13.1 C
Toronto
Wednesday, October 15, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਦੇ ਸਟੱਡੀ ਵੀਜ਼ਾ ਤੋਂ ਇਨਕਾਰ ਦੀ ਦਰ ਵਧੀ

ਕੈਨੇਡਾ ਦੇ ਸਟੱਡੀ ਵੀਜ਼ਾ ਤੋਂ ਇਨਕਾਰ ਦੀ ਦਰ ਵਧੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਹਾਲ ਹੀ ‘ਚ ਕੈਨੇਡਾ ਦੇ ਸਟੱਡੀ ਵੀਜਾ ਤੋਂ ਇਨਕਾਰ ਦੀ ਦਰ ਬੀਤੇ ਸਾਲਾਂ ਦੇ ਮੁਕਾਬਲੇ ਬਹੁਤ ਵਧ ਚੁੱਕੀ ਹੈ, ਜਿਸ ਕਾਰਨ ਦੇਸ਼ ਅਤੇ ਵਿਦੇਸ਼ਾਂ ‘ਚੋਂ ਕੈਨੇਡਾ ‘ਚ ਪੱਕੇ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੋ ਰਹੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਵੀ ਪ੍ਰੇਸ਼ਾਨ ਹਨ ਅੰਗਰੇਜੀ ਦੇ ਗਿਆਨ ਦੇ ਟੈਸਟ ਵਾਰ-ਵਾਰ ਦੇ ਕੇ ਅਤੇ ਬੈਂਡ ਵਧਾਉਣ ਦੇ ਬਾਵਜੂਦ ਅਰਜੀਕਰਤਾਵਾਂ ਨੂੰ ਵੀਜਾ ਤੋਂ ਨਾਂਹ ਹੋਣ ਬਾਰੇ ਜਾਣਕਾਰੀ ਮਿਲ ਰਹੀ ਹੈ।
ਕਈ ਵਿਦਿਆਰਥੀਆਂ ਦੇ ਕੇਸ 3-4 ਵਾਰੀ ਰੱਦ ਹੋ ਚੁੱਕੇ ਹਨ। ਪਤਾ ਲੱਗਾ ਹੈ ਕਿ ਭਾਰਤ ਤੋਂ 12 ਜਮਾਤਾਂ ਪਾਸ ਕਰਨ ਤੋਂ ਬਾਅਦ ਕੈਨੇਡਾ ਦੇ ਕਾਲਜਾਂ ‘ਚ ਦਾਖਲੇ ਲੈਣ ਵਾਲੇ ਮੁੰਡੇ ਅਤੇ ਕੁੜੀਆਂ ਨੂੰ ਵੱਧ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਉਚੇਰੀ ਸਿੱਖਿਆ ਲਈ ਕੈਨੇਡਾ ‘ਚ ਸਰਕਾਰਾਂ ਤੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ‘ਚ ਦਾਖਲ ਹੋਣ ਵਾਲੇ ਹੁਸ਼ਿਆਰ ਅਤੇ ਆਰਥਿਕ ਤੌਰ ‘ਤੇ ਚੰਗੀ ਸਥਿਤੀ ਵਾਲੇ ਵਿਦਿਆਰਥੀਆਂ ਨੂੰ ਇਨਕਾਰ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਬੀਤੇ ਸਮੇਂ ਦੌਰਾਨ ਕਰੀਅਰ ਕਾਲਜਾਂ ਦੇ ਪ੍ਰਬੰਧਕੀ ਕਾਰਜਾਂ ‘ਚ ਖਾਮੀਆਂ ਕਾਰਨ ਕੈਨੇਡਾ ਸਰਕਾਰ ਨੂੰ ਅਨੇਕ ਸ਼ਿਕਾਇਤਾਂ ਮਿਲੀਆਂ ਅਤੇ ਪਤਾ ਲੱਗਦਾ ਰਿਹਾ ਕਿ ਮੁੰਡਿਆਂ ਅਤੇ ਕੁੜੀਆਂ ਦਾ ਮਕਸਦ ਪੜ੍ਹਾਈ ਕਰਨਾ ਨਹੀਂ ਸਗੋਂ ਸਟੱਡੀ ਵੀਜਾ ਦੇ ਆਸਰੇ ਕੈਨੇਡਾ ‘ਚ ਪੈਰ ਰੱਖਣਾ ਅਤੇ ਪੱਕੇ ਹੋਣ ਲਈ ਜੁਗਾੜ ਕਰਨਾ ਹੀ ਰਹਿ ਗਿਆ ਸੀ।
ਇਸ ਵਰਤਾਰੇ ਨਾਲ ਪੱਕੇ ਹੋਣ ਵਾਸਤੇ ਲੋੜੀਂਦੇ ਦਸਤਾਵੇਜਾਂ ਦੀ ਕੈਨੇਡਾ ਦੇ ਵਿਦਿਅਕ ਅਤੇ ਕਾਰੋਬਾਰੀ ਅਦਾਰਿਆਂ ਤੋਂ ਖਰੀਦ-ਵੇਚ ਦਾ ਭ੍ਰਿਸ਼ਟਾਚਾਰ ਵੀ ਸਿਖਰ ਉਪਰ ਪੁੱਜਦਾ ਗਿਆ, ਜਿਸ ਤੋਂ ਉਪਜ ਰਹੇ ਸਮਾਜਿਕ ਮਾਹੌਲ ਤੋਂ ਕੈਨੇਡਾ ਵਾਸੀ ਅਤੇ ਕੈਨੇਡਾ ਸਰਕਾਰ ਵੀ ਚਿੰਤਤ ਹੋ ਗਈ।
ਅਜਿਹੇ ‘ਚ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸਮੈਸਟਰਾਂ ਵਾਸਤੇ ਭਾਰਤ ਦੇ ਅਰਜੀਕਰਤਾਵਾਂ ਨੂੰ ਆਮ ਨਾਲੋਂ ਬਹੁਤ ਘੱਟ ਵੀਜੇ ਮਿਲਣ ਦੀਆਂ ਖ਼ਬਰਾਂ ਹਨ ਅਤੇ ਇਮੀਗ੍ਰੇਸ਼ਨ ਵਿਭਾਗ ਕੋਲ ਇਸ ਸਮੇਂ ਵੀ 25000 ਤੋਂ ਵੱਧ ਅਰਜੀਆਂ ਵਿਚਾਰ ਅਧੀਨ ਹਨ। ਇਸੇ ਦੌਰਾਨ ਪਤਾ ਲੱਗਾ ਹੈ ਕਿ ਸਟੱਡੀ ਵੀਜ਼ਾ ਨਾਲ ਹਫ਼ਤੇ ‘ਚ 20 ਘੰਟੇ ਕੰਮ ਕਰਨ ਦੀ ਮਿਲਦੀ ਖੁਲ੍ਹ ਬਾਰੇ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਮੁੜ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਨੂੰ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਅਤੇ ਸਟੱਡੀ ਵਾਸਤੇ ਲੋੜੀਂਦੇ ਸਮੇਂ ਦੇ ਅਨੁਸਾਰ ਤਵਾਜ਼ਨ ‘ਚ ਰੱਖਿਆ ਜਾ ਸਕੇ।

 

RELATED ARTICLES
POPULAR POSTS