Breaking News
Home / ਭਾਰਤ / ਪਛਾਣ ਕਾਇਮ ਰੱਖਣ ਅਤੇ ਜ਼ਿੰਦਗੀ ਬਸਰ ਕਰਨ ਲਈ ਜੂਝ ਰਹੇ ਹਨ ਸਿੱਖ ਤੇ ਹਿੰਦੂ ਸ਼ਰਨਾਰਥੀ

ਪਛਾਣ ਕਾਇਮ ਰੱਖਣ ਅਤੇ ਜ਼ਿੰਦਗੀ ਬਸਰ ਕਰਨ ਲਈ ਜੂਝ ਰਹੇ ਹਨ ਸਿੱਖ ਤੇ ਹਿੰਦੂ ਸ਼ਰਨਾਰਥੀ

ਸੁਰਵੀਰ ਸਿੰਘ ਨੂੰ ਭਾਰਤ ‘ਚ 27 ਸਾਲਾਂ ਬਾਅਦ ਵੀ ਨਹੀਂ ਮਿਲੀ ਨਾਗਕਿਰਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫ਼ਗਾਨਿਸਤਾਨ ਵਿਚ ਲੰਮੇਂ ਸਮੇਂ ਤੋਂ ਧਾਰਮਿਕ ਕੱਟੜਵਾਦ ਦੇ ਪਸਾਰੇ ਕਾਰਨ ਹੁੰਦੇ ਇਨਸਾਨੀਅਤ ਦੇ ਘਾਣ ਵਿਚੋਂ ਕਿਸੇ ਤਰ੍ਹਾਂ ਜਾਨ ਬਚਾ ਕੇ ਨਿਕਲੇ ਸੁਰਵੀਰ ਸਿੰਘ ਨੂੰ ਕੁਝ ਕੁ ਮਹੀਨਿਆਂ ਬਾਅਦ ਆਪਣੀ ਪਛਾਣ ਕਾਇਮ ਰੱਖਣ ਤੇ ਜ਼ਿੰਦਗੀ ਬਸਰ ਕਰਨ ਵਿਚਾਲੇ ਜੂਝਣਾ ਪੈਂਦਾ ਹੈ। ਆਪਣੀ ‘ਕੁਦਰਤੀ ਜਨਮਭੂਮੀ’ ਭਾਰਤ ਵਿਚ 27 ਵਰ੍ਹੇ ਬਾਅਦ ਵੀ ਉਸ ਨੂੰ ਨਾਗਰਿਕਤਾ ਨਹੀਂ ਮਿਲ ਸਕੀ ਤੇ ਨਾ ਹੀ ਸਥਾਈ ਨੌਕਰੀ ਮਿਲ ਸਕੀ ਹੈ। ਅੰਮ੍ਰਿਤਸਰ ਵਿਚ ਪਰਿਵਾਰ ਦੇ ਚਾਰ ਜੀਆਂ ਨਾਲ ਰਹਿ ਰਹੇ ਸੁਰਵੀਰ ਸਿੰਘ (33) ਮੁਤਾਬਕ ਹੋਂਦ ਬਣਾਏ ਰੱਖਣ ਲਈ ਤਕੜਾ ਸੰਘਰਸ਼ ਕਰਨਾ ਪੈ ਰਿਹਾ ਹੈ ਤੇ ਹਰ ਮਹੀਨੇ ਸਰਕਾਰੀ ਪ੍ਰਵਾਨਗੀਆਂ ਲਈ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਹਨ। ਸੁਰਵੀਰ ਦਾ ਪਰਿਵਾਰ ਅਫ਼ਗਾਨਿਸਤਾਨ ਦੇ ਗੜਬੜੀ ਵਾਲੇ ਇਲਾਕੇ ਨੰਗਰਹਰ ਸੂਬੇ ਵਿਚੋਂ 1992 ਵਿਚ ਭਾਰਤ ਆ ਗਿਆ ਸੀ। ਸੋਵੀਅਤ ਸੰਘ ਦੇ ਅਫ਼ਗਾਨਿਸਤਾਨ ਛੱਡਣ ਤੇ ਮੁਜਾਹਿਦੀਨ ਦੇ ਉਭਾਰ ਤੋਂ ਬਾਅਦ ਵੱਡੀ ਗਿਣਤੀ ਹਿੰਦੂਆਂ ਤੇ ਸਿੱਖਾਂ ਨੇ ਉਨ੍ਹਾਂ ਦਿਨਾਂ ਵਿਚ ਭਾਰਤ ਵਿਚ ਸ਼ਰਨ ਲਈ। ਸਿਤਮ ਦੀ ਗੱਲ ਇਹ ਹੈ ਕਿ ਪਰਿਵਾਰ ਲਈ ਰੋਟੀ ਕਮਾਉਣ ਵਾਲਾ ਸੁਰਵੀਰ ਇੱਕੋ-ਇਕ ਜੀਅ ਹੈ ਤੇ ਵੱਖ-ਵੱਖ ਤਰ੍ਹਾਂ ਦੀਆਂ ਆਰਜ਼ੀ ਨੌਕਰੀਆਂ ਕਰਕੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਪਰਿਵਾਰ ਇਕੱਠਿਆਂ ਹੀ ਅਫ਼ਗਾਨਿਸਤਾਨ ਤੋਂ ਭਾਰਤ ਆਇਆ ਸੀ, ਪਰ ਪਰਿਵਾਰ ਦੇ ਜੀਆਂ ਨੂੰ ਵੀਜ਼ਾ ਤੇ ਸ਼ਰਨਾਰਥੀ ਸਰਟੀਫ਼ਿਕੇਟ ਵੱਖ-ਵੱਖ ਤਰੀਕਾਂ ਨੂੰ ਜਾਰੀ ਕੀਤੇ ਗਏ। ਦਸਤਾਵੇਜ਼ ਠੀਕ ਰੱਖਣ ਲਈ ਸੁਰਵੀਰ ਨੂੰ ਹੁਣ ਲਗਾਤਾਰ ਸਰਕਾਰੀ ਦਫ਼ਤਰਾਂ ਦੇ ਗੇੜੇ ਲਾਉਣੇ ਪੈਂਦੇ ਹਨ। ਉਨ੍ਹਾਂ ਕਈ ਸਿਆਸੀ ਆਗੂਆਂ ਕੋਲ ਨਾਗਰਿਕਤਾ ਲੈਣ ਲਈ ਮਦਦ ਦੇਣ ਸਬੰਧੀ ਪਹੁੰਚ ਕੀਤੀ, ਪਰ ਭਰੋਸਿਆਂ ਤੋਂ ਬਿਨਾਂ ਕੁਝ ਹਾਸਲ ਨਹੀਂ ਹੋਇਆ। ਸੁਰਵੀਰ ਨੇ ਦੱਸਿਆ ਕਿ ਦਸਤਾਵੇਜ਼ ਹਰ 12 ਮਹੀਨਿਆਂ ਬਾਅਦ ਨਵਿਆਉਣੇ ਪੈਂਦੇ ਹਨ ਤੇ ਹਰ ਦੋ-ਤਿੰਨ ਮਹੀਨਿਆਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਨਵੀਂ ਦਿੱਲੀ ਜਾਣਾ ਪੈਂਦਾ ਹੈ। ਸੁਰਵੀਰ ਨੇ ਕਿਹਾ ਕਿ ਉਹ ਇਸ ਆਰਜ਼ੀ ਦਰਜੇ ਤੋਂ ਤੰਗ ਆ ਗਿਆ ਹੈ। ਆਪਣਾ ਦੁੱਖੜਾ ਸਾਂਝਾ ਕਰਦਿਆਂ ਸੁਰਵੀਰ ਨੇ ਕਿਹਾ
ਕਿ ਸ਼ਰਨਾਰਥੀ ਨੂੰ ਕੋਈ ਨੌਕਰੀ ‘ਤੇ ਵੀ ਨਹੀਂ ਰੱਖਣਾ ਚਾਹੁੰਦਾ। ਉਸ ਨੇ ਕਿਹਾ ਕਿ ਨੌਕਰੀਆਂ ਘੱਟ ਤਨਖ਼ਾਹ ਵਾਲੀਆਂ ਹੀ ਮਿਲਦੀਆਂ ਹਨ। ਹਰ ਦੋ-ਤਿੰਨ ਮਹੀਨੇ ਬਾਅਦ ਛੁੱਟੀ ਲੈ ਕੇ ਦਿੱਲੀ ਜਾਣਾ ਪੈਂਦਾ ਹੈ ਤੇ ਕੰਮ ਦੇਣ ਵਾਲੇ ਐਨੀਆਂ ਛੁੱਟੀਆਂ ਮਨਜ਼ੂਰ ਨਹੀਂ ਕਰਦੇ। ਪਾਕਿਸਤਾਨ ਤੇ ਅਫ਼ਗਾਨਿਸਤਾਨ ਤੋਂ ਆਏ ਆਵਾਸੀਆਂ ਦੀਆਂ ਮੁਸ਼ਕਲਾਂ ਇਥੇ ਹੀ ਖ਼ਤਮ ਨਹੀਂ ਹੁੰਦੀਆਂ। ਉਨ੍ਹਾਂ ਨੂੰ ਗਾਰੰਟੀ ਦੇਣ ਵਾਲੇ ਦੋ ਭਾਰਤੀ ਨਾਗਰਿਕ ਵੀ ਲੱਭਣੇ ਪੈਂਦੇ ਹਨ, ਜੋ ਬਹੁਤ ਔਖੇ ਲੱਭਦੇ ਹਨ। ਪਾਕਿਸਤਾਨ ਵਿਚ ਕਰੋੜਾਂ ਰੁਪਏ ਦੀ ਜਾਇਦਾਦ ਛੱਡ ਕੇ ਪਰਿਵਾਰ ਸਮੇਤ 1999 ਵਿਚ ਪੰਜਾਬ ਆਏ ਸਰਨ ਸਿੰਘ (50) ਨੇ ਦੱਸਿਆ ਕਿ ਉਨ੍ਹਾਂ ਨਾਲ ਪਾਕਿ ਵਿਚ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਵਿਹਾਰ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਧਰਮ ਬਦਲਣ ਲਈ ਵੀ ਮਜਬੂਰ ਕੀਤਾ ਜਾਂਦਾ ਰਿਹਾ। ਸਰਨ ਸਿੰਘ ਨੇ ਕਿਹਾ ਕਿ ਜਦ ਉਹ ਪਾਕਿਸਤਾਨ ਵਿਚ ਸਨ ਤਾਂ ਉੱਥੇ ਲੋਕ ਹਿੰਦੂ ਤੇ ਸਿੱਖ ਹੋਣ ਕਰਕੇ ਭਾਰਤ ਨੂੰ ਉਨ੍ਹਾਂ ਦਾ ਮੁਲਕ ਦੱਸਦੇ ਸਨ। ਹੁਣ ਜਦ ਉਹ ਭਾਰਤ ਆ ਗਏ ਹਨ ਤਾਂ ਉਨ੍ਹਾਂ ਨੂੰ ਪਾਕਿਸਤਾਨੀ ਦੱਸ ਕੇ ਸ਼ਰਨਾਰਥੀ ਦਾ ਦਰਜਾ ਦੇ ਦਿੱਤਾ ਗਿਆ ਹੈ ਤੇ ਨਾਗਰਕਿਤਾ ਲਈ ਐਨਾ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਰਨ ਸਿੰਘ ਨੇ ਕਿਹਾ ਕਿ ਨਾਗਰਿਕਤਾ ਦੀ ਅਣਹੋਂਦ ਕਾਰਨ ‘ਆਧਾਰ’ ਤੇ ਵੋਟਰ ਕਾਰਡ ਜਿਹੇ ਦਸਤਾਵੇਜ਼ ਨਹੀਂ ਹਨ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬੱਚਿਆਂ ਨੂੰ ਪੜ੍ਹਾਉਣ ਤੋਂ ਵੀ ਉਹ ਅਸਮਰੱਥ ਹਨ। ਪੰਜਾਬ ਵਿਚ ਰਹਿ ਰਹੇ ਸ਼ਰਨਾਰਥੀਆਂ ਦੀ ਹਾਲਤ ਹੋਰ ਵੀ ਬਦਤਰ ਹੈ ਕਿਉਂਕਿ ਜਦ ਉਹ ਨਾਗਰਿਕਤਾ ਲਈ ਅਰਜ਼ੀ ਪਾਉਂਦੇ ਹਨ ਤਾਂ ਦਿੱਲੀ ਪੁੱਜਣ ਦੀ ਬਜਾਏ ਉਹ ਰਾਹ ਵਿਚ ਹੀ ਉਲਝ ਜਾਂਦੀ ਹੈ। ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਨੂੰ ਇਹ ਸਾਬਤ ਕਰਨ ਲਈ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਮਾਪੇ ਜਾਂ ਵੱਡੇ ਬਜ਼ੁਰਗ ਅਣਵੰਡੇ ਭਾਰਤ ਵਿਚ ਜਨਮੇ ਸਨ। ਅਫ਼ਗਾਨਿਸਤਾਨ ਵਿਚ ਕਿਸੇ ਵੇਲੇ 2.20 ਲੱਖ ਹਿੰਦੂ ਤੇ ਸਿੱਖ ਸਨ ਜੋ ਹੁਣ ਘੱਟ ਕੇ 5,000 ਰਹਿ ਗਏ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਨਾਗਰਿਕਤਾ ਸੋਧ ਬਿੱਲ ਨੇ ਇਨ੍ਹਾਂ ਸ਼ਰਨਾਰਥੀਆਂ ਵਿਚ ਹੁਣ ਕੁਝ ਆਸ ਜਗਾਈ ਹੈ। ਬਿੱਲ ਵਿਚ ਅਫ਼ਗਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਤੋਂ ਆਏ ਘੱਟ ਗਿਣਤੀ- ਹਿੰਦੂ, ਸਿੱਖਾਂ, ਬੋਧੀ, ਜੈਨੀ, ਪਾਰਸੀ ਤੇ ਈਸਾਈਆਂ ਨੂੰ ਭਾਰਤ ਵਿਚ ਛੇ ਸਾਲ ਰਹਿਣ ਮਗਰੋਂ ਨਾਗਰਿਕਤਾ ਦੇਣ ਦੀ ਤਜਵੀਜ਼ ਹੈ, ਭਾਵੇਂ ਉਨ੍ਹਾਂ ਕੋਲ ਕੋਈ ਦਸਤਾਵੇਜ਼ ਹੋਵੇ ਜਾਂ ਨਾ। ਸੁਰਵੀਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬਿੱਲ ਜਲਦੀ ਪਾਸ ਕੀਤੇ ਜਾਵੇ। ਬਿੱਲ ਨੂੰ ਫ਼ਿਲਹਾਲ ਰਾਜ ਸਭਾ ਦੀ ਮਨਜ਼ੂਰੀ ਮਿਲਣੀ ਬਾਕੀ ਹੈ।ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਨੂੰ ਬਿੱਲ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਤੇ ਇਨਸਾਨੀਅਤ ਦੇ ਆਧਾਰ ‘ਤੇ ਬਿੱਲ ਨੂੰ ਪਾਸ ਕਰਨ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਨਮਾਨ ਭਰੀ ਜ਼ਿੰਦਗੀ ਜਿਊਣ ਲਈ ਉਨ੍ਹਾਂ ਲਈ ਇਹੀ ਇੱਕੋ-ਇਕ ਰਾਹ ਬਚਿਆ ਹੈ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …