Breaking News
Home / ਜੀ.ਟੀ.ਏ. ਨਿਊਜ਼ / ਕੰਸਰਵੇਟਿਵਾਂ ਨੇ ਮੰਦੀ ਬਾਰੇ ਲੋਕਾਂ ਦੇ ਮਨਾਂ ‘ਚ ਪੈਦਾ ਕੀਤਾ ਡਰ : ਬਿੱਲ ਮੌਰਨਿਊ

ਕੰਸਰਵੇਟਿਵਾਂ ਨੇ ਮੰਦੀ ਬਾਰੇ ਲੋਕਾਂ ਦੇ ਮਨਾਂ ‘ਚ ਪੈਦਾ ਕੀਤਾ ਡਰ : ਬਿੱਲ ਮੌਰਨਿਊ

ਓਟਵਾ/ਬਿਊਰੋ ਨਿਊਜ਼ : ਮੰਦੀ ਬਾਰੇ ਖਾਹਮ ਖਾਹ ਡਰ ਪੈਦਾ ਕਰਦੇ ਕੰਸਰਵੇਟਿਵ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਹਰਕਤ ਕਰਕੇ ਮਾਹੌਲ ਖਰਾਬ ਕਰ ਰਹੇ ਹਨ। ਇਹ ਕਹਿਣਾ ਹੈ ਵਿੱਤ ਮੰਤਰੀ ਬਿੱਲ ਮੌਰਨਿਊ ਦਾ। ਮੌਰਨਿਊ ਨੇ ਆਖਿਆ ਕਿ ਲੋਕਾਂ ਦੇ ਮਨਾਂ ਵਿੱਚ ਇਸ ਬਾਬਤ ਡਰ ਪੈਦਾ ਕਰਕੇ ਕੰਸਰਵੇਟਿਵ ਕੋਈ ਸਮਝਦਾਰੀ ਵਾਲਾ ਕੰਮ ਨਹੀਂ ਕਰ ਰਹੇ। ਫੈਡਰਲ ਚੋਣਾਂ ਤੋਂ ਬਾਅਦ ਅਰਥਚਾਰੇ ਬਾਰੇ ਆਈ ਪਹਿਲੀ ਰਿਪੋਰਟ ਵਿੱਚ ਇਹ ਸਾਫ ਕੀਤਾ ਗਿਆ ਕਿ ਫੈਡਰਲ ਘਾਟੇ ਵਿੱਚ ਵਾਧਾ ਹੋ ਰਿਹਾ ਹੈ ਜਦਕਿ ਕੈਨੇਡਾ ਦੀ ਕੁੱਲ ਘਰੇਲੂ ਉਤਪਾਦ ਉੱਤੇ ਕਰਜ਼ੇ ਦਾ ਅਨੁਪਾਤ ਜੀ-7 ਮੁਲਕਾਂ ਵਿੱਚ ਸੱਭ ਤੋਂ ਮੱਠਾ ਹੈ।
ਇਸ ਵਿੱਤੀ ਅਪਡੇਟ ਵਿੱਚ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਗਲੋਬਲ ਅਰਥਚਾਰੇ ਵਿੱਚ ਜਿਹੜੀ ਮੂਲ ਢਾਂਚਾਗਤ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਉਸ ਨਾਲ ਵੀ ਅਰਥਚਾਰੇ ਦੀ ਰਫਤਾਰ ਮੱਠੀ ਪੈ ਰਹੀ ਹੈ। ਪਰ ਇਸ ਦੌਰਾਨ ਮੰਦਵਾੜੇ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੈਨੇਡਾ ਵੱਲੋਂ ਕੀਤੀ ਜਾ ਰਹੀ ਤਿਆਰੀ ਨੂੰ ਵੀ ਅਰਥਸ਼ਾਸਤਰੀਆਂ ਵੱਲੋਂ ਨਾਕਾਫੀ ਦੱਸਿਆ ਜਾ ਰਿਹਾ ਹੈ। ਇਸ ਅਪਡੇਟ ਦੀ ਪ੍ਰਕਿਰਿਆ ਵਿੱਚ ਕੰਸਰਵੇਟਿਵ ਇਹ ਆਖ ਰਹੇ ਹਨ ਕਿ ਲਿਬਰਲਾਂ ਦੀ ਇਸ ਆਰਥਿਕ ਪਹੁੰਚ ਦੇ ਆਧਾਰ ਉੱਤੇ ਹੀ ਕੈਨੇਡਾ ਮੰਦਵਾੜੇ ਵੱਲ ਧੱਕਿਆ ਜਾ ਰਿਹਾ ਹੈ।
ਇਸ ਬਾਰੇ ਜਿੱਥੇ ਮੌਰਨਿਊ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪਹੁੰਚ ਨਾਲ ਲੋਕਾਂ ਵਿੱਚ ਬੇਚੈਨੀ ਵੱਧ ਰਹੀ ਹੈ ਉੱਥੇ ਹੀ ਕੰਸਰਵੇਟਿਵ ਵਿੱਤ ਕ੍ਰਿਟਿਕ ਪਿਏਰੇ ਪੋਇਲੀਵਰ ਦਾ ਕਹਿਣਾ ਹੈ ਕਿ ਮੰਦਵਾੜੇ ਦੀ ਗੱਲ ਕਈ ਆਰਥਿਕ ਸੰਕੇਤਾਂ ਦੇ ਲਿਹਾਜ ਨਾਲ ਸੱਚ ਹੈ। ਪੋਇਲੀਵਰ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਕੋਲ ਕੋਈ ਵਿੱਤੀ ਮਦਦ ਨਹੀਂ ਹੈ। ਅੱਧੇ ਤੋਂ ਵੱਧ ਕੈਨੇਡੀਅਨ ਦੀਵਾਲੀਏਪਣ ਤੋਂ ਕੁੱਝ ਕਦਮਾਂ ਦੀ ਦੂਰੀ ਉੱਤੇ ਹਨ। ਉਨ੍ਹਾਂ ਕੋਲ ਰੋਜ਼ਗਾਰ ਦੇ ਮੌਕੇ ਨਾਂਹ ਦੇ ਬਰਾਬਰ ਹਨ ਤੇ ਅਰਥਚਾਰੇ ਦੀ ਮੱਠੀ ਰਫਤਾਰ ਦੇ ਨਾਲ-ਨਾਲ ਕੈਨੇਡਾ ਵਿੱਚ ਰਹਿ ਕੇ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਹੈ। ਇਹ ਸੱਭ ਟਰੂਡੋ ਤੇ ਮੌਰਨਿਊ ਦੇ ਟੈਕਸ ਤੇ ਖਰਚਾ ਕਰਨ ਦੇ ਏਜੰਡੇ ਦਾ ਨਤੀਜਾ ਹੈ, ਜੋ ਸਾਡੇ ਅਰਥਚਾਰੇ ਦੀ ਰਫਤਾਰ ਮੱਠੀ ਕਰ ਰਿਹਾ ਹੈ।
ਉਨ੍ਹਾਂ ਆਖਿਆ ਕਿ ਅਸੀਂ ਬਹੁਤ ਹੀ ਖਤਰਨਾਕ ਮੋੜ ਤੋਂ ਲੰਘ ਰਹੇ ਹਾਂ ਤੇ ਕੈਨੇਡੀਅਨਾਂ ਨੂੰ ਇਸ ਦੀ ਕੀਮਤ ਪਹਿਲਾਂ ਹੀ ਅਦਾ ਕਰਨੀ ਪੈ ਰਹੀ ਹੈ। ਇਸ ਦੇ ਜਵਾਬ ਵਿੱਚ ਮੌਰਨਿਊ ਨੇ ਆਖਿਆ ਕਿ ਵਿੱਤੀ ਅਪਡੇਟ ਬਾਰੇ ਜਿੰਨੇ ਵੀ ਪ੍ਰਾਈਵੇਟ ਸੈਕਟਰ ਨਾਲ ਜੁੜੇ ਅਰਥਸ਼ਾਸਤਰੀਆਂ ਤੇ ਵੱਡੇ ਬੈਂਕਾਂ ਦੇ ਨੁਮਾਇੰਦਿਆਂ ਨਾਲ ਸਰਕਾਰ ਨੇ ਸਲਾਹ ਮਸ਼ਵਰਾ ਕੀਤਾ ਹੈ ਉਨ੍ਹਾਂ ਦਾ ਇਹੋ ਆਖਣਾ ਹੈ ਕਿ ਇਸ ਸਾਲ ਅਰਥਚਾਰੇ ਦਾ ਵਿਕਾਸ ਹੋ ਰਿਹਾ ਹੈ ਤੇ ਅਗਲੇ ਸਾਲ ਵੀ ਅਰਥਚਾਰਾ ਵਿਕਾਸ ਕਰੇਗਾ। ਨਵੰਬਰ ਦੇ ਮਹੀਨੇ ਖੁੱਸੀਆਂ 71,000 ਨੌਕਰੀਆਂ ਬਾਰੇ ਮੌਰਨਿਊ ਨੇ ਆਖਿਆ ਕਿ ਇਸ ਮਹੀਨੇ ਵਿੱਚ ਹੋਏ ਨੁਕਸਾਨ ਤੋਂ ਬਿਨਾਂ ਸਮੁੱਚੇ ਸਾਲ ਵਿੱਚ ਵਿਕਾਸ ਦਰ ਠੀਕ ਰਹੀ।
ਉਨ੍ਹਾਂ ਆਖਿਆ ਕਿ ਅਸੀਂ ਵੇਖ ਰਹੇ ਹਾਂ ਕਿ ਅਰਥਚਾਰਾ ਪੱਲਰ ਰਿਹਾ ਹੈ ਤੇ ਅਸੀਂ ਇਹ ਵੀ ਆਖ ਰਹੇ ਹਾਂ ਕਿ ਸਾਨੂੰ ਇਸ ਨੂੰ ਤੇਜ਼ੀ ਨਾਲ ਵੱਧਦਾ ਵੇਖਣ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ।
2019 ‘ਚ ਕੈਨੇਡਾ ਦੀ ਅਬਾਦੀ ਹੋਈ 37 ਮਿਲੀਅਨ
ਟੋਰਾਂਟੋ : ਕੈਨੇਡਾ ਦੀ ਅਬਾਦੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਦੇਸ਼ ਦੇ ਅੰਕੜਾ ਵਿਭਾਗ ਮੁਤਾਬਕ ਦੇਸ਼ ਦੀ ਅਬਾਦੀ 37 ਮਿਲੀਅਨ ਭਾਵ ਪੌਣੇ ਚਾਰ ਕਰੋੜ ਤੋਂ ਵਧੇਰੇ ਹੋ ਗਈ ਹੈ। ਕਿਸੇ ਵੀ ਦੇਸ਼ ਦੀ ਅਬਾਦੀ ਵਧਣ ਦਾ ਕਾਰਨ ਇੱਥੇ ਜਨਮ ਦਰ ਵਧਣ ਤੇ ਮੌਤ ਦਰ ਘਟਣ ਤੋਂ ਲਿਆ ਜਾਂਦਾ ਹੈ, ਜਦ ਕਿ ਕੈਨੇਡਾ ਦੀ ਅਬਾਦੀ ਵਧਣ ਪਿੱਛੇ ਇਹ ਤੱਥ ਨਹੀਂ ਹੈ ਸਗੋਂ ਵੱਡੀ ਗਿਣਤੀ ਵਿਚ ਪਰਵਾਸੀਆਂ ਦਾ ਕੈਨੇਡਾ ਜਾਣਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …