ਨਵੀਂ ਦਿੱਲੀ/ਬਿਊਰੋ ਨਿਊਜ਼
66 ਸਾਲਾ ਮਮਤਾ ਬੈਨਰਜੀ ਨੇ ਅੱਜ ਵਿਧਾਇਕ ਵਜੋਂ ਸਹੁੰ ਚੁੱਕ ਲਈ ਹੈ ਅਤੇ ਹੁਣ ਮੁੱਖ ਮੰਤਰੀ ਵਾਲੀ ਉਨ੍ਹਾਂ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਹੈ। ਪੱਛਮੀ ਬੰਗਾਲ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਰਾਜਪਾਲ ਵਿਧਾਇਕਾਂ ਨੂੰ ਸਹੰੁ ਚੁਕਵਾਉਣ ਲਈ ਵਿਧਾਨ ਸਭਾ ਪਹੁੰਚੇ ਹੋਣ। ਦਿਲਚਸਪ ਗੱਲ ਇਹ ਦੇਖਣ ਨੂੰ ਮਿਲੀ ਕਿ ਸਹੁੰ ਚੁੱਕ ਸਮਾਗਮ ਦੌਰਾਨ ਰਾਜਪਾਲ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਰਮਿਆਨ ਅੱਜ ਕੋਈ ਤਲਖੀ ਨਜ਼ਰ ਨਹੀਂ ਆਈ। ਇਸ ਤੋਂ ਪਹਿਲਾਂ ਦੋਵੇਂ ਇਕ-ਦੂਜੇ ’ਤੇ ਜ਼ੁਬਾਨੀ ਹਮਲੇ ਕਰਦੇ ਰਹਿੰਦੇ ਸਨ। ਮਮਤਾ ਬੈਨਰਜੀ ਨੇ ਉਪ ਚੋਣ ’ਚ ਭਵਾਨੀਪੁਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਿ੍ਰਯੰਕਾ ਟਿਬਰੇਵਾਲਾ ਨੂੰ 58 ਹਜ਼ਾਰ ਤੋਂ ਵੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਰਾਇਆ। ਕਾਲਜ ਦੇ ਦਿਨਾਂ ਤੋਂ ਹੀ ਰਾਜਨੀਤੀ ’ਚ ਆਉਣ ਵਾਲੀ ਮਮਤਾ ਬੈਨਰਜੀ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਆਈਆਂ ਪ੍ਰੰਤੂ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। 1990 ਵਿਚ ਉਨ੍ਹਾਂ ’ਤੇ ਜਾਨਲੇਵਾ ਹਮਲਾ ਹੋਇਆ, 1993 ’ਚ ਉਨ੍ਹਾਂ ਨੂੰ ਪੁਲਿਸ ਵੱਲੋਂ ਕੁੱਟਿਆ ਗਿਆ ਪ੍ਰੰਤੂ ਉਹ ਹਰ ਹਮਲੇ ਤੋਂ ਬਾਅਦ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਕੇ ਸਾਹਮਣੇ ਆਏ। ਹੁਣ ਉਨ੍ਹਾਂ ਦਾ ਨਿਸ਼ਾਨਾ ਬੀਜੇਪੀ ਨੂੰ ਕੇਂਦਰ ਦੀ ਸੱਤਾ ਤੋਂ ਬਾਹਰ ਕਰਨ ਦਾ ਹੈ, ਜਿਸ ਦੇ ਲਈ ਉਹ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।