Breaking News
Home / ਜੀ.ਟੀ.ਏ. ਨਿਊਜ਼ / ਮਾਲਟਨ ਨਗਰ ਕੀਰਤਨ ‘ਚ ਸੰਗਤਾਂ ਦੀ ਹਾਜ਼ਰੀ ਨੇ ਤੋੜੇ ਦਹਾਕਿਆਂ ਦੇ ਰਿਕਾਰਡ

ਮਾਲਟਨ ਨਗਰ ਕੀਰਤਨ ‘ਚ ਸੰਗਤਾਂ ਦੀ ਹਾਜ਼ਰੀ ਨੇ ਤੋੜੇ ਦਹਾਕਿਆਂ ਦੇ ਰਿਕਾਰਡ

ਸੂਬੇ ਦੀ ਮੁੱਖ ਮੰਤਰੀ ਕੈਥਲਿਨ ਵਿੱਨ ਸਮੇਤ ਕਈ ਰਾਜਨੀਤਕ ਲੀਡਰਾਂ ਨੇ ਭਰੀ ਹਾਜ਼ਰੀ
ਸ਼ਹੀਦ ਭਾਈ ਅਮਰੀਕ ਸਿੰਘ ਦੇ ਪੁੱਤਰ ਅਤੇ ਪਤਨੀ ਨੂੰ ਕੀਤਾ ਗਿਆ ਸਨਮਾਨਿਤ
ਮਾਲਟਨ/ਕੰਵਲਜੀਤ ਸਿੰਘ ਕੰਵਲ
ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਗਰੇਟਰ ਟੋਰਾਂਟੋ ਏਰੀਆ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ ਕੀਤੇ ਜਾਣ ਦੀ ਪਰੰਪਰਾ ਵਿੱਚ ਸੰਗਤ ਦੀ ਨਫ਼ਰੀ ਨੂੰ ਲੈ ਕੇ ਮਾਲਟਨ-ਰੈਕਸਡੇਲ ਨਗਰ ਕੀਰਤਨ ਨੇ ਨਵਾਂ ਅਧਿਆਏ ਸ਼ਾਮਲ ਕਰ ਦਿੱਤਾ ਹੈ। ਇਹ ਗੱਲ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਅੱਜ ਤੱਕ ਆਯੋਜਿਤ ਨਗਰ ਕੀਰਤਨਾਂ ਵਿੱਚ ਸੰਗਤ ਦਾ ਐਨਾ ਇਕੱਠ ਕਦੇ ਨਹੀਂ ਹੋਇਆ ਜਿੰਨਾ 7 ਮਈ 2017 ਨੂੰ ਸਿੱਖ ਸੰਗਤ ਦੀ ਯਾਤਰਾ ਦੌਰਾਨ ਹੋਇਆ। ਖਾਲਸਾ ਦੇ 318ਵੇਂ ਸਾਜਨਾ ਦਿਵਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਭਾਈ ਅਮਰੀਕ ਸਿੰਘ ਦੀ ਪਤਨੀ ਹਰਮੀਤ ਕੌਰ ਅਤੇ ਬੇਟੇ ਤਰਲੋਚਨ ਸਿੰਘ ਦਾ ਸਨਮਾਨ, ਉਨਟਾਰੀਓ ਪਾਰਲੀਮੈਂਟ ਵੱਲੋਂ 1984 ਕਤਲੇਆਮ ਨੂੰ ਜੈਨੋਸਾਈਡ ਕਰਾਰ ਦੇਣ ਦੇ ਮੋਸ਼ਨ ਦਾ ਜ਼ਿਕਰ, ਨਗਰ ਕੀਰਤਨ ਦੇ ਰਸਤੇ ਵਿੱਚ ਸਜਾਏ ਲੰਗਰ ਅਤੇ ਢਾਡੀ ਦਰਬਾਰ, ਰੈਕਸਡੇਲ ਗੁਰੁਦਆਰਾ ਸਾਹਿਬ ਵਿਖੇ ਕੁੱਝ ਆਗੂਆਂ ਵੱਲੋਂ ਲਾਏ ਗਏ ਖਾਲਿਸਤਾਨ ਦੇ ਨਾਅਰੇ, ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲਿਨ ਵਿੱਨ ਦਾ ਇੱਕ ਵਾਰ ਫੇਰ ਸਟੇਜ ਤੋਂ ਸੰਗਤ ਨੂੰ ਸੰਬੋਧਨ ਨਾ ਕਰਨਾ ਵਿਸ਼ੇਸ਼ ਚਰਚਾ ਦਾ ਵਿਸ਼ੇ ਰਹੇ।
ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਵੇਰ ਤੋਂ ਹੀ ਸੰਗਤਾਂ ਦਾ ਵੱਡੀ ਗਿਣਤੀ ਵਿੱਚ ਪੁੱਜਣਾ ਆਰੰਭ ਹੋ ਗਿਆ ਸੀ। ਮਾਲਟਨ ਵਿਖੇ  ਮੈਡੀਕਲ ਐਂਬੂਲੈਂਸ ਦੇ ਆਉਣ ਕਾਰਨ ਨਗਰ ਕੀਰਤਨ ਨਿਰਧਾਰਤ ਸਮੇਂ ਇੱਕ ਵਜੇ ਤੋਂ ਚੰਦ ਕੁ ਮਿੰਟ ਦੇਰੀ ਨਾਲ ਆਰੰਭ ਹੋਇਆ। ਇਸਤੋਂ ਪਹਿਲਾਂ ਮਾਲਟਨ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਭਾਈ ਅਮਰੀਕ ਸਿੰਘ ਦੀ ਪਤਨੀ ਬੀਬੀ ਹਰਮੀਤ ਕੌਰ ਅਤੇ ਉਹਨਾਂ ਦੇ ਬੇਟੇ ਤਰਲੋਚਨ ਸਿੰਘ ਦਾ ਸਨਮਾਨ ਕੀਤਾ ਗਿਆ। ਸੰਗਤ ਨੂੰ ਸੰਬੋਧਨ ਕਰਦੇ ਹੋਏ ਭਾਈ ਤਰਲੋਚਨ ਸਿੰਘ ਨੇ ਕਿਹਾ ਕਿ ਅਸੀਂ ਕੱਟੜਵਾਦੀ ਨਹੀਂ ਹਾਂ ਸਗੋਂ ਲੋਕਾਈ ਦੇ ਹੱਕਾਂ ਲਈ ਲੜਨ ਵਾਲੇ ਲੋਕ ਹਾਂ। ਉਹਨਾਂ ਕਿਹਾ ਕਿ ਸਰਕਾਰਾਂ ਸਾਡੇ ਨਾਲ ਧੱਕਾ ਵੀ ਕਰਦੀਆਂ ਹਨ ਅਤੇ ਆਪਣੇ ਹੱਕਾਂ ਲਈ ਬੋਲਣ ਦੇ ਸਾਡੇ ਹੱਕ ਨੂੰ ਗਲਤ ਵੀ ਸਮਝਦੀਆਂ ਹਨ। ઠ
ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਖਾਲਸਾ ਸੁਭਾਅ ਪੱਖੋਂ ਹੀ ਅਜ਼ਾਦ ਫਿਤਰਤ ਵਾਲਾ ਹੈ ਅਤੇ ਗੁਲਾਮ ਨਹੀਂ ਰਹਿ ਸਕਦਾ। ਉਨਟਾਰੀਓ ਪਾਰਲੀਮੈਂਟ ਵਿੱਚ 1984 ਨੂੰ ਜੈਨੋਸਾਈਡ ਕਰਾਰ ਦੇਣ ਦੇ ਮੋਸ਼ਨ ਬਾਰੇ ਗੱਲ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਭਾਈਚਾਰਾ ਹਿੰਦੂਆਂ ਦੇ ਵਿਰੁੱਧ ਹੈ ਜੋ ਕਿ ਸਹੀ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਇਹ ਹਿੰਦੂ-ਸਿੱਖ ਮਸਲਾ ਨਹੀਂ ਹੈ ਸਗੋਂ ਇਨਸਾਫ ਲਈ ਜਦੋ ਜਹਿਦ ਹੈ।
ਕੰਸਰਵੇਟਿਵ ਪਾਰਟੀ ਦੇ ਲੀਡਰ ਪੈਟਰਿਕ ਬਰਾਊਨ ਆਪਣੇ ਸਾਥੀਆਂ ਨਾਲ ਨਗਰ ਕੀਰਤਨ ਵਿੱਚ ਪੁੱਜੇ ਹੋਏ ਸਨ। ਉਹਨਾਂ ਸਮੂਹ ਸਿੱਖ ਸੰਗਤ ਨੂੰ ਮੁਬਾਰਕਾਂ ਦੇਂਦੇ ਹੋਏ ਕਿਹਾ ਕਿ ਕੰਸਰਵੇਟਿਵ ਪਾਰਟੀ, ਉਨਟਾਰੀਓ ਸੂਬੇ ਅਤੇ ਸਮੁੱਚੇ ਕੈਨੇਡਾ ਨੂੰ ਸਿੱਖ ਭਾਈਚਾਰੇ ਵੱਲੋਂ ਪਾਏ ਜਾਂਦੇ ਯੋਗਦਾਨ ਉੱਤੇ ਮਾਣ ਹੈ। ਪੈਟਰਰਿਕ ਬਰਾਊਨ ਤੋਂ ਇਲਾਵਾ ਕੰਸਰਵੇਟਿਵ ਐਮ ਪੀ ਪੀ ਰਿੱਕ ਡਾਇਕਸਟਰਾ, ਲਿਬਰਲ ਐਮ ਪੀ ਪੀ ਹਰਿੰਦਰ ਤੱਖੜ, ਮਿਸੀਸਾਗਾ ਮੇਅਰ ਬੌਨੀ ਕਰੌਂਬੀ, ਬਰੈਂਪਟਨ ਮੇਅਰ ਲਿੰਡਾ ਜੈਫਰੀ, ਐਮ ਪੀ ਰਮੇਸ਼ ਸੰਘਾ ਨੇ ਵੀ ਸੰਗਤ ਨੂੰ ਮੁਬਾਰਕਾਂ ਪੇਸ਼ ਕੀਤੀਆਂ।
ਪ੍ਰੀਮੀਅਰ ਕੈਥਲਿਨ ਵਿੱਨ ਨੇ ਵੀ ਆਪਣੇ ਸਾਥੀ ਐਮ ਪੀ ਪੀ ਵਿੱਕ ਢਿੱਲੋਂ, ਹਰਿੰਦਰ ਮੱਲ੍ਹੀ, ਹਰਿੰਦਰ ਤੱਖੜ, ਇੰਦਰਾ ਨਾਇਡੂ ਹੈਰਿਸ ਨਾਲ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ। ਉਹਨਾਂ ਨੇ ਨਗਰ ਕੀਰਤਨ ਵਿੱਚ ਚੱਲਦੇ ਹੋਏ  ਪਾਲਕੀ ਦੇ ਮਾਈਕ ਦੀ ਵਰਤੋਂ ਕਰਦੇ ਹੋਏ ਸੰਗਤਾਂ ਨੂੰ ਸੰਬੋਧਨ ਕੀਤਾ। ਦਿਲਚਸਪ ਗੱਲ ਰਹੀ ਕਿ ਕੈਥਲਿਨ ਵਿੱਨ ਵੱਲੋਂ ਇਸ ਸਾਲ ਵੀ ਸੰਗਤ ਨੂੰ ਸਟੇਜ ਤੋਂ ਸੰਬੋਧਨ ਕਰਨ ਤੋਂ ਗੁਰੇਜ਼ ਕੀਤਾ ਗਿਆ। ਚੇਤੇ ਰਹੇ ਕਿ ਲੰਘੇ ਹਫ਼ਤੇ ਟੋਰਾਂਟੋ ਨਗਰ ਕੀਰਤਨ ਦੌਰਾਨ ਵੀ ਪ੍ਰੀਮੀਅਰ ਵਿੱਨ ਨੇ ਹਾਜ਼ਰੀ ਭਰੀ ਸੀ ਲੇਕਿਨ ਸੰਗਤ ਨੂੰ ਸੰਬੋਧਨ ਨਹੀਂ ਸੀ ਕੀਤਾ। ਸਾਲ 2016 ਦੇ ਨਗਰ ਕੀਰਤਨ ਵਿੱਚ ਵੀ ਉਹ ਸਟੇਜ ਤੋਂ ਨਹੀਂ ਸਨ ਬੋਲੇ। ઠ
ਉਨਟਾਰੀਓ ਗੁਰਦੁਆਰਾਜ਼ ਕਮੇਟੀ (ਓ ਜੀ ਸੀ) ਵੱਲੋਂ ਇਸ ਮੌਕੇ ਜਾਰੀ ਕੀਤੇ ਗਏ ਪਰੈੱਸ ਰੀਲੀਜ਼ ਨੂੰ ਪੀਲ ਡਿਸਟ੍ਰਕਿਟ ਸਕੂਲ ਬੋਰਡ ਦੇ ਟਰਸਟੀ ਹਰਕੀਰਤ ਸਿੰਘ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਕਮੇਟੀ ਵੱਲੋਂ ਆਖਿਆ ਗਿਆ ਹੈ ਕਿ ਇਸ ਸਾਲ ਨਗਰ ਕੀਰਤਨ ਦੀ ਮਹੱਤਤਾ ਇਸ ਕਾਰਣ ਬਹੁਤ ਵੱਧ ਹੈ ਕਿਉਂਕਿ ਉਨਟਾਰੀਓ ਦੇ ਕਨੂੰਨ ਘਾੜਿਆਂ ਨੇ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਕਰਾਰ ਦੇਣ ਬਾਰੇ ਮੋਸ਼ਨ ਪਾਸ ਕੀਤਾ। ਐਮ ਪੀ ਪੀ ਹਰਿੰਦਰ ਮੱਲ੍ਹੀ ਵੱਲੋਂ ਪੇਸ਼ ਇਸ ਮੋਸ਼ਨ ਦਾ ਤਿੰਨੇ ਸਿਆਸੀ ਪਾਰਟੀਆਂ ਨੇ ਸਮਰੱਥਨ ਕੀਤਾ ਸੀ। ਉਨਟਾਰੀਓ ਗੁਰਦੁਆਰਾਜ਼ ਕਮੇਟੀ ਨੇ ਸਮੂਹ ਸਿੱਖ ਸੰਗਤ ਦੀ ਤਰਫ਼ ਤੋਂ ਉਹਨਾਂ ਤਮਾਮ ਐਮ ਪੀ ਪੀਆਂ ਅਤੇ ਆਗੂਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਮੋਸ਼ਨ ਨੂੰ ਪਾਸ ਕਰਨ ਵਿੱਚ ਯੋਗਦਾਨ ਪਾਇਆ ਸੀ। ਪਰੈੱਸ ਰੀਲੀਜ਼ ਵਿੱਚ ਕਿਹਾ ਗਿਆ ਕਿ ਓ ਜੀ ਸੀ ਸਿਰਫ਼ ਸਿੱਖਾਂ ਲਈ ਨਹੀਂ ਸਗੋਂ ਉਹਨਾਂ ਸੱਭ ਭਾਈਚਾਰਿਆਂ ਦੇ ਹੱਕ ਸੱਚ ਲਈ ਸੰਘਰਸ਼ ਕਰੇਗੀ ਜਿਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਤੇ ਜੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਬਾਰੇ ਸਹੀ ਕਦਮ ਨਾ ਚੁੱਕੇ ਜਾਣ ਦਾ ਵੀ ਪਰੈੱਸ ਰੀਲੀਜ਼ ਵਿੱਚ ਜ਼ਿਕਰ ਕੀਤਾ ਗਿਆ। ਸਿੱਖ ਭਾਈਚਾਰੇ ਅਤੇ ਜੱਥੇਬੰਦੀਆਂ ਦੇ ਮਾਮਲਿਆਂ ਵਿੱਚ ਬਾਹਰਲੀਆਂ ਤਾਕਤਾਂ ਦੀ ਘੁਸਪੈਠ ਬਾਰੇ ਵੀ ਸਿੱਖ ਸੰਗਤ ਨੂੰ ਸੁਚੇਤ ਕੀਤਾ ਗਿਆ।
ਮਾਲਟਨ ਗੁਰਦੁਆਰਾ ਸਾਹਿਬ ਤੋਂ ਬਾਅਦ ਦੁਪਹਿਰ ਇੱਕ ਵਜੇ ਆਰੰਭ ਹੋ ਕੇ ਛੇ ਘੰਟੇ ਦੀ ਯਾਤਰਾ ਤੈਅ ਕਰਦਾ ਹੋਇਆ ਨਗਰ ਕੀਰਤਨ ਸ਼ਾਮੀ 7 ਵਜੇ ਤੋਂ ਕਰੀਬ ਰੈਕਸਡੇਲ ਗੁਰਦੁਆਰਾ ਪੁੱਜਿਆ ਜਿੱਥੇ ਬਲਕਾਰ ਸਿੰਘ ਅਤੇ ਭਗਤ ਸਿੰਘ ਬਰਾੜ ਵੱਲੋਂ ਖਾਲਿਸਤਾਨ ਦੀ ਹਮਾਇਤ ਵਿੱਚ ਨਾਅਰੇ ਲਾਏ ਗਏ। ਇੱਥੇ ਐਮ ਪੀ ਪੀ ਹਰਿੰਦਰ ਮੱਲ੍ਹੀ ਅਤੇ ਜਗਮੀਤ ਸਿੰਘ ਦਾ ਦੁਬਾਰਾ ਸਨਮਾਨ ਕੀਤਾ ਗਿਆ। ਉਨਟਾਰੀਓ ਗੁਰਦੁਆਰਾ ਕਮੇਟੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਵੇਖਣ ਨੂੰ ਮਿਲਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਰੈਫਰੈਂਡਮ 2020 ਅਤੇ ਖਾਲਸਤਾਨ ਦੇ ਝੰਡਿਆਂ ਦਾ ਪ੍ਰਦਰਸ਼ਨ ਵਧੇਰੇ ਰਿਹਾ। ਨਗਰ ਕੀਰਤਨ ਦੇ ਸਮੁੱਚੇ ਰੂਟ ਦੌਰਾਨ ਵੱਖ ਵੱਖ ਭੋਜਨ ਪਦਾਰਥਾਂ ਨਾਲ ਤਿਆਰ ਬਰ ਤਿਆਰ ਸੈਂਕੜੇ ਹੀ ਲੰਗਰ ਸਟਾਲ ਲੱਗੇ ਹੋਏ ਸਨ। ਸੰਗਤਾਂ ਦੀ ਭਾਰੀ ਨਫ਼ਰੀ ਕਾਰਨ ਬਹੁਤ ਲੋਕਾਂ ਨੂੰ ਪਾਰਕਿੰਗ ਕਰਨ ਤੋਂ ਬਾਅਦ 3 ਤੋਂ 4 ਕਿਲੋਮੀਟਰ ਦਾ ਰਸਤਾ ਪੈਦਲ ਤੈਅ ਕਰਨ ਤੋਂ ਬਾਅਦ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਸੀ। ਨਗਰ ਕੀਰਤਨ ਦੀ ਸਮੁੱਚੀ ਕਾਰਵਾਈ ਨੂੰ ਵੱਖ ਵੱਖ ਟੀ ਵੀ ਚੈਨਲਾਂ ਵੱਲੋਂ ਲਾਈਵ ਵਿਖਾਇਆ ਗਿਆ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …