ਼ਤਗਰਦ ਨਵੀਦ ਬਾਬੂ ਉਰਫ਼ ਬਾਬਰ ਆਜ਼ਮ ਤੇ ਆਸਿਫ਼ ਅਹਿਮਦ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਨਜ਼ਨੀਨਪੁਰਾ ਦੇ ਵਾਸੀ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦਵਿੰਦਰ ਨੇ ਦੋਵਾਂ ਨੂੰ ਚੰਡੀਗੜ੍ਹ ‘ਚ ਕੁਝ ਮਹੀਨੇ ਰਿਹਾਇਸ਼ ਦਾ ਪ੍ਰਬੰਧ ਕਰ ਕੇ ਦੇਣ ਲਈ 12 ਲੱਖ ਰੁਪਏ ਲਏ ਸਨ। ਪੁੱਛਗਿੱਛ ਕਰਨ ਵਾਲਿਆਂ ਮੁਤਾਬਕ ਡੀਐੱਸਪੀ ਦੇ ਬਿਆਨ ਮੇਲ ਨਹੀਂ ਖਾ ਰਹੇ ਤੇ ਇਨ੍ਹਾਂ ਨੂੰ ਦਹਿਸ਼ਤਗਰਦਾਂ ਦੇ ਬਿਆਨਾਂ ਨਾਲ ਮੇਲ ਕੇ ਦੇਖਿਆ ਜਾ ਰਿਹਾ ਹੈ।
ਨਵੀਦ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਜੰਮੂ ਕਸ਼ਮੀਰ ਪੁਲਿਸ ਤੋਂ ਬਚਣ ਲਈ ਪਹਾੜੀ ਖਿੱਤੇ ਵਿਚ ਰਹਿੰਦੇ ਸਨ ਤੇ ਸਖ਼ਤ ਸਰਦੀ ਤੋਂ ਬਚਣ ਲਈ ਮਗਰੋਂ ਇਲਾਕਾ ਛੱਡ ਦਿੰਦੇ ਸਨ। ਡੀਐੱਸਪੀ ਦੇ ਬੈਂਕ ਖ਼ਾਤਿਆਂ ਤੇ ਹੋਰ ਅਸਾਸਿਆਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਕੇਸ ਐੱਨਆਈਏ ਨੂੰ ਵੀ ਸੌਂਪਿਆ ਜਾ ਸਕਦਾ ਹੈ। ਸੇਵਾਮੁਕਤ ਤੇ ਪੁਲਿਸ ਸੇਵਾ ‘ਚ ਮੌਜੂਦ ਕਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀਆਂ ਸਥਿਤੀਆਂ ਵਿਚ ਦਵਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਬਾਰੇ ਸ਼ੱਕ ਪਹਿਲਾਂ ਹੀ ਸੀ। ਉਸ ਖਿਲਾਫ ਐਕਸ਼ਨ ਪ੍ਰੋਬੇਸ਼ਨ ਪੀਰੀਅਡ ‘ਚ ਹੀ ਲਿਆ ਜਾਣਾ ਚਾਹੀਦਾ ਸੀ। 1990 ਵਿਚ ਸਬ ਇੰਸਪੈਕਟਰ ਵਜੋਂ ਭਰਤੀ ਹੋਇਆ ਮੁਅੱਤਲ ਡੀਐੱਸਪੀ ਪਹਿਲਾਂ ਵੀ ਕਈ ਵਿਵਾਦਾਂ ‘ਚ ਘਿਰਿਆ ਰਿਹਾ ਹੈ। ਸ਼ੋਪੀਆਂ ਤੇ ਪੁਲਵਾਮਾ ਵਿਚ ਉਸ ਨੂੰ 2015 ‘ਚ ਤਾਇਨਾਤ ਕੀਤਾ ਗਿਆ ਸੀ। ਕਿਸੇ ਗਲਤ ਗਤੀਵਿਧੀ ਕਾਰਨ ਅਗਸਤ 2018 ‘ਚ ਉਸ ਦਾ ਸ੍ਰੀਨਗਰ ਤਬਾਦਲਾ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਪੁਲਿਸ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਡੀਐੱਸਪੀ ਨੂੰ ਬਹਾਦਰੀ ਸਨਮਾਨ ਮਿਲਿਆ ਹੋਇਆ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …