ਪ੍ਰਬੰਧਕਾਂ ਵਲੋਂ ਮਨਾਹੀ ਦੇ ਬਾਵਜੂਦ ਸ਼ਰਧਾਲੂਆਂ ਵਲੋਂ ਪੁਰਾਣੇ ਨੋਟਾਂ ਦਾ ‘ਦਾਨ’ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ 8 ਨਵੰਬਰ ਨੂੰ ਕੀਤੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਦੇਸ਼ ਦੇ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਅਤੇ ਗੁਪਤ ਚੜ੍ਹਾਵੇ ਦੇ ਰੂਪ ਵਿੱਚ ਪੁਰਾਣੇ ਨੋਟ ਤੇਜ਼ੀ ਨਾਲ ਜਮ੍ਹਾਂ ਹੋਏ ਹਨ।
ਦੱਸਣਯੋਗ ਹੈ ਕਿ ਧਾਰਮਿਕ ਸਥਾਨਾਂ ਵਿੱਚ ਪੁਰਾਣੇ ਨੋਟ ਬਦਲਵਾਉਣ ਦੀ ਛੋਟ ਨਹੀਂ ਹੈ ਪਰ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਮੰਦਰਾਂ ਵਿੱਚ ਚੜ੍ਹਾਵੇ ਦੇ ਰੂਪ ਵਿੱਚ ਆਉਣ ਵਾਲੀ ਨਕਦੀ ‘ਤੇ ਟੈਕਸ ਨਹੀਂ ਲੱਗੇਗਾ। ਇਸ ਤੋਂ ਇਲਾਵਾ ਚੈਰੀਟੇਬਲ ਟਰੱਸਟ, ਜਿਨ੍ਹਾਂ ਕੋਲ ਮੰਦਰਾਂ ਆਦਿ ਦਾ ਪ੍ਰਬੰਧ ਵੀ ਹੈ, ਨੂੰ ਸਿੱਧੇ ਤੌਰ ‘ਤੇ ਮਿਲੇ ਦਾਨ ਬਾਰੇ ਰਿਕਾਰਡ ਰੱਖਣਾ ਪਵੇਗਾ। ਇਸ ਦੌਰਾਨ ਆਂਧਰਾ ਪ੍ਰਦੇਸ਼ ਦੇ ਤਿਰੂਮਲਾ ਤਿਰੂਪਤੀ ਦੇਵਸਥਾਨਮ ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਪੁਰਾਣੇ ਨੋਟਾਂ ਦਾ ਚੜ੍ਹਾਵਾ ਤੇਜ਼ ਹੋਇਆ ਹੈ।ਇਸ ਤੋਂ ਇਲਾਵਾ ਵਿਜੈਵਾੜਾ ਦੇ ਮਸ਼ਹੂਰ ਦੁਰਗਾ ਮੰਦਰ ਵਿੱਚ ਵੀ ਨੋਟਬੰਦੀ ਤੋਂ ਬਾਅਦ ਪੁਰਾਣੇ ਨੋਟਾਂ ਦਾ ਗੋਲਕ ਰਾਹੀਂ ਚੜ੍ਹਾਵਾ 1 ਕਰੋੜ ਤੋਂ ਟੱਪ ਗਿਆ। ਇਸ ਮਹੀਨੇ ਮੰਦਰ ਵਿੱਚ ਕੁੱਲ 2.89 ਕਰੋੜ ਰੁਪਏ ਆਏ ਜੋ ਆਮ ਨਾਲੋਂ ਇਕ ਕਰੋੜ ਵੱਧ ਹੈ। ਇਸੇ ਤਰ੍ਹਾਂ ਹੋਰ ਕਈ ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕੀ ਕਮੇਟੀਆਂ ਅਨੁਸਾਰ ਨੋਟਬੰਦੀ ਤੋਂ ਬਾਅਦ ਆਮਦਨ ਵਧੀ ਹੈ। ਇਸ ਮੌਕੇ ਕਈ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿੱਧੇ ਤੌਰ ‘ਤੇ ਦਾਨ ਵਜੋਂ 1000 ਅਤੇ 500 ਦੇ ਪੁਰਾਣੇ ਨੋਟ ਨਹੀਂ ਲਏ ਜਾ ਰਹੇ ਪਰ ਸ਼ਰਧਾਲੂ ਗੋਲਕਾਂ ਵਿੱਚ ਗੁਪਤ ਦਾਨ ਵਜੋਂ ਪੁਰਾਣੀ ਕਰੰਸੀ ਦੇ ਜਾਂਦੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …