Breaking News
Home / Special Story / ਪੰਜਾਬ ‘ਚ ਰੇਲ ਰੋਕੋ ਅੰਦੋਲਨ ਨੂੰ ਮਿਲਿਆ ਭਰਵਾਂ ਹੁੰਗਾਰਾ

ਪੰਜਾਬ ‘ਚ ਰੇਲ ਰੋਕੋ ਅੰਦੋਲਨ ਨੂੰ ਮਿਲਿਆ ਭਰਵਾਂ ਹੁੰਗਾਰਾ

ਸਮੂਹ ਵਰਗਾਂ ਦੇ ਵਿਅਕਤੀ ਰੇਲ ਪਟੜੀਆਂ ‘ਤੇ ਨਿੱਤਰੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਰ ‘ਚ ਸੋਮਵਾਰ ਨੂੰ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ 6 ਘੰਟਿਆਂ ਲਈ ਰੇਲਾਂ ਦਾ ਮੁਕੰਮਲ ਚੱਕਾ ਜਾਮ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਖੀਮਪੁਰ ਖੀਰੀ ਦੀ ਘਟਨਾਂ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਅਤੇ ਹੋਰਨਾਂ ਵਰਗਾਂ ਦੇ ਲੋਕ ਰੇਲ ਪਟੜੀਆਂ ‘ਤੇ ਨਿਤਰੇ। ਸੂਬੇ ਦੇ ਪ੍ਰਮੁੱਖ ਰੇਲ ਮਾਰਗਾਂ ‘ਤੇ 80 ਦੇ ਕਰੀਬ ਥਾਵਾਂ ‘ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਕਿਸਾਨਾਂ ਨੇ ਧਰਨੇ ਦਿੱਤੇ। ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਮੋਗਾ, ਪਟਿਆਲਾ ਤੇ ਫਿਰੋਜ਼ਪੁਰ ਵਿੱਚ ਕਿਸਾਨਾਂ ਨੇ ਵੱਖ-ਵੱਖ ਥਾਈਂ ਧਰਨੇ ਦਿੱਤੇ।
ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਵੱਲੋਂ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ 108 ਥਾਵਾਂ ‘ਤੇ ਜਾਰੀ ਧਰਨੇ ਵੀ ਪੂਰੇ ਜੋਸ਼ ਨਾਲ ਜਾਰੀ ਰਹੇ। ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ ਕਲਾਂ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ ਗਿੱਲ, ਜਗਮੋਹਨ ਸਿੰਘ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਡਾ. ਦਰਸ਼ਨ ਪਾਲ, ਹਰਦੀਪ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ, ਰੁਲਦੂ ਸਿੰਘ ਮਾਨਸਾ ਆਦਿ ਨੇ ਦੱਸਿਆ ਕਿ ਭਾਰੀ ਗਿਣਤੀ ਵਿੱਚ ਮਹਿਲਾਵਾਂ ਅਤੇ ਨੌਜਵਾਨਾਂ ਸਮੇਤ ਸਾਰੇ ਥਾਵਾਂ ‘ਤੇ ਸੈਂਕੜੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਹਮਾਇਤ ਵਜੋਂ ਮੁਲਾਜ਼ਮ, ਠੇਕਾ ਕਾਮੇ ਅਤੇ ਹੋਰ ਕਿਰਤੀ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
ਬੁਲਾਰਿਆਂ ਨੇ ਮੋਦੀ ਸਰਕਾਰ ਉੱਤੇ ਕਿਸਾਨ ਘੋਲ ਨੂੰ ਢਾਹ ਲਾਉਣ ਲਈ ਲਖੀਮਪੁਰ ਖੀਰੀ ਅਤੇ ਸਿੰਘੂ ਬਾਰਡਰ ਵਰਗੀਆਂ ਸਾਜਿਸ਼ਾਂ ਰਚਣ ਦਾ ਆਰੋਪ ਲਾਇਆ।
ਉਨ੍ਹਾਂ ਮੰਗ ਕੀਤੀ ਕਿ ਲਖੀਮਪੁਰ ਕਾਂਡ ਦੇ ਸਾਜ਼ਿਸ਼ ਕਰਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ 5 ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਮਾਰਨ ਦੇ ਦੋਸ਼ੀ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ ਹੋਰਨਾਂ ਨੂੰ ਗ੍ਰਿਫਤਾਰ ਕਰਕੇ ਵਿਸ਼ੇਸ਼ ਅਦਾਲਤੀ ਕਾਰਵਾਈ ਰਾਹੀਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਕਿਸਾਨਾਂ ਦੀਆਂ ਮੁੱਖ ਮੰਗਾਂ ਤਿੰਨੋਂ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ ਤੇ ਪਰਾਲੀ ਆਰਡੀਨੈਂਸ ਤੁਰੰਤ ਰੱਦ ਕਰਨ ਸਮੇਤ ਸਾਰੀਆਂ ਫਸਲਾਂ ਦੇ ਲਾਭਕਾਰੀ ਐੱਮਐੱਸਪੀ ਮਿਥ ਕੇ ਪੂਰੀ ਖਰੀਦ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਸਾਰੇ ਗਰੀਬਾਂ ਨੂੰ ਜਿਉਂਦੇ ਰਹਿਣ ਲਈ ਜ਼ਰੂਰੀ ਸਾਰੀਆਂ ਵਸਤਾਂ ਸਸਤੇ ਰੇਟਾਂ ‘ਤੇ ਦਿੱਤੀਆਂ ਜਾਣ। ਬੀਤੇ ਦਿਨੀਂ ਸਿੰਘੂ ਬਾਰਡਰ ‘ਤੇ ਵਾਪਰੇ ਘਿਣਾਉਣੇ ਕਤਲ ਦੀ ਨਿਰਪੱਖ ਅਦਾਲਤੀ ਜਾਂਚ ਕਰਵਾ ਕੇ ਸਾਜਿਸ਼ ਸਮੇਤ ਹੋਰਨਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਿੰਘੂ ਬਾਰਡਰ ‘ਤੇ ਹੋਈ ਹੱਤਿਆ ਦੀ ਘਟਨਾ ਨੂੰ ਕਿਸਾਨਾਂ ਨੇ ਦੱਸਿਆ ਭਾਜਪਾ ਦੀ ਸਾਜਿਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਪਿਛਲੇ ਦਿਨੀਂ ਤਰਨਤਾਰਨ ਦੇ ਨੌਜਵਾਨ ਲਖਬੀਰ ਸਿੰਘ ਦੀ ਹੋਈ ਹੱਤਿਆ ਨੂੰ ਕਿਸਾਨਾਂ ਨੇ ਭਾਜਪਾ ਦੀ ਸਾਜਿਸ਼ ਦੱਸਿਆ। ਧਿਆਨ ਰਹੇ ਕਿ ਟ੍ਰਿਬਿਊਨ ਗਰੁੱਪ ਨੇ ਇਕ ਫੋਟੋ ਸਾਹਮਣੇ ਲਿਆਂਦੀ ਹੈ, ਜਿਸ ਵਿਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਿਹੰਗ ਜਥੇਬੰਦੀਆਂ ਦੇ ਮੁਖੀਆਂ ‘ਚ ਸ਼ਾਮਲ ਬਾਬਾ ਅਮਨ ਸਿੰਘ ਨੂੰ ਸਨਮਾਨਤ ਕਰ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੱਤਿਆ ਦੇ ਮਾਮਲੇ ਵਿਚ ਜਿਹੜੇ ਚਾਰ ਨਿਹੰਗਾਂ ਨੇ ਆਤਮ ਸਮਰਪਣ ਕੀਤਾ ਹੈ, ਉਹ ਬਾਬਾ ਅਮਨ ਸਿੰਘ ਦੀ ਜਥੇਬੰਦੀ ਨਾਲ ਹੀ ਸਬੰਧਤ ਹਨ। ਇਹ ਫੋਟੋ ਸਾਹਮਣੇ ਆਉਣ ਤੋਂ ਬਾਅਦ ਮੀਡੀਆ ਵਿਚ ਲਗਾਤਾਰ ਇਸ ‘ਤੇ ਚਰਚਾ ਚੱਲ ਰਹੀ ਹੈ। ਇਹ ਫੋਟੋ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਲਖਬੀਰ ਸਿੰਘ ਦੀ ਹੱਤਿਆ ਨੂੰ ਭਾਜਪਾ ਦੀ ਸਾਜਿਸ਼ ਦੱਸਿਆ। ਧਿਆਨ ਰਹੇ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਿੰਘੂ ਬਾਰਡਰ ‘ਤੇ ਹੋਈ ਹੱਤਿਆ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਇਕ ਵਿਅਕਤੀ ਲਖਬੀਰ ਸਿੰਘ ਦਾ ਸਿੰਘੂ ਬਾਰਡਰ ‘ਤੇ ਨਿਹੰਗਾਂ ਨੇ ਕਤਲ ਕਰ ਦਿੱਤਾ ਸੀ ਅਤੇ ਲਖਬੀਰ ਸਿੰਘ ‘ਤੇ ਆਰੋਪ ਸੀ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ।
ਨਿਹੰਗ ਅਮਨ ਸਿੰਘ ਨੇ ਗੱਦਾਰੀ ਕੀਤੀ ਤਾਂ ਕਾਰਵਾਈ ਹੋਵੇਗੀ: ਰਾਜਾ ਰਾਜ ਸਿੰਘ
ਕੇਂਦਰ ਸਰਕਾਰ ਤੇ ਕਿਸਾਨ ਯੂਨੀਅਨਾਂ ਦਰਮਿਆਨ ਗੱਲਬਾਤ ‘ਚ ਆਈ ਹੋਈ ਖੜੋਤ ਦੌਰਾਨ ਬਾਬਾ ਅਮਨ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ, ਭਾਜਪਾ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਗਰੇਵਾਲ ਸਮੇਤ ਸਾਬਕਾ ਪੁਲਿਸ ਕੈਟ ਪਿੰਕੀ ਆਦਿ ਨਾਲ ਛਪੀਆਂ ਤਸਵੀਰਾਂ ਬਾਰੇ ਨਿਹੰਗ ਮੁਖੀ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਜੇਕਰ ਬਾਬਾ ਅਮਨ ਸਿੰਘ ਨੇ ਕੋਈ ਗੱਦਾਰੀ ਕੀਤੀ ਹੋਈ ਜਾਂ ਕੋਈ ਅਜਿਹਾ ਕਦਮ ਚੁੱਕਿਆ ਹੋਇਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਿਸਾਨ ਅੰਦੋਲਨ ਖਿਲਾਫ ਡੂੰਘੀ ਸਾਜਿਸ਼ : ਰੰਧਾਵਾ
ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਿੰਘੂ ਹੱਤਿਆ ਕਾਂਡ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਇੱਕ ਡੂੰਘੀ ਸਾਜਿਸ਼ ਜਾਪਦੀ ਹੈ। ਤਰਨਤਾਰਨ ਦੇ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਤ ਮਜ਼ਦੂਰ ਦੇ ਕਤਲ ਦੀ ਮੌਜੂਦਾ ਘਟਨਾ ਅਤੇ ਮੀਡੀਆ ‘ਚ ਹੋਏ ਤਾਜ਼ਾ ਖੁਲਾਸਿਆਂ ਦਾ ਜ਼ਿਕਰ ਕਰਦਿਆਂ ਉੱਪ ਮੁੱਖ ਮੰਤਰੀ ਨੇ ਪੂਰਨ ਨਿਆਂ ਦਿਵਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਸਰਕਾਰ ਮਾਮਲੇ ਦੀ ਡੂੰਘਾਈ ਤੱਕ ਪਹੁੰਚੇਗੀ ਅਤੇ ਇਸ ਘਟਨਾ ਦੇ ਅਸਲ ਸਾਜਿਸ਼ ਨੂੰ ਬੇਨਕਾਬ ਕਰੇਗੀ।
ਸ਼੍ਰੋਮਣੀ ਕਮੇਟੀ ਨੇ ਜਾਂਚ ਲਈ ਟੀਮ ਬਣਾਈ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਇਸਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਮੀਟਿੰਗ ਵਿਚ ਇਸ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਅੰਤ੍ਰਿਗ ਕਮੇਟੀ ਦੀ ਮੀਟਿੰਗ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਦਿੱਲੀ ਦੇ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਉਨ੍ਹਾਂ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਆਪਣੇ ਪੱਧਰ ‘ਤੇ ਵੀ ਸ਼੍ਰੋਮਣੀ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਉਨ੍ਹਾਂ ਲਖੀਮਪੁਰ ਖੀਰੀ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਖੜ੍ਹਨ ਦੀ ਵਚਨਬੱਧਤਾ ਪ੍ਰਗਟਾਈ।
ਕਿਸਾਨਾਂ ਨੇ ਅਬੋਹਰ ‘ਚ ਸੁਖਬੀਰ ਦੇ ਰੋਡ ਸ਼ੋਅ ਦਾ ਕੀਤਾ ਵਿਰੋਧ
ਅਕਾਲੀ ਦਲ ਖਿਲਾਫ ਜੰਮ ਕੇ ਕੀਤੀ ਗਈ ਨਾਅਰੇਬਾਜ਼ੀ
ਅਬੋਹਰ/ਬਿਊਰੋ ਨਿਊਜ਼ : ਅਬੋਹਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰੋਡ ਸ਼ੋਅ ਦਾ ਕਿਸਾਨਾਂ ਨੇ ਡਟਵਾਂ ਵਿਰੋਧ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੇ ਅਕਾਲੀ ਵਰਕਰਾਂ ਨੂੰ ਆਗਾਮੀ ਚੋਣਾਂ ਲਈ ਲਾਮਬੰਦ ਕਰਨ ਹਿੱਤ ਰੋਡ ਸ਼ੋਅ ਲਈ ਆਏ ਸਨ। ਇਲਾਕੇ ਦੇ ਕਿਸਾਨਾਂ ਨੂੰ ਜਿਵੇਂ ਹੀ ਸੁਖਬੀਰ ਬਾਦਲ ਦੇ ਪ੍ਰੋਗਰਾਮ ਦੀ ਭਿਣਕ ਪਈ ਤਾਂ ਉਨ੍ਹਾਂ ਇਕੱਠੇ ਹੋ ਕੇ ਅਕਾਲੀ ਦਲ ਖਿਲਾਫ ਪ੍ਰਦਰਸ਼ਨ ਕੀਤਾ।
ਕਿਸਾਨਾਂ ਨੇ ਅਬੋਹਰ ਪੈਲੇਸ ਕੋਲ ਇਕੱਠੇ ਹੋ ਕੇ ਅਕਾਲੀ ਦਲ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਸੁਖਬੀਰ ਬਾਦਲ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਹੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਨੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾ ਰਹੇ ਕਿਸਾਨਾਂ ਨੂੰ ਕਾਫ਼ਲੇ ਤੋਂ ਦੂਰ ਹੀ ਰੋਕੀ ਰੱਖਿਆ। ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਰੱਦ ਨਾ ਹੋਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ। ਅਕਾਲੀ ਦਲ ਦਾ ਰੋਡ ਸ਼ੋਅ ਮਲੋਟ ਬਾਈਪਾਸ ਤੋਂ ਸ਼ੁਰੂ ਹੋਇਆ ਅਤੇ ਵੱਖ-ਵੱਖ ਥਾਵਾਂ ਤੋਂ ਲੰਘਦਿਆਂ ਸਰਕੁਲਰ ਰੋਡ ‘ਤੇ ਸਮਾਪਤ ਹੋਇਆ। ਇਸੇ ਦੌਰਾਨ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਬੀਐੱਸਐੱਫ ਅਧੀਨ ਅਧਿਕਾਰ ਖੇਤਰ ਵਧਾਉਣ ‘ਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਇਸ ਮੁੱਦੇ ‘ਤੇ ਸੂਬਾ ਸਰਕਾਰ ਨੂੰ ਵੀ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੇਂਦਰ ਦੇ ਇਸ ਫ਼ੈਸਲੇ ‘ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਚੰਨੀ ਆਖ ਰਹੇ ਹਨ ਕਿ ਹਫੜਾ-ਦਫੜੀ ਮਚਾਉਣ ਦੀ ਲੋੜ ਨਹੀਂ ਤੇ ਦੂਜੇ ਪਾਸੇ ਸਰਬ ਪਾਰਟੀ ਮੀਟਿੰਗ ਸੱਦਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਨੂੰ ਮਾਮਲੇ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ। ਸੁਖਬੀਰ ਬਾਦਲ ਨੇ ਦਿੱਲੀ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਸਿਰ ਭੰਨਣ ‘ਤੇ ਕੇਜਰੀਵਾਲ ਦੀ ਵੀ ਨਿਖੇਧੀ ਕੀਤੀ।
ਨਿਹੰਗ ਆਗੂ ਨੇ ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਦੀ ਗੱਲ ਕਬੂਲੀ
ਧਰਨੇ ਵਾਲੀ ਥਾਂ ਖਾਲੀ ਕਰਨ ਬਦਲੇ ਭਾਜਪਾ ਆਗੂਆਂ ਵੱਲੋਂ ਦਸ ਲੱਖ ਦੀ ਪੇਸ਼ਕਸ਼ ਕੀਤੇ ਜਾਣ ਦਾ ਦਾਅਵਾ
ਚੰਡੀਗੜ੍ਹ : ਸਿੰਘੂ ਬਾਰਡਰ ‘ਤੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਭਾਜਪਾ ਦੇ ਮੰਤਰੀਆਂ ਨੂੰ ਮਿਲਿਆ ਸੀ। ਕਈ ਮੀਡੀਆ ਇੰਟਰਵਿਊਜ਼ ਵਿਚ ਉਸ ਨੇ ਮੰਨਿਆ ਹੈ ਕਿ ਉਸਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਹੋਰਾਂ ਨਾਲ ਮੁਲਾਕਾਤ ਕੀਤੀ ਸੀ। ਉਸਨੇ ਇਹ ਦਾਅਵਾ ਵੀ ਕੀਤਾ ਹੈ ਕਿ ਭਾਜਪਾ ਆਗੂ ਨੇ ਉਨ੍ਹਾਂ ਨੂੰ ਦਸ ਲੱਖ ਰੁਪਏ ਤੇ ਘੋੜਿਆਂ ਦੀ ਪੇਸ਼ਕਸ਼ ਕਰਕੇ ਸਿੰਘੂ ਬਾਰਡਰ ਧਰਨੇ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਨਿਹੰਗ ਆਗੂ ਨੇ ਇਹ ਪ੍ਰਤੀਕਰਮ ਉਦੋਂ ਦਿੱਤਾ ਜਦ ਕਈ ਮੀਡੀਆ ਅਦਾਰਿਆਂ ਨੇ ਉਸ ਤੋਂ ‘ਦਿ ਟ੍ਰਿਬਿਊਨ’ ਤੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪੀ ਖ਼ਬਰ ਬਾਰੇ ਸੁਆਲ ਕੀਤੇ ਜਿਸ ਵਿਚ ਵੇਰਵਿਆਂ ਸਹਿਤ ਉਸ ਦੀਆਂ ਭਾਜਪਾ ਆਗੂਆਂ ਨਾਲ ਮੁਲਾਕਾਤਾਂ ਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ।
ਮੁਰਗਾ ਦੇਣ ਤੋਂ ਨਾਂਹ ਕਰਨ ‘ਤੇ ਨਿਹੰਗ ਨੇ ਮਜ਼ਦੂਰ ਦੀ ਤੋੜੀ ਟੰਗ
ਨਿਹੰਗ ਬਾਬੇ ਦਾ ਦਾਅਵਾ ਬੀੜੀ ਪੀਣ ‘ਤੇ ਵਧਿਆ ਮਾਮਲਾ
ਸਿੰਘੂ ਬਾਰਡਰ : ਸਿੰਘੂ ਬਾਰਡਰ ‘ਤੇ ਨਿਹੰਗ ਸਿੰਘਾਂ ਵੱਲੋਂ ਲਖਬੀਰ ਸਿੰਘ ਦੇ ਕੀਤੇ ਗਏ ਕਤਲ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਪ੍ਰੰਤੂ ਅੱਜ ਫਿਰ ਨਿਹੰਗ ਸਿੰਘ ਵੱਲੋਂ ਇਕ ਵਿਅਕਤੀ ਦੀ ਕੀਤੀ ਗਈ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਅੰਦੋਲਨ ‘ਚ ਸ਼ਾਮਿਲ ਨਿਹੰਗ ਨਵੀਨ ਸੰਧੂ ਨੇ ਕੁੰਡਲੀ ਬਾਰਡਰ ਦੇ ਨੇੜੇ ਇਕ ਮੁਰਗੇ ਸਪਲਾਈ ਕਰਨ ਵਾਲੇ ਵਿਅਕਤੀ ਦੀ ਕੁੱਟਮਾਰ ਕੀਤੀ ਹੈ। ਨਿਹੰਗ ਨਵੀਨ ਨੇ ਮਜ਼ਦੂਰ ਕੋਲੋਂ ਇਕ ਮੁਰਗੇ ਦੀ ਕੀਤੀ, ਜਦੋਂ ਮਜ਼ਦੂਰ ਨੇ ਮੁਰਗਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਨਿਹੰਗ ਨੇ ਇਸ ਵਿਅਕਤੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਲੱਤ ਤੋੜ ਦਿੱਤੀ। ਨਿਹੰਗ ਨਵੀਨ ਸੰਧੂ ਦਾ ਸਬੰਧ ਵੀ ਬਾਬਾ ਅਮਨ ਸਿੰਘ ਦੇ ਦਲ ਨਾਲ ਹੀ ਦੱਸਿਆ ਜਾ ਰਿਹਾ ਹੈ। ਇਹ ਘਟਨਾ ਸਵੇਰੇ ਸਿੰਘੂ ਬਾਰਡਰ ‘ਤੇ ਵਾਪਰੀ। ਸੋਨੀਪਤ ਦੀ ਪੁਲਿਸ ਨੇ ਨਿਹੰਗ ਨਵੀਨ ਸੰਧੂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੀੜਤ ਮਜ਼ਦੂਰ ਦਾ ਨਾਮ ਮਨੋਜ਼ ਪਾਸਵਾਨ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਦੂਜੇ ਪਾਸੇ ਨਿਹੰਗ ਬਾਬੇ ਦਾ ਕਹਿਣਾ ਹੈ ਕਿ ਉਹ ਬੀੜੀ ਪੀ ਰਿਹਾ ਸੀ, ਜਿਸ ਧੂੰਆਂ ਉਨ੍ਹਾਂ ਦੇ ਮੂੰਹ ‘ਤੇ ਵੱਜ ਰਿਹਾ ਸੀ, ਜਿਸ ਕਾਰਨ ਇਹ ਮਾਮਲਾ ਵਧਿਆ।
ਸਿੰਘੂ ਬਾਰਡਰ ‘ਤੇ ਹੋਈ ਘਟਨਾ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇ : ਜਥੇਦਾਰ
ਘਟਨਾ ਕਾਨੂੰਨ ਦੇ ਰਾਜ ਦੀ ਅਸਫ਼ਲਤਾ ਦਾ ਸਿੱਟਾ ਕਰਾਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਿੰਘੂ ਬਾਰਡਰ ‘ਤੇ ਇਕ ਵਿਅਕਤੀ ਦੇ ਕਤਲ ਦੀ ਘਟਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਨੂੰਨ ਦੇ ਰਾਜ ਦੀ ਨਾਕਾਮੀ ਦਾ ਸਿੱਟਾ ਕਰਾਰ ਦਿੱਤਾ ਹੈ। ਉਨ੍ਹਾਂ ਇਸ ਘਟਨਾ ਦੇ ਵੱਖ-ਵੱਖ ਪਹਿਲੂਆਂ ਤੇ ਪਿਛੋਕੜ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੀ ਸਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਸਿੱਖ ਕੌਮ ਦੀ ਸਹੀ ਤਸਵੀਰ ਦੁਨੀਆ ਸਾਹਮਣੇ ਲਿਆਂਦੀ ਜਾ ਸਕੇ। ਸਿੰਘੂ ਘਟਨਾ ਬਾਰੇ ਇਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਇਸ ਨੂੰ ਸਿਰਫ ਅਮਨ ਤੇ ਕਾਨੂੰਨ ਦੇ ਮਸਲੇ ਵਜੋਂ ਨਾ ਲਵੇ, ਸਗੋਂ ਇਸ ਘਟਨਾ ਦੀ ਧਾਰਮਿਕ ਸੰਵੇਦਨਸ਼ੀਲਤਾ ਤੇ ਭਾਵਨਾਤਮਕ ਗੰਭੀਰਤਾ ਨੂੰ ਵੀ ਧਿਆਨ ਵਿੱਚ ਰੱਖੇ। ਉਨ੍ਹਾਂ ਕਿਹਾ ਕਿ ਪਿਛਲੇ ਪੰਜ-ਛੇ ਸਾਲਾਂ ਦੌਰਾਨ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 400 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਕਾਨੂੰਨ ਕਿਸੇ ਇਕ ਵੀ ਦੋਸ਼ੀ ਨੂੰ ਮਿਸਾਲੀ ਸਜ਼ਾ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸਿੱਖਾਂ ਨੂੰ ਇਨਸਾਫ਼ ਦੇਣ ਵਿੱਚ ਭਾਰਤੀ ਨਿਆ ਪ੍ਰਬੰਧ ਦੀ ਨਾਕਾਮੀ ਕਾਰਨ ਹੀ ਸਿੰਘੂ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਕੋਲੋਂ ਜਾਂਚ ਹੋਣੀ ਚਾਹੀਦੀ ਹੈ, ਜੋ ਇਸ ਘਟਨਾ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰੇ।
ਸਿੰਘੂ ਬਾਰਡਰ ‘ਤੇ ਹੋਏ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਸਿਟ ਬਣਾਈ
ਏਡੀਜੀਪੀ ਵਰਿੰਦਰ ਕੁਮਾਰ ਹੋਣਗੇ ਸਿਟ ਦੇ ਮੁਖੀ
ਚੰਡੀਗੜ੍ਹ : ਪੰਜਾਬ ਪੁਲਿਸ ਨੇ ਸਿੰਘੂ ਬਾਰਡਰ ‘ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ‘ਤੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਇਹ ਕਦਮ ਉਠਾਇਆ ਹੈ। ਲਖਬੀਰ ਸਿੰਘ ਦੀ ਭੈਣ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਸਰਕਾਰ ਨੇ ਸਿਟ ਬਣਾਈ ਹੈ। ਡੀਜੀਪੀ ਨੇ ਏਡੀਜੀਪੀ ਕਮ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵਰਿੰਦਰ ਕੁਮਾਰ ਦੀ ਅਗਵਾਈ ਹੇਠ ਸਿਟ ਦਾ ਗਠਨ ਕੀਤਾ ਹੈ ਜਿਸ ‘ਚ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਅਤੇ ਤਰਨਤਾਰਨ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਮੈਂਬਰ ਹੋਣਗੇ। ਪੰਜਾਬ ਪੁਲਿਸ ਨੇ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਸਬੰਧੀ ਤੱਥ ਵੀ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਹਨ। ਪੁਲਿਸ ਵੱਲੋਂ ਨਿਹੰਗਾਂ ਦੇ ਪਿਛੋਕੜ ਅਤੇ ਹੋਰ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਤਰਨਤਾਰਨ ਦੇ ਕਸੇਲ ਵਾਸੀ ਰਾਜ ਕੌਰ (ਇਸ ਵੇਲੇ ਚੀਮਾ ਕਲਾਂ ਦੀ ਵਸਨੀਕ) ਨੇ ਆਰੋਪ ਲਾਇਆ ਸੀ ਕਿ ਉਸ ਦੇ ਭਰਾ ਲਖਬੀਰ ਸਿੰਘ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਭਰਮਾ ਕੇ ਸਿੰਘੂ ਬਾਰਡਰ ਲਿਜਾਇਆ ਗਿਆ, ਜਿੱਥੇ ਕੁਝ ਨਿਹੰਗ ਸਿੰਘਾਂ ਨੇ 15 ਅਕਤੂਬਰ ਨੂੰ ਬੇਅਦਬੀ ਦੇ ਦੋਸ਼ਾਂ ਤਹਿਤ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

 

 

Check Also

ਬਾਰ੍ਹਵੀਂ ‘ਚ ਮੁੰਡੇ ਅਤੇ ਅੱਠਵੀਂ ਵਿੱਚ ਕੁੜੀਆਂ ਅੱਵਲ

ਲੁਧਿਆਣਾ ਦਾ ਏਕਮਪ੍ਰੀਤ ਸਿੰਘ ਬਾਰ੍ਹਵੀਂ ਅਤੇ ਭਾਈ ਰੂਪਾ (ਬਠਿੰਡਾ) ਦੀ ਹਰਨੂਰਪ੍ਰੀਤ ਕੌਰ ਅੱਠਵੀਂ ‘ਚ ਸੂਬੇ …