Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਵਧਣ ਲੱਗੀ ਪਰਵਾਸੀਆਂ ਦੀ ਆਮਦ

ਕੈਨੇਡਾ ‘ਚ ਵਧਣ ਲੱਗੀ ਪਰਵਾਸੀਆਂ ਦੀ ਆਮਦ

ਕਰੋਨਾ ਦੀ ਮਾਰ ਪੈਣ ਤੋਂ ਪਹਿਲਾਂ ਹਰੇਕ ਮਹੀਨੇ 25000 ਤੋਂ 35000 ਤੱਕ ਨਵੇਂ ਪਰਵਾਸੀ ਪਹੁੰਚਦੇ ਸਨ ਕੈਨੇਡਾ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਕਰੋਨਾ ਵਾਇਰਸ ਦੀਆਂ ਰੋਕਾਂ ਤਾਂ ਭਾਵੇਂ ਅਜੇ ਜਾਰੀ ਹਨ ਪਰ ਉਪਲੱਬਧ ਸਾਧਨਾਂ ਰਾਹੀਂ ਵਿਦੇਸ਼ਾਂ ਤੋਂ ਪੱਕੇ ਤੌਰ ‘ਤੇ ਪਰਵਾਸ ਕਰਨ ਵਾਲੇ ਵਿਅਕਤੀਆਂ ਦੀ ਕੈਨੇਡਾ ਵਿਚ ਗਿਣਤੀ ਕੁਝ ਵਧ ਰਹੀ ਹੈ। ਸੀਮਤ ਗਿਣਤੀ ‘ਚ ਵਿਦਿਆਰਥੀ ਵੀ ਪੁੱਜਣੇ ਜਾਰੀ ਹਨ। 2020 ਦੇ ਸਾਲਾਨਾ ਕੋਟੇ ਮੁਤਾਬਿਕ ਕੈਨੇਡਾ ਸਰਕਾਰ ਵਲੋਂ 3,41,000 ਪੱਕੇ ਵੀਜ਼ੇ ਜਾਰੀ ਕਰਨ ਦਾ ਕੋਟਾ ਰੱਖਿਆ ਗਿਆ ਸੀ ਪਰ ਮਾਰਚ ਤੋਂ ਤਾਲਾਬੰਦੀ ਵਾਲੇ ਹਾਲਾਤ ਬਣਨ ਨਾਲ ਉਸ ਸਾਰੇ ਸਾਲ ਦੌਰਾਨ ਮਸਾਂ 1,84,000 ਦੇ ਕਰੀਬ ਨਵੇਂ ਪਰਵਾਸੀ ਹੀ ਕੈਨੇਡਾ ਦੇ ਪੱਕੇ ਵਾਸੀ ਬਣ ਸਕੇ। ਤਾਜ਼ਾ ਰਿਪੋਰਟਾਂ ਮੁਤਾਬਿਕ 2021 ਦੇ ਜਨਵਰੀ ਮਹੀਨੇ ਦੌਰਾਨ ਕੈਨੇਡਾ ਵਿਚ 24,665 ਵਿਅਕਤੀ ਪੱਕੇ ਹੋਏ ਹਨ।
ਜਿਨ੍ਹਾਂ ‘ਚ ਵਿਦੇਸ਼ਾਂ ਤੋਂ ਪੱਕਾ ਵੀਜ਼ਾ ਲੈ ਕੇ ਅਤੇ ਕੈਨੇਡਾ ‘ਚ ਪਹੁੰਚ ਕੇ ਪੱਕੇ ਹੋਣ ਵਾਲੇ ਲੋਕ ਸ਼ਾਮਿਲ ਹਨ। ਕਰੋਨਾ ਦੀ ਮਾਰ ਪੈਣ ਤੋਂ ਪਹਿਲਾਂ ਕੈਨੇਡਾ ‘ਚ ਹਰੇਕ ਮਹੀਨੇ 25000 ਤੋਂ 35000 ਤੱਕ ਨਵੇਂ ਪਰਵਾਸੀ ਕੈਨੇਡਾ ‘ਚ ਪਹੁੰਚਦੇ ਸਨ। ਬਸੰਤ ਰੁੱਤ ਅਤੇ ਗਰਮੀਆਂ ਦੇ ਮਹੀਨਿਆਂ ਦੌਰਾਨ ਵਿਦੇਸ਼ਾਂ ਤੋਂ ਸਭ ਤੋਂ ਵੱਧ ਲੋਕ ਕੈਨੇਡਾ ਪਹੁੰਚਦੇ ਹਨ ਜਦ ਕਿ ਸਰਦ ਰੁੱਤ ‘ਚ ਗਿਣਤੀ ਘੱਟ ਹੋ ਜਾਂਦੀ ਹੈ। ਸਾਲ 2021 ਇਸ ਪੱਖੋਂ ਕੁਝ ਵੱਖਰਾ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਵਿਦੇਸ਼ਾਂ ਤੋਂ ਸਫਰ ‘ਚ ਰੁਕਾਵਟਾਂ ਹਾਲ ਦੀ ਘੜੀ ਜਾਰੀ ਰਹਿਣ ਕਾਰਨ ਸਰਕਾਰ ਦੀ ਨੀਤੀ ਕੈਨੇਡਾ ‘ਚ ਪਹੁੰਚ ਚੁੱਕੇ ਵਿਅਕਤੀਆਂ ਨੂੰ ਪੱਕੇ ਹੋਣ ਦੇ ਮੌਕੇ ਦੇਣ ਦੀ ਹੈ। ਲੰਘੀ 13 ਫਰਵਰੀ ਨੂੰ ਐਕਸਪ੍ਰੈਸ ਐਂਟਰੀ (ਈ.ਈ.) ‘ਚੋਂ ਕੈਨੇਡਾ ਐਕਸਪੀਰੀਂਐਂਸ ਕਲਾਸ (ਸੀ.ਈ.ਸੀ.) ਦੇ ਕੱਢੇ ਗਏ ਬੰਪਰ ਡਰਾਅ ‘ਚ 27332 ਉਮੀਦਵਾਰਾਂ ਨੂੰ ਪੱਕਾ ਵੀਜ਼ਾ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਅਤੇ ਉਹ ਲੋਕ ਇਨੀਂ ਦਿਨੀਂ ਅਪਲਾਈ ਕਰਨ ਲਈ ਸਰਗਰਮ ਹਨ। ਉਨ੍ਹਾਂ ਅਰਜ਼ੀਆਂ ਦਾ ਨਵੰਬਰ ਜਾਂ ਦਸੰਬਰ ਤੱਕ ਨਿਪਟਾਰਾ ਹੋ ਜਾਣ ਦੀ ਸੰਭਾਵਨਾ ਹੈ। ਸੀ.ਈ.ਸੀ ਡਰਾਅ ਰਾਹੀਂ ਪੱਕੇ ਹੋਣ ਵਾਲੇ 90 ਫੀਸਦੀ ਉਮੀਦਵਾਰ ਕੈਨੇਡਾ ‘ਚ ਹੀ ਹੁੰਦੇ ਹਨ, ਜਿਸ ਕਰਕੇ ਕੈਨੇਡਾ ਸਰਕਾਰ ਨੂੰ ਯਕੀਨ ਹੈ ਕਿ 2021 ‘ਚ 401000 ਨਵੇਂ ਪਰਵਾਸੀ ਵਸਾ ਲੈਣ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …