ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਸੰਧੂ ਹੋ ਸਕਦੇ ਨੇ ਭਾਜਪਾ ਦੇ ਉਮੀਦਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ’ਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਨਵੀਂ ਦਿੱਲੀ ਸਥਿਤ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਉਨ੍ਹਾਂ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪ੍ਰੇਰਣਾ ਸਦਕਾ ਹੀ ਭਾਰਤੀ ਜਨਤਾ ਪਾਰਟੀ ਵਿਚ ਸਾਮਲ ਹੋਏ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਤਰਨਜੀਤ ਸਿੰਘ ਸੰਧੂ ਨੂੰ ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਆਪਣਾ ਉਮੀਦਵਾਰ ਬਣਾ ਸਕਦੀ ਹੈ, ਕਿਉਂਕਿ ਸੰਧੂ ਕੁਝ ਦਿਨ ਪਹਿਲਾਂ ਅੰਮਿ੍ਰਤਸਰ ਵਿਚ ਹੀ ਸਨ ਅਤੇ ਉਨ੍ਹਾਂ ਵੱਲੋਂ ਇਲਾਕੇ ਦੇ ਵੱਖ-ਵੱਖ ਵਿਅਕਤੀਆਂ ਨਾਲ ਮੁਲਾਕਾਤਾਂ ਵੀ ਕੀਤੀਆਂ ਗਈਆਂ ਸਨ। ਤਰਨਜੀਤ ਸਿੰਘ ਸੰਧੂ ਮੂਲ ਰੂਪ ਵਿਚ ਪੰਜਾਬ ਦੇ ਹੀ ਰਹਿਣ ਵਾਲੇ ਹਨ ਅਤੇ ਉਹ ਪ੍ਰਸਿੱਧ ਸਮੁੰਦਰੀ ਪਰਿਵਾਰ ਨਾਲ ਸਬੰਧਤ ਹਨ। ਤਰਨਜੀਤ ਸੰਧੂ ਅਜ਼ਾਦੀ ਘੁਲਾਟੀਏ ਅਤੇ ਸ਼ਹੀਦ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸਥਾਪਕ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਦੇ ਪੁੱਤਰ ਹਨ।