ਪੱਛਮੀ ਬੰਗਾਲ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਨਿਰਦੇਸ਼
ਢਾਕਾ/ਬਿਊਰੋ ਨਿਊਜ਼ : ਬੰਗਲਾਦੇਸ਼ ‘ਚ ਦੁਰਗਾ ਪੂਜਾ ਮੌਕੇ ਮੰਦਰਾਂ ਦੀ ਪਿਛਲੇ ਹਫ਼ਤੇ ਕੀਤੀ ਭੰਨਤੋੜ ਮਗਰੋਂ ਹਮਲਾਵਰਾਂ ਦੇ ਇਕ ਸਮੂਹ ਨੇ ਹਿੰਦੂਆਂ ਦੇ 29 ਘਰਾਂ ਨੂੰ ਅੱਗ ਲਾ ਕੇ ਫੂਕ ਦਿੱਤਾ। ਇਸੇ ਦੌਰਾਨ ਪੱਛਮੀ ਬੰਗਾਲ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਅੱਗਜ਼ਨੀ ਦੀ ਇਹ ਘਟਨਾ ਐਤਵਾਰ ਰਾਤ ਨੂੰ ਰੰਗਪੁਰ ਜ਼ਿਲ੍ਹੇ ਵਿਚ ਵਾਪਰੀ। ਇਹ ਥਾਂ ਢਾਕਾ ਤੋਂ ਲਗਪਗ 255 ਕਿਲੋਮੀਟਰ ਦੇ ਫਾਸਲੇ ‘ਤੇ ਹੈ। ਇਸ ਦੌਰਾਨ ਢਾਕਾ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਮੂਹ ਨੇ ਪ੍ਰਦਰਸ਼ਨਕਾਰੀ ਧਾਰਮਿਕ ਸਮੂਹਾਂ ਨਾਲ ਹੱਥ ਮਿਲਾਉਂਦਿਆਂ ਮੰਦਰਾਂ, ਪੂਜਾ ਸਥਲਾਂ ਤੇ ਹਿੰਦੂ ਭਾਈਚਾਰੇ ਦੇ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਘੱਟਗਿਣਤੀ ਸਮੂਹਾਂ ਨਾਲ ਜੁੜੇ ਮਾਮਲਿਆਂ ਨਾਲ ਨਜਿੱਠਣ ਲਈ ਵੱਖਰਾ ਮੰਤਰਾਲਾ ਬਣਾਏ ਜਾਣ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਐੱਸਪੀ ਮੁਹੰਮਦ ਕਮਰੂਜ਼ਮਾਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਪੁਲਿਸ ਨੂੰ ਜਿਵੇਂ ਹੀ ਉਪ ਜ਼ਿਲ੍ਹੇ ਦੇ ਪਿੰਡ ਮਾਝੀਪਾੜਾ ਵਿੱਚ ਰਹਿੰਦੇ ਹਿੰਦੂ ਨੌਜਵਾਨ ਵੱਲੋਂ ਫੇਸਬੁੱਕ ‘ਤੇ ‘ਧਰਮ ਦਾ ਨਿਰਾਦਰ’ ਕਰਦੀ ਪੋਸਟ ਪਾਉਣ ਦੀਆਂ ਅਫ਼ਵਾਹਾਂ ਬਾਰੇ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚ ਗਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਲਾਵਰਾਂ ਦੇ ਇਕ ਸਮੂਹ ਨੇ ਪੁਲਿਸ ਦੇ ਸਾਹਮਣੇ ਹੀ ਇਸ ਨੌਜਵਾਨ ਸਮੇਤ ਹੋਰਨਾਂ ਘਰਾਂ ਨੂੰ ਅੱਗ ਲਾ ਦਿੱਤੀ। ਫਾਇਰ ਸੇਵਾ ਕੰਟਰੋਲ ਰੂਮ ਨੇ ਆਪਣੀ ਰਿਪੋਰਟ ਵਿੱਚ 29 ਰਿਹਾਇਸ਼ੀ ਘਰਾਂ ਨੂੰ ਅੱਗ ਲੱਗਣ ਦਾ ਦਾਅਵਾ ਕੀਤਾ ਹੈ।
ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਘਟਨਾ ਅਜਿਹੇ ਮੌਕੇ ਵਾਪਰੀ ਹੈ ਜਦੋਂ ਦੁਰਗਾ ਪੂਜਾ ਵਾਲੀ ਥਾਂ ਕਥਿਤ ਕੁਫ਼ਰ ਤੋਲਣ ਨਾਲ ਜੁੜੀ ਘਟਨਾ ਕਰਕੇ ਬੰਗਲਾਦੇਸ਼ ਵਿੱਚ ਵੱਖ ਵੱਖ ਥਾਈਂ ਹਿੰਦੂਆਂ ਦੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਤੱਕ ਦਰਜਨਾਂ ਲੋਕਾਂ ਨੂੰ ਹਮਲਿਆਂ ਤੇ ਸੋਸ਼ਲ ਮੀਡੀਆ ‘ਤੇ ਫਿਰਕੂ ਹਿੰਸਾ ਫੈਲਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ੇਖ ਹਸੀਨਾ ਨੇ ਹਿੰਸਾ ਭੜਕਾਉਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਦੇ ਦਿੱਤੇ ਹੁਕਮ
ਨਵੀਂ ਦਿੱਲੀ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਹੁਕਮ ਦਿੱਤਾ ਹੈ ਕਿ ਧਰਮ ਦੇ ਨਾਂ ਉਤੇ ਹਿੰਸਾ ਭੜਕਾਉਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕ ਬਿਨਾਂ ਤੱਥਾਂ ਦੀ ਜਾਂਚ ਕੀਤੇ ਸੋਸ਼ਲ ਮੀਡੀਆ ਉਤੇ ਚੱਲ ਰਹੇ ਕਿਸੇ ਵੀ ਘਟਨਾਕ੍ਰਮ ਉਤੇ ਭਰੋਸਾ ਨਾ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੋਂ ਤੋਂ ਬੰਗਲਾਦੇਸ਼ ਵਿਚ ਹਿੰਦੂ ਮੰਦਰਾਂ ਉਤੇ ਹਮਲੇ ਵਧ ਗਏ ਹਨ। ਦੁਰਗਾ ਪੂਜਾ ਦੌਰਾਨ ਸੋਸ਼ਲ ਮੀਡੀਆ ਉਤੇ ਪਾਈ ਗਈ ਇਕ ਵਿਵਾਦਤ ਪੋਸਟ ਮਗਰੋਂ ਇਹ ਹਮਲੇ ਹੋਏ ਸਨ। ਕੈਬਨਿਟ ਮੀਟਿੰਗ ਵਿਚ ਪ੍ਰਧਾਨ ਮੰਤਰੀ ਹਸੀਨਾ ਨੇ ਗ੍ਰਹਿ ਮੰਤਰੀ ਅਸਦੂਜ਼ਮਾਨ ਖਾਨ ਨੂੰ ਤੁਰੰਤ ਕਾਰਵਾਈ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਮੰਤਰਾਲੇ ਨੂੰ ਚੌਕਸ ਰਹਿਣ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕਣ ਵਾਸਤੇ ਕਿਹਾ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵੱਖ-ਵੱਖ ਹਮਲਿਆਂ ਵਿਚ ਛੇ ਹਿੰਦੂ ਵਿਅਕਤੀ ਮਾਰੇ ਗਏ ਹਨ। ਹਸੀਨਾ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਹੈ।