ਮੋਦੀ ਨੇ ਕਿਹਾ-ਕਰੋਨਾ ਕਾਲ ਦੌਰਾਨ ਆਕਸੀਜਨ ਦੀ ਸਪਲਾਈ ਬਣੀ ਸੀ ਚੁਣੌਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ 35 ਪੀਐਸਏ ਆਕਸੀਜਨ ਪਲਾਂਟਾਂ ਦੀ ਅੱਜ ਸੌਗਾਤ ਦਿੱਤੀ, ਜਿਸ ਦੀ ਸ਼ੁਰੂਆਤ ਉਤਰਾਖੰਡ ਦੇ ਰਿਸ਼ੀਕੇਸ ’ਚ ਸਥਿਤ ਏਮਸ ਤੋਂ ਕੀਤੀ ਗਈ। ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਨਾਲ ਲੜਾਈ ਸਮੇਂ ਆਕਸੀਜਨ ਦੀ ਸਪਲਾਈ ਦੇਸ਼ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਈ ਸੀ, ਜਿਸ ਨੂੰ ਹੁਣ ਹੌਲੀ ਹੌਲੀ ਕਰਕੇ ਹੱਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਹਰ ਜ਼ਿਲ੍ਹੇ ’ਚ ਮੈਡੀਕਲ ਕਾਲਜ ਵੀ ਖੋਲ੍ਹਣਾ ਚਾਹੁੰਦੀ ਹੈ। ਮੋਦੀ ਨੇ ਕਿਹਾ ਕਿ ਭਵਿੱਖ ’ਚ ਕਰੋਨਾ ਨਾਲ ਲੜਾਈ ਨੂੰ ਮਜ਼ਬੂਤ ਕਰਨ ਲਈ 1100 ਤੋਂ ਜ਼ਿਆਦਾ ਆਕਸੀਜਨ ਪਲਾਂਟਾਂ ਨੇ ਇਸ ਸਮੇਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕੇਅਰ ਫੰਡ ਨਾਲ ਹਰ ਜ਼ਿਲ੍ਹਾ ਪੀਐਸਏ ਆਕਸੀਜਨ ਪਲਾਂਟ ਨਾਲ ਜੁੜ ਗਿਆ ਹੈ। ਦੇਸ਼ ਨੂੰ ਚਾਰ ਹਜ਼ਾਰ ਨਵੇਂ ਆਕਸੀਜਨ ਪਲਾਂਟ ਮਿਲਣ ਜਾ ਰਹੇ ਹਨ। ਆਕਸੀਜਨ ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਦੇਸ਼ ਦੇ ਹਸਪਤਾਲ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਮਰੱਥ ਹੋ ਗਏ ਹਨ।