Breaking News
Home / ਜੀ.ਟੀ.ਏ. ਨਿਊਜ਼ / ਨੈਨੀਜ਼ ਨੂੰ ਓਪਨ ਵਰਕ ਪਰਮਿਟ ਦਾ ਤੋਹਫ਼ਾ

ਨੈਨੀਜ਼ ਨੂੰ ਓਪਨ ਵਰਕ ਪਰਮਿਟ ਦਾ ਤੋਹਫ਼ਾ

ਫੈਡਰਲ ਸਰਕਾਰ ਦਾ ਵੱਡਾ ਫੈਸਲਾ ਪੀ ਆਰ ਦੀ ਅਰਜ਼ੀ ਲਾਉਣ ਵੇਲੇ ਨੈਨੀਜ਼ ਓਪਨ ਵਰਕ ਪਰਮਿਟ ਦੀ ਦੇ ਸਕਦੇ ਹਨ ਦਰਖਾਸਤ
ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾ ਸਰਕਾਰ ਨੇ ਕੇਅਰਗਿਵਰਜ਼ ਭਾਵ ਨੈਨੀਜ਼ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਓਪਨ ਵਰਕ ਪਰਮਿਟ ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ, ਜੋ ਲੰਘੀ 4 ਮਾਰਚ ਨੂੰ ਸ਼ੁਰੂ ਕੀਤੇ ਪਾਇਲਟ ਪ੍ਰੋਗਰਾਮ ਤਹਿਤ ਯੋਗ ਹੋਣਗੇ। ਇਮੀਗਰੇਸ਼ਨ ਅਤੇ ਸਿਟੀਜਨਸ਼ਿਪ ਵਿਭਾਗ ਵਲੋਂ 21 ਮਾਰਚ ਨੂੰ ਜਾਰੀ ਤਾਜ਼ਾ ਹਦਾਇਤਾਂ ਤਹਿਤ ਕੈਨੇਡਾ ਦੀ ਪੀ.ਆਰ. ਲਈ ਅਰਜ਼ੀ ਦਾਖਲ ਕਰਨ ਵੇਲੇ ਨੈਨੀਜ਼ ਦੁਆਰਾ ਓਪਨ ਵਰਕ ਪਰਮਿਟ ਦੀ ਅਰਜ਼ੀ ਵੀ ਦਾਇਰ ਕੀਤੀ ਜਾ ਸਕੇਗੀ। ਇਮੀਗਰੇਸ਼ਨ ਵਿਭਾਗ ਨੇ ਅੱਗੇ ਕਿਹਾ ਕਿ ਵਰਕ ਪਰਮਿਟ ਵਾਲੀ ਅਰਜ਼ੀ ਦੀ ਪ੍ਰੋਸੈਸਿੰਗ ਉਸ ਵੇਲੇ ਹੀ ਸ਼ੁਰੂ ਕੀਤੀ ਜਾਵੇਗੀ, ਜਦੋਂ ਸਬੰਧਤ ਉਮੀਦਵਾਰ ਪੀ.ਆਰ. ਦੀ ਯੋਗਤਾ ਵਾਲੇ ਟੈਸਟ ਨੂੰ ਪਾਸ ਕਰ ਲੈਣਗੇ। ਓਪਨ ਵਰਕ ਪਰਮਿਟ ਲਈ ਜ਼ਰੂਰੀ ਸ਼ਰਤਾਂ ਅਧੀਨ ਉਮੀਦਵਾਰ ਕੈਨੇਡਾ ਵਿਚ ਕੰਮ ਕਰਨ ਵਾਸਤੇ ਅਧਿਕਾਰਤ ਹੋਣਾ ਚਾਹੀਦਾ ਹੈ।
ਵਰਕ ਪਰਮਿਟ ਨਵਿਆਉਣ ਲਈ ਅਰਜ਼ੀ ਦਾਖਲ ਕੀਤੀ ਹੋਣ ਦੀ ਸੂਰਤ ਵਿਚ ਉਹ ਬਗੈਰ ਵਰਕ ਪਰਮਿਟ ਤੋਂ ਕੰਮ ਕਰਨ ਲਈ ਅਧਿਕਾਰਤ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨੈਨੀਜ਼ ਦੇ ਜੀਵਨ ਸਾਥੀਆਂ ਅਤੇ ਉਨ੍ਹਾਂ ਉਪਰ ਨਿਰਭਰ ਪਰਿਵਾਰਕ ਮੈਂਬਰ ਵੀ ਓਪਨ ਵਰਕ ਪਰਮਿਟ ਲਈ ਅਰਜ਼ੀ ਦਾਖਲ ਕਰ ਸਕਦੇ ਹਨ। ਯਾਦ ਰਹੇ ਕਿ ਕੈਨੇਡਾ ਵਿਚ ਵਿਦੇਸ਼ੀ ਨੈਨੀਆਂ ਭਾਵ ਕੇਅਰ ਗਿਵਰਜ਼ ਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਫੈਡਰਲ ਸਰਕਾਰ ਨੇ ਲੰਘੀ 4 ਮਾਰਚ ਨੂੰ ਦੋ ਨਵੇਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤੇ ਸਨ, ਜਿਨ੍ਹਾਂ ਤਹਿਤ ਕੇਅਰ ਗਿਵਰਜ਼ ਆਪਣੇ ਪਰਿਵਾਰ ਸਮੇਤ ਕੈਨੇਡਾ ਆ ਸਕਦੀਆਂ ਹਨ ਅਤੇ ਦੋ ਸਾਲ ਦੇ ਤਜਰਬੇ ਮਗਰੋਂ ਉਨ੍ਹਾਂ ਨੂੰ ਤੁਰੰਤ ਪੀ.ਆਰ. ਮਿਲ ਜਾਵੇਗੀ।
4 ਮਾਰਚ ਤੋਂ 4 ਜੂਨ ਤੱਕ ਵਿਸ਼ੇਸ਼ ਯੋਜਨਾ ਤਹਿਤ ਉਨ੍ਹਾਂ ਕੇਅਰ ਗਿਵਰਜ਼ ਨੂੰ ਪੀ.ਆਰ. ਲਈ ਅਰਜ਼ੀ ਦਾਖਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜੋ ਘੱਟੋ-ਘੱਟ ਇਕ ਸਾਲ ਤੋਂ ਕੈਨੇਡਾ ਵਿਚ ਹਨ ਅਤੇ ਕਾਨੂੰਨੀ ਤੌਰ ‘ਤੇ ਕੰਮ ਕਰ ਰਹੀਆਂ ਹਨ। ਬਸ਼ਰਤੇ ਉਨ੍ਹਾਂ ਨੇ ਅੰਗਰੇਜ਼ੀ ਜਾਂ ਫਰੈਂਚ ਵਿਚ ਮੁਹਾਰਤ ਵਾਲਾ ਟੈਸਟ ਸਫਲਤਾ ਨਾਲ ਮੁਕੰਮਲ ਕੀਤਾ ਹੋਵੇ ਅਤੇ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ ਬਰਾਬਰ ਵਿੱਦਿਅਕ ਯੋਗਤਾ ਵੀ ਹੋਵੇ।

ਟਰੂਡੋ ਵਲੋਂ ਨਾਨੀਮੋ-ਲੇਡੀਸਮਿੱਥ ਸੰਸਦੀ ਸੀਟ ‘ਤੇ ਜ਼ਿਮਨੀ ਚੋਣ ਦਾ ਐਲਾਨ
ਓਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਾਨੀਮੋ-ਲੇਡੀਸਮਿੱਥ ਸੰਸਦੀ ਸੀਟ ‘ਤੇ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਚੋਣ 6 ਮਈ ਨੂੰ ਕਰਵਾਈ ਜਾਵੇਗੀ।
ਐਨ.ਡੀ.ਪੀ. ਆਗੂ ਸ਼ੀਲਾ ਮੈਲਕਮਸ਼ਨ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਲਿਬਰਲ ਪਾਰਟੀ ਵਲੋਂ ਨਾਨੀਮੋ-ਲੇਡੀਸਮਿੱਥ ਸੰਸਦੀ ਸੀਟ ਤੋਂ ਮਿਸ਼ੇਲ ਕੋਰਫੀਲਡ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਜਦਕਿ ਕੰਸਰਵੇਟਿਵ ਪਾਰਟੀ ਵਲੋਂ ਜੌਹਨ ਹਿਰਸਟ ਨੂੰ ਉਮੀਦਵਾਰ ਬਣਾਇਆ ਗਿਆ ਹੈ। ਗਰੀਨ ਪਾਰਟੀ ਨੇ ਪੌਲ ਮੈਨਲੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਪੀਪਲਜ਼ ਪਾਰਟੀ ਵੀ ਉਮੀਦਵਾਰ ਐਲਾਨਣ ਵਿਚ ਪਿੱਛੇ ਨਹੀਂ ਰਹੀ ਅਤੇ ਜੈਨੀਫਰ ਕਲਾਰਕ ਨੂੰ ਟਿਕਟ ਦੇ ਦਿੱਤੀ। ਜ਼ਿਕਰਯੋਗ ਹੈ ਕਿ ਸ਼ੀਲਾ ਮੈਲਕਮਸਨ ਵਲੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜਨ ਲਈ ਅਸਤੀਫਾ ਦਿੱਤਾ ਗਿਆ ਸੀ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …