ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਨੇ ਗੱਡੀ ਵਿੱਚ ਲੰਘੇ ਜਾ ਰਹੇ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਇੱਕ ਵਿਅਕਤੀ ਨੂੰ ਰੌਲਾ ਪਾਉਣ ਦੀ ਥਾਂ ਖੁੱਲ੍ਹ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ।
ਜਗਮੀਤ ਸਿੰਘ, ਸੇਂਟ ਜੌਹਨਜ, ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਡੌਮੀਨੀਅਨ ਗ੍ਰੌਸਰੀ ਸਟੋਰ ਦੇ ਬਾਹਰ ਖਾਣ-ਪੀਣ ਦੀਆਂ ਚੀਜਾਂ ਦੀਆਂ ਉੱਚੀਆਂ ਕੀਮਤਾਂ ਬਾਰੇ ਗੱਲ ਕਰ ਰਹੇ ਸਨ ਜਦੋਂ ਕਾਲੀ ਕਾਰ ਵਿੱਚ ਨੇੜਿਓ ਲੰਘੇ ਜਾ ਰਹੇ ਇੱਕ ਵਿਅਕਤੀ ਨੇ ਕਾਰ ਪਾਰਕਿੰਗ ਲੌਟ ਵਿੱਚ ਰੋਕ ਕੇ ਜਗਮੀਤ ਸਿੰਘ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਰੇ ਬੁਰਾ-ਭਲਾ ਬੋਲਣਾ ਸ਼ੁਰੂ ਕਰ ਦਿੱਤਾ। ਉਸ ਨੇ ਦੋਵਾਂ ਆਗੂਆਂ ਬਾਰੇ ਲੱਚਰ ਕਿਸਮ ਦੀਆਂ ਗੱਲਾਂ ਬੋਲੀਆਂ। ਇਸ ਉੱਤੇ ਜਗਮੀਤ ਸਿੰਘ ਨੇ ਆਖਿਆ ਕਿ ਜੇ ਤੁਸੀਂ ਹੋਮੋਫੋਬਿਕ ਹੋਂ ਤਾਂ ਇਸ ਨੂੰ ਆਪਣੇ ਤੱਕ ਰੱਖੋ।
ਤੁਹਾਡਾ ਹੋਮੋਫੋਬੀਆ ਬਹੁਤ ਹੀ ਅਢੁਕਵਾਂ ਹੈ। ਜਦੋਂ ਉਹ ਵਿਅਕਤੀ ਗਾਲਾਂ ਕੱਢਣ ਤੋਂ ਨਹੀਂ ਹਟਿਆ ਤਾਂ ਜਗਮੀਤ ਸਿੰਘ ਨੇ ਆਖਿਆ ਕਿ ”ਤੂੰ ਗੱਡੀ ਚਲਾ ਕੇ ਦੂਰ ਜਾ ਰਿਹਾ ਹੈ ਮੈਂ ਤਾਂ ਇੱਥੇ ਹੀ ਖੜ੍ਹਾ ਹਾਂ, ਜੇ ਤੈਨੂੰ ਠੀਕ ਲੱਗੇ ਤਾਂ ਆਪਾਂ ਗੱਲਬਾਤ ਵੀ ਕਰ ਸਕਦੇ ਹਾਂ।” ਇਸ ਤੋਂ ਬਾਅਦ ਉਹ ਵਿਅਕਤੀ ਉੱਥੋਂ ਚਲਾ ਗਿਆ ਅਤੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਫਿਰ ਆਪਣੀ ਪ੍ਰੈੱਸ ਕਾਨਫਰੰਸ ਮੁੜ ਸੁਰੂ ਕਰ ਦਿੱਤੀ।