ਚਰਨਪ੍ਰੀਤ ਸਿੰਘ ‘ਲਾਲ’ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮਾਣ-ਸਨਮਾਨ ਨੂੰ ਲਾਏ ਚਾਰ ਚੰਨ
ਕਪੂਰਥਲਾ/ਬਿਊਰੋ ਨਿਊਜ਼ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਸਰੇ ਦੇ ਸ਼ਾਹੀ ਨਿਵਾਸ ਦੀ ਸੁਰੱਖਿਆ ਵਿਚ ਕਪੂਰਥਲਾ ਦਾ ‘ਲਾਲ’ ਤਾਇਨਾਤ ਹੈ ਜੋ ਪੰਜਾਬੀਆਂ ਦੀ ਸ਼ਾਨ ‘ਪੱਗ’ ਬੰਨ੍ਹ ਕੇ ਸੰਸਾਰ ਦੇ ਸਭ ਤੋਂ ਅਹਿਮ ਸ਼ਾਹੀ ਖਾਨਦਾਨ ਦੀ ਰਖਵਾਲੀ ਕਰਨ ਲਈ ਤਾਇਨਾਤ ਕੀਤਾ ਗਿਆ ਪਹਿਲਾ ‘ਸਿੰਘ’ ਹੈ।
ਬ੍ਰਿਟਿਸ਼ ਆਰਮੀ ਦੇ ਸਪੈਸ਼ਲ ਵਿੰਗ ‘ਕੋਲਡ ਸਟਰੀਮ ਗਾਰਡ ਰੈਜੀਮੈਂਟ’ ਦੀ ਸਖਤ ਟ੍ਰੇਨਿੰਗ ਪਾਸ ਕਰਕੇ ਚਰਨਪ੍ਰੀਤ ਸਿੰਘ ‘ਲਾਲ’ ਨੇ ਹੈਰੀਟੇਜ ਸਿਟੀ ਦੇ ਨਾਲ-ਨਾਲ ਦੇਸ਼ ਵਿਦੇਸ਼ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਾਣ ਸਨਮਾਨ ਨੂੰ ਚਾਰ ਚੰਨ੍ਹ ਲਾਏ ਹਨ। ਚਰਨਪ੍ਰੀਤ ਸਿੰਘ ਲਾਲ ਪਹਿਲਾ ਸਰਦਾਰ ਹੈ, ਜਿਸ ਨੂੰ ਪੱਗੜੀ ਬੰਨ੍ਹ ਕੇ ਸ਼ਾਹੀ ਮਹਿਲ ਦੀ ਸੁਰੱਖਿਆ ਲਈ ਬ੍ਰਿਟਿਸ਼ ਆਰਮੀ ਦੇ ਅਧਿਕਾਰੀਆਂ ਨੇ ‘ਹਰ ਮੈਜੇਸਟੀ ਕਵੀਨ ਐਲਿਜ਼ਾਬੈਥ ਦੂਜੀ’ ਕੋਲੋਂ ਵਿਸ਼ੇਸ਼ ਆਗਿਆ ਲਈ ਹੈ। ਸਿਰਫ 20 ਸਾਲ ਦੀ ਉਮਰ ਵਿਚ ਬ੍ਰਿਟਿਸ਼ ਆਰਮੀ ਵਿਚ ਸ਼ਾਮਲ ਹੋ ਕੇ ਏਡੇ ਵੱਡੇ ਮੁਕਾਮ ‘ਤੇ ਪੁੱਜਣ ਕਾਰਨ ਚਰਨਪ੍ਰੀਤ ਸਿੰਘ ਦੇ ਪਿਤਾ ਕੁਲਵਿੰਦਰ ਸਿੰਘ ਲਾਲ, ਮਾਤਾ ਰਵਿੰਦਰ ਕੌਰ ਲਾਲ ਅਤੇ 17 ਸਾਲਾ ਭੈਣ ਸਿਮਰਪ੍ਰੀਤ ਕੌਰ ਲਾਲ ਫੁੱਲੇ ਨਹੀਂ ਸਮਾਅ ਰਹੇ। ਏਨੇ ਵੱਡੇ ਸਨਮਾਨ ਨੂੰ ਉਹ ਵਾਹਿਗੁਰੂ ਦੀ ਮਿਹਰ ਮੰਨਦੇ ਹਨ। ਚਰਨਪ੍ਰੀਤ ਸਿੰਘ ਦੇ ਪਿਤਾ ਕੁਲਵਿੰਦਰ ਸਿੰਘ ਲਾਲ ਨੇ ਦੱਸਿਆ ਕਿ ਕਪੂਰਥਲਾ ਵਿਚ ਬਚਪਨ ਬਿਤਾਉਣ ਤੋਂ ਬਾਅਦ ਉਹ 1987 ਤੋਂ 1991 ਤੱਕ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੱਕ ਦੀ ਜ਼ਿੰਮੇਵਾਰੀ ਨਿਭਾਉਣ ਉਪਰੰਤ 25 ਸਾਲ ਪਹਿਲਾਂ 1993 ਵਿਚ ਕਪੂਰਥਲਾ ਦੇ ਮੁਹੱਲਾ ਜੱਟਪੁਰਾ ਵਿਚ ਆਪਣੇ ਜੱਦੀ ਘਰ ਨੂੰ ਛੱਡ ਕੇ ਇੰਗਲੈਂਡ ਪੁੱਜੇ ਸਨ।
ਤਿੰਨ ਸਾਲ ਬਾਅਦ 14 ਮਈ 1996 ਨੂੰ ਕਪੂਰਥਲਾ ਵਿਚ ਉਹਨਾਂ ਦੇ ਘਰ ਚਰਨਪ੍ਰੀਤ ਸਿੰਘ ਦਾ ਜਨਮ ਹੋਇਆ। ਸਿਰਫ ਇਕ ਸਾਲ ਦੀ ਉਮਰ ਵਿਚ ਚਰਨਪ੍ਰੀਤ ਆਪਣੀ ਮਾਤਾ ਰਵਿੰਦਰ ਕੌਰ ਸਮੇਤ ਉਨ੍ਹਾਂ ਕੋਲ ਇੰਗਲੈਂਡ ਆ ਗਏ। ਕੁਲਵਿੰਦਰ ਸਿੰਘ ਦੱਸਦੇ ਹਨ ਕਿ ਇੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਚਰਨਪ੍ਰੀਤ ਦੀ ਖਿੱਚ ਬ੍ਰਿਟਿਸ਼ ਆਰਮੀ ਵੱਲ ਵਧਣ ਲੱਗੀ। 17 ਜਨਵਰੀ 2016 ਨੂੰ ਉਸ ਨੇ ਬ੍ਰਿਟਿਸ਼ ਆਰਮੀ ਜਵਾਇਨ ਕਰ ਲਈ, ਜਿੱਥੇ ਟਰੇਨਿੰਗ ਹਾਸਲ ਕਰਨ ਦੌਰਾਨ ਬ੍ਰਿਟਿਸ਼ ਆਰਮੀ ਚੀਫ ਨੇ ਉਸ ਦੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਦੇਖਦੇ ਹੋਏ ਬ੍ਰਿਟੇਨ ਦੀ ਮਹਾਰਾਣੀ ਦੇ ਸੁਰੱਖਿਆ ਦਸਤੇ ਦੇ ਵਿਸ਼ੇਸ਼ ‘ਕੋਲਡ ਸਟਰੀਮ ਗਾਰਡ ਰੈਜੀਮੈਂਟ’ ਲਈ ਉਸ ਨੂੰ ਭੇਜਿਆ।
30 ਹਫਤਿਆਂ ਦੀ ਟ੍ਰੇਨਿੰਗ ਤੋਂ ਬਾਅਦ ਚਰਨਪ੍ਰੀਤ ਨੂੰ 31 ਅਕਤੂਬਰ 2016 ਨੂੰ ਉਪਰੋਕਤ ਵਿੰਗ ਵਿਚ ਸ਼ਾਮਲ ਕਰ ਲਿਆ ਗਿਆ। 48 ਸਾਲਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਅਤੇ ਚਰਨਪ੍ਰੀਤ ਸਿੰਘ ਦੇ ਦਾਦਾ-ਦਾਦੀ ਹਰਬੰਸ ਸਿੰਘ (66) ਅਤੇ ਗੁਰਦੇਵ ਕੌਰ (60) ਆਪਣੇ ਪੋਤਰੇ ਦੀ ਏਨੀ ਵੱਡੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਹੇ ਹਨ, ਜੋ ਹੁਣ ਵੀ ਆਪਣੇ ਜੱਦੀ ਘਰ ਮੁਹੱਲਾ ਜੱਟਪੁਰਾ ‘ਚ ਰਹਿ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …