Breaking News
Home / ਭਾਰਤ / ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਦਿੱਤਾ ਠੋਕਵਾਂ ਜਵਾਬ

ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਦਿੱਤਾ ਠੋਕਵਾਂ ਜਵਾਬ

ਗੁਸਲਖਾਨਿਆਂ ‘ਚ ਝਾਤੀਆਂ ਮਾਰਨਾ ਮੋਦੀ ਨੂੰ ਜ਼ਿਆਦਾ ਪਸੰਦ
ਲਖਨਊ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖ਼ਿਲਾਫ਼ ‘ਰੇਨਕੋਟ ਪਾ ਕੇ ਇਸ਼ਨਾਨ ਕਰਨ’ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਦਾ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਮੋਦੀ ‘ਲੋਕਾਂ ਦੇ ਗੁਸਲਖਾਨਿਆਂ ਵਿੱਚ ਝਾਤੀਆਂ ਮਾਰਨਾ’ ਜ਼ਿਆਦਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਨਾਲ ਪ੍ਰਧਾਨ ਮੰਤਰੀ ਨੂੰ ‘ਝਟਕਾ’ ਲੱਗੇਗਾ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸਪਾ-ਕਾਂਗਰਸ ਗੱਠਜੋੜ ਦਾ 10 ਨੁਕਾਤੀ ਸਾਂਝਾ ਪ੍ਰੋਗਰਾਮ ਜਾਰੀ ਕਰਦਿਆਂ ਰਾਹੁਲ ਨੇ ਕਿਹਾ, ‘ਮੋਦੀ ਜਨਮ ਪੱਤਰੀ ਪੜ੍ਹਨਾ, ਗੂਗਲ ‘ਤੇ ਸਰਚ ਮਾਰਨਾ ਅਤੇ ਲੋਕਾਂ ਦੇ ਗੁਸਲਖਾਨਿਆਂ ਵਿੱਚ ਝਾਕਣਾ ਪਸੰਦ ਕਰਦੇ ਹਨ ਪਰ ਉਹ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਵਿੱਚ ਨਾਕਾਮ ਰਹੇ ਹਨ। ਉਹ (ਮੋਦੀ) ਆਪਣੇ ਵਿਹਲੇ ਸਮੇਂ ਦੌਰਾਨ ਇਹ (ਗੁਸਲਖਾਨਿਆਂ ਵਿੱਚ ਝਾਤੀ ਮਾਰਨ) ਕੰਮ ਕਰ ਸਕਦੇ ਹਨ।’ ਸੰਸਦ ਵਿਚ ਡਾ. ਮਨਮੋਹਨ ਸਿੰਘ ਅਤੇ ਹਰਿਦੁਆਰ ਵਿਚ ਚੋਣ ਰੈਲੀ ਦੌਰਾਨ ਕਾਂਗਰਸ ਖ਼ਿਲਾਫ਼ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ, ‘ਮੈਂ ਕਾਂਗਰਸੀਆਂ ਨੂੰ ਕਹਿੰਦਾ ਹਾਂ, ਜ਼ੁਬਾਨ ਸੰਭਾਲ ਕੇ ਰੱਖੋ, ਨਹੀਂ ਤਾਂ ਮੇਰੇ ਕੋਲ ਤੁਹਾਡੀ ਪੂਰੀ ਜਨਮਪੱਤਰੀ ਪਈ ਹੈ।’ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸੀ ਆਗੂ ਨੇ ਮੋਦੀ ਨੂੰ ਵੰਗਾਰਦਿਆਂ ਕਿਹਾ, ‘ਤੁਸੀਂ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਧਾਨ ਮੰਤਰੀ ਹੋ।
ਤੁਸੀਂ ਕਾਂਗਰਸ ਦੀ ਜਨਮਪੱਤਰੀ ਕੱਢ ਸਕਦੇ ਹੋ ਅਤੇ ਇਸ ਦਿਸ਼ਾ ਵਿਚ ਅੱਗੇ ਵਧੋ।’ ਪ੍ਰਧਾਨ ਮੰਤਰੀ ਵੱਲੋਂ ਰਾਹੁਲ ਨੂੰ ਗੂਗਲ ‘ਤੇ ‘ਸਭ ਤੋਂ ਵੱਧ ਮਜ਼ਾਕ ਦਾ ਪਾਤਰ ਵਿਅਕਤੀ’ ਦੱਸੇ ਜਾਣ ਉਤੇ ਕਾਂਗਰਸ ਦੇ ਮੀਤ ਪ੍ਰਧਾਨ ਨੇ ਕਿਹਾ, ‘ਉਹ ਗੂਗਲ ‘ਤੇ ਸਰਚ ਕਰਨਾ ਪਸੰਦ ਕਰਦੇ ਹਨ ਪਰ ਉਹ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਵਿੱਚ ਨਾਕਾਮ ਰਹੇ ਹਨ। ਉਸ ਨੂੰ ਇਨ੍ਹਾਂ ਚੋਣਾਂ ਵਿੱਚ ਝਟਕਾ ਲੱਗੇਗਾ। ਅਸਲ ਵਿੱਚ ਮੋਦੀ ਦੀ ਨੀਤੀ ਧਿਆਨ ਭਟਕਾਉਣ ਵਾਲੀ ਹੈ। ਜਦੋਂ ਉਹ ਰੁਜ਼ਗਾਰ, ਸੁਰੱਖਿਆ, ਨੋਟਬੰਦੀ ਵਰਗੇ ਮੁੱਦਿਆਂ ਉਤੇ ਉੱਠਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ ਤਾਂ ਉਹ ਧਿਆਨ ਲਾਂਭੇ ਕਰਨ ਲਈ ਅਜਿਹੇ ਜੁਮਲੇ ਘੜਦੇ ਹਨ। ਹੁਣ ਤਾਂ ਸਾਰਾ ਮੁਲਕ ਇਸ ਬਾਰੇ ਜਾਣਦਾ ਹੈ।’ ਉਨ੍ਹਾਂ ਕਿਹਾ ਕਿ ਮੋਦੀ ਨੇ ਹਰ ਸਾਲ ਦੋ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਪਿਛਲੇ ਸਾਲ ਕੇਵਲ ਇਕ ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ। ਉਹ ਸੁਰੱਖਿਆ ਤੇ ਅੱਤਵਾਦ ਬਾਰੇ ਗੱਲਾਂ ਕਰਦੇ ਹਨ। ਸਰਜੀਕਲ ਹਮਲੇ ਦੇ ਸਿੱਟੇ ਵਜੋਂ ਸੁਰੱਖਿਆ ਬਲਾਂ ਦੇ 90 ਜਵਾਨਾਂ ਨੂੰ ਬਲੀਦਾਨ ਦੇਣਾ ਪਿਆ ਹੈ, ਜੋ ਪਿਛਲੇ ਸੱਤ ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ।
ਇਸ ਦੌਰਾਨ ਅਖਿਲੇਸ਼ ਯਾਦਵ ਨੇ ਕਿਹਾ, ‘ਅੱਜ ਇੰਟਰਨੈੱਟ ਦੇ ਦੌਰ ਵਿੱਚ ਕਿਸੇ ਦੀ ਵੀ ‘ਜਨਮਪੱਤਰੀ’ ਮਹਿਜ਼ ਇਕ ਕਲਿੱਕ ਦੂਰ ਹੈ।’ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੇ ਭਾਜਪਾ ਨੂੰ ਲੋਕਾਂ ਗੁੰਮਰਾਹ ਨਾ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਉਹ ਲੋਕਾਂ ਸਾਹਮਣੇ ਆ ਕੇ ਦੱਸਣ ਕੇ ਉਨ੍ਹਾਂ ਨੇ ਸੂਬੇ ਨੂੰ ਕੀ ਦਿੱਤਾ ਹੈ।

Check Also

ਗਲਵਾਨ ਘਾਟੀ ਵਿਚੋਂ ਪਿੱਛੇ ਹਟੀ ਚੀਨੀ ਫੌਜ

ਚੀਨੀ ਦਸਤਿਆਂ ਨੇ ਵਾਦੀ ‘ਚ ਲੱਗੇ ਤੰਬੂ ਪੁੱਟੇ ਤੇ ਆਰਜ਼ੀ ਢਾਂਚੇ ਢਾਹੇ ਨਵੀਂ ਦਿੱਲੀ: ਪਿਛਲੇ …