Breaking News
Home / ਭਾਰਤ / ਜੰਮੂ ‘ਚ ਫੌਜ ਦੇ ਨਗਰੋਟਾ ਕੈਂਪ ‘ਤੇ ਅੱਤਵਾਦੀ ਹਮਲਾ

ਜੰਮੂ ‘ਚ ਫੌਜ ਦੇ ਨਗਰੋਟਾ ਕੈਂਪ ‘ਤੇ ਅੱਤਵਾਦੀ ਹਮਲਾ

32 ਮੇਜਰ ਅਤੇ 5 ਜਵਾਨ ਸ਼ਹੀਦ
ਵੱਖ-ਵੱਖ ਮੁਕਾਬਲਿਆਂ ‘ਚ 6 ਅੱਤਵਾਦੀ ਮਾਰੇ ਗਏ
ਜੰਮੂ  : ਜੰਮੂ ਖਿੱਤੇ ਵਿੱਚ ਹੋਏ ਦੋ ਵੱਡੇ ਅੱਤਵਾਦੀ ਹਮਲਿਆਂ ਵਿੱਚ ਮੰਗਲਵਾਰ ਨੂੰ ਦੋ ਮੇਜਰ ਅਤੇ ਪੰਜ ਜਵਾਨ ਸ਼ਹੀਦ ਹੋ ਗਏ ਅਤੇ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਸਣੇ ਅੱਠ ਜਵਾਨ ਜ਼ਖ਼ਮੀ ਹੋ ਗਏ।ਇਸ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ ਸੁਰੱਖਿਆ ਬਲਾਂ ਨੇ ਛੇ ਅੱਤਵਾਦੀਆਂ ਨੂੰ ਵੀ ਮਾਰ ਦਿੱਤਾ ਅਤੇ ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਗੋਲੀ ਸਿੱਕਾ ਵੀ ਮਿਲਿਆ ਹੈ।ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀ ਜੋ ਪੁਲਿਸ ਵਰਦੀ ਵਿੱਚ ਸਨ ਮੰਗਲਵਾਰ ਸਵੇਰੇ 9 ਵਜੇ ਨਗਰੋਟਾ ਵਿੱਚ ਫ਼ੌਜੀ ਕੈਂਪ ਵਿੱਚ ਦਾਖ਼ਲ ਹੋ ਗਏ। ਇੱਥੇ ਘੰਟਿਆਂਬੱਧੀ ਜਬਰਦਸਤ ਮੁਕਾਬਲਾ ਹੋਇਆ। ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਹਮਲੇ ਵਿੱਚ ਦੋ ਅਫ਼ਸਰਾਂ ਸਣੇ ਸੱਤ ਜਵਾਨ ਸ਼ਹੀਦ ਹੋ ਗਏ। ਇਸ ਮੌਕੇ ਤਿੰਨ ਅੱਤਵਾਦੀ ਵੀ ਮਾਰੇ ਗਏ। 12 ਜਵਾਨਾਂ ਤੋਂ ਇਲਾਵਾ ਦੋ ਔਰਤਾਂ ਅਤੇ ਦੋ ਬੱਚਿਆਂ ਨੂੰ ਅੱਤਵਾਦੀਆਂ ਦੀ ਚੁੰਗਲ ਵਿੱਚੋਂ ਛੁਡਾ ਲਿਆ ਗਿਆ। ਇਹ ਕੈਂਪ ਫੌਜ ਦੇ ਜੰਮੂ ਵਿੱਚ ਬਾਹਰਵਾਰ ਹੈੱਡਕੁਆਰਟਰ ਤੋਂ ਸਿਰਫ ਤਿੰਨ ਕਿਲੋਮੀਟਰ ਦੂਰ ਹੈ। ਵੇਰਵਿਆਂ ਅਨੁਸਾਰ ਅੱਤਵਾਦੀ ਗਰਨੇਡ ਹਮਲਾ ਕਰਕੇ ਅਤੇ ਸੰਤਰੀਆਂ ਉੱਤੇ ਗੋਲੀਆਂ ਚਲਾ ਕੇ ਅਫਸਰ ਮੈੱਸ ਵਿੱਚ ਦਾਖਲ ਹੋ ਗਏ। ਅੱਤਵਾਦੀਆਂ ਵੱਲੋਂ ਚਲਾਈ ਗੋਲੀ ਵਿੱਚ ਇੱਕ ਮੇਜਰ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ। ਅੱਤਵਾਦੀ ਇਸ ਤੋਂ ਬਾਅਦ ਦੋ ਇਮਾਰਤਾਂ ਵਿੱਚ ਦਾਖ਼ਲ ਹੋ ਗਏ। ਇਨ੍ਹਾਂ ਵਿੱਚ ਫੌਜੀਆਂ ਦੇ ਪਰਿਵਾਰ ਰਹਿੰਦੇ ਸਨ ਜਿਸ ਕਾਰਨ ਸਥਿੱਤੀ ਗੰਭੀਰ ਬਣ ਗਈ ਪਰ ਫੌਜ ਨੇ ਤੇਜੀ ਨਾਲ ਕਾਰਵਾਈ ਕਰਦਿਆਂ 12 ਜਵਾਨਾਂ, ਦੋ ਔਰਤਾਂ ਅਤੇ ਦੋ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਪਰ ਇਸ ਕਾਰਵਾਈ ਵਿੱਚ ਇੱਕ ਅਫਸਰ ਅਤੇ ઠਤਿੰਨ ਹੋਰ ਜਵਾਨ ਸ਼ਹੀਦ ਹੋ ਗਏ। ਜਵਾਬੀ ਕਾਰਵਾਈ ਵਿੱਚ ਤਿੰਨੋਂ ਅੱਤਵਾਦੀ ਮਾਰੇ ਗਏ।
ਸ਼ਹੀਦ ਹੋਣ ਵਾਲਿਆਂ ‘ਚ ਇਕ ਜਵਾਨ ਗੁਰਦਾਸਪੁਰ ਦਾ
ਨਗਰੋਟਾ : ਸ਼ਹੀਦ ਹੋਣ ਵਾਲਿਆਂ ਵਿਚ ਇਕ ਜਵਾਨ ਗੁਰਦਾਸਪੁਰ ਦਾ ਵੀ ਹੈ, ਜਿਸ ਦੀ ਪਛਾਣ ਹਵਾਲਦਾਰ ਸੁਖਰਾਜ ਸਿੰਘ (32) ਵਜੋਂ ਹੋਈ ਹੈ, ਜੋ ਬਟਾਲਾ ਦੇ ਮਾਨ ਨਗਰ ਪਿੰਡ ਦਾ ਸੀ। ਹੋਰਨਾਂ ਸ਼ਹੀਦ ਹੋਣ ਵਾਲੇ ਜਵਾਨਾਂ ਵਿਚ ਮੇਜਰ ਕੁਨਾਲ ਗੋਸਾਵੀ (33) ਜੋ ਕਿ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦਾ ਵਸਨੀਕ ਸੀ। ਬੇਂਗਲੁਰੂ ਤੋਂ ਮੇਜਰ ਅਕਸ਼ੇ ਗਿਰਿਸ਼ ਕੁਮਾਰ (31), ਲਾਂਸ ਨਾਇਕ ਕਦਮ ਸੰਭਾਜੀ ਯੇਸ਼ੋਵਨਤਰੋ (32) ਜੋ ਮਹਾਰਾਸ਼ਟਰ ਦੇ ਨੰਦੇੜ ਦਾ ਵਸਨੀਕ ਸੀ, ਗ੍ਰਨੇਡੀਅਰ ਰਾਘਵੇਂਦਰ ਸਿੰਘ (28) ਰਾਜਸਥਾਨ ਦੇ ਧੌਲਪੁਰ ਤੋਂ, ਅਸੀਮ ਰਾਏ (32) ਖੋਤਾਂਗ ਸ਼ਾਮਿਲ ਹਨ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …