Breaking News
Home / Special Story / ਪੰਜਾਬ ‘ਚ ਅਮਨ ਅਮਾਨ ਨਾਲ ਵੋਟਾਂ ਪੈਣ ਦਾ ਕੰਮ ਹੋਇਆ ਮੁਕੰਮਲ

ਪੰਜਾਬ ‘ਚ ਅਮਨ ਅਮਾਨ ਨਾਲ ਵੋਟਾਂ ਪੈਣ ਦਾ ਕੰਮ ਹੋਇਆ ਮੁਕੰਮਲ

ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ‘ਚ ਬੰਦ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਿੰਗ ਦਾ ਅਮਲ 20 ਫਰਵਰੀ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਹਾਲਾਂਕਿ ਇੱਕਾ-ਦੁੱਕਾ ਥਾਵਾਂ ‘ਤੇ ਹਿੰਸਕ ਘਟਨਾਵਾਂ ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ‘ਚ ਨੁਕਸ ਪੈਣ ਦੀਆਂ ਵੀ ਰਿਪੋਰਟਾਂ ਮਿਲੀਆਂ ਹਨ। ਪੰਜਾਬ ਵਿਚ 71 ਫੀਸਦੀ ਤੋਂ ਵੱਧ ਪੋਲਿੰਗ ਹੋਈ ਹੈ।
ਸਵੇਰੇ ਅੱਠ ਵਜੇ ਸ਼ੁਰੂ ਹੋਇਆ ਵੋਟਾਂ ਪੈਣ ਦਾ ਅਮਲ ਸ਼ਾਮ 6 ਵਜੇ ਖ਼ਤਮ ਹੋਇਆ, ਪਰ ਇਸ ਦੌਰਾਨ ਚੋਣ ਬੂਥ ਦੇ ਗੇਟ ਅੰਦਰ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ਸੂਬੇ ਦੇ ਦਿਹਾਤੀ ਖੇਤਰਾਂ ਦੇ ਵੋਟਰਾਂ ਨੇ ਪੁਰਾਣੀ ਰਵਾਇਤ ਕਾਇਮ ਰਖਦਿਆਂ ਖੁੱਲ੍ਹ ਕੇ ਵੋਟਾਂ ਪਾਈਆ ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਵੋਟਾਂ ਦੇ ਭੁਗਤਾਨ ਦਾ ਅਮਲ ਪਿੰਡਾਂ ਦੇ ਮੁਕਾਬਲੇ ਘੱਟ ਰਿਹਾ। ਵੋਟਾਂ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ ਕੁੱਲ 700 ਕੰਪਨੀਆਂ ਤੋਂ ਇਲਾਵਾ ਸੂਬਾਈ ਪੁਲਿਸ ਦਾ ਅਮਲਾ ਵੀ ਤਾਇਨਾਤ ਰਿਹਾ। 117 ਅਸੈਂਬਲੀ ਸੀਟਾਂ ਲਈ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚ 93 ਮਹਿਲਾਵਾਂ ਤੇ 2 ਟਰਾਂਸਜੈਂਡਰ ਹਨ।
ਵੋਟਾਂ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਪ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ, ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਤੇ ਰਾਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਸਿਮਰਨਜੀਤ ਸਿੰਘ ਮਾਨ ਆਦਿ ਦੇ ਸਿਆਸੀ ਭਵਿੱਖ ਦਾ ਫੈਸਲਾ ਈਵੀਐੱਮਜ਼ ‘ਚ ਬੰਦ ਹੋ ਗਿਆ। ਚੋਣ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋਰਨਾਂ ਚਾਰ ਰਾਜਾਂ ਨਾਲ ਹੋਵੇਗਾ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਪਟਿਆਲਾ (ਸ਼ਹਿਰੀ) ਤੋਂ ਭਾਜਪਾ ਤੇ ਗੱਠਜੋੜ ਪਾਰਟੀਆਂ ਦੇ ਉਮੀਦਵਾਰ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਿੰਨੀ ਵੀ ਵੱਡੀ ਚੁਣੌਤੀ ਦਰਪੇਸ਼ ਹੋਵੇ, ਉਹ ਹਰ ਹਾਲ ਜਿੱਤਣਗੇ। ਅਮਰਿੰਦਰ ਦੀ ਪਤਨੀ ਤੇ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਕੈਪਟਨ ਸਾਹਿਬ (ਅਮਰਿੰਦਰ) ਦੀ ਹਮਾਇਤ ਕੀਤੀ ਹੈ ਤੇ ਇਹੀ ਉਨ੍ਹਾਂ ਦਾ ਪਰਿਵਾਰ ਹੈ ਤੇ ਪਰਿਵਾਰ ਸਭ ਤੋਂ ਉੱਪਰ ਹੈ।
ਵੋਟਿੰਗ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ‘ਚ ਕਾਫ਼ੀ ਉਤਸ਼ਾਹ ਨਜ਼ਰ ਆਇਆ। ਇਨ੍ਹਾਂ ਵੋਟਰਾਂ ਦਾ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ ਗਿਆ। ਪੰਜਾਬ ਅਸੈਂਬਲੀ ਦੀਆਂ 117 ਸੀਟਾਂ ਲਈ ਐਤਕੀਂ 2,14,99,804 ਯੋਗ ਵੋਟਰ ਸਨ, ਤੇ ਇਨ੍ਹਾਂ ਵਿੱਚ 1,02,00,996 ਮਹਿਲਾ ਵੋਟਰ ਸਨ। ਚੋਣ ਕਮਿਸ਼ਨ ਨੇ ਪੋਲਿੰਗ ਲਈ 24,740 ਪੋਲਿੰਗ ਸਟੇਸ਼ਨਾਂ ਦਾ ਵਿਵਸਥਾ ਕੀਤੀ ਸੀ ਤੇ ਇਨ੍ਹਾਂ ਵਿੱਚੋਂ 2013 ਦੀ ਨਾਜ਼ੁਕ ਤੇ 2952 ਦੀ ਅਤਿ-ਨਾਜ਼ੁਕ ਵਜੋਂ ਸ਼ਨਾਖ਼ਤ ਕੀਤੀ ਗਈ ਸੀ। ਪੰਜਾਬ ਵਿੱਚ ਐਤਕੀਂ ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ-ਬਸਪਾ, ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸਿਆਸੀ ਫਰੰਟ ਸੰਯੁਕਤ ਸਮਾਜ ਮੋਰਚਾ (ਐੱਸਐੱਸਐੱਮ) ਵਿਚਾਲੇ ਬਹੁਕੋਣੀ ਮੁਕਾਬਲਾ ਸੀ।
ਪੰਜਾਬ ਦੀ ਜਨਤਾ ਨੇ ਬਦਲਾਅ ਲਈ ਵੋਟਾਂ ਪਾਈਆਂ: ਬਲਬੀਰ ਸਿੰਘ ਰਾਜੇਵਾਲ
ਸਮਰਾਲਾ/ਬਿਊਰੋ ਨਿਊਜ਼ : ਸਮਰਾਲਾ ਹਲਕੇ ਚੋਣ ਲੜੇ ਸੰਯੁਕਤ ਸਮਾਜ ਮੋਰਚਾ ਦੇ ਪ੍ਰਧਾਨ ਤੇ ਮੁੱਖ ਮੰਤਰੀ ਚਿਹਰੇ ਬਲਬੀਰ ਸਿੰਘ ਰਾਜੇਵਾਲ ਨੇ ਸਮਰਾਲਾ ਦੇ ਪੋਲਿੰਗ ਬੂਥ ‘ਤੇ ਵੋਟ ਪਾਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਲੁੱਟ-ਖਸੁੱਟ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਦਾ ਪੂਰਨ ਸਫ਼ਾਇਆ ਹੋਵੇਗਾ। ਉਨ੍ਹਾਂ ਵੱਡੀ ਜਿੱਤ ਮਿਲਣ ਦਾ ਦਾਅਵਾ ਕਰਦਿਆਂ ਸੂਬੇ ਵਿੱਚ ਅਗਲੀ ਸਰਕਾਰ ਸੰਯੁਕਤ ਸਮਾਜ ਮੋਰਚੇ ਦੇ ਸਥਾਪਤ ਹੋਣ ਦੀ ਉਮੀਦ ਵੀ ਪ੍ਰਗਟਾਈ।
ਹਿੰਸਕ ਘਟਨਾਵਾਂ ਲਈ 33 ਐੱਫਆਈਆਰ ਦਰਜ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦੇ ਅਮਲ ਦੌਰਾਨ ਇੱਕਾ-ਦੁੱਕਾ ਹਿੰਸਕ ਘਟਨਾਵਾਂ ਵੀ ਵਾਪਰੀਆਂ। ਪੁਲਿਸ ਨੇ ਇਨ੍ਹਾਂ ਘਟਨਾਵਾਂ ਨਾਲ ਸਬੰਧਤ ਵੱਖ-ਵੱਖ ਜ਼ਿਲ੍ਹਿਆਂ ਵਿੱਚ 33 ਐੱਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਆਈਪੀਸੀ ਦੀ ਧਾਰਾ 343 ਤੇ 323 ਨਾਲ ਸਬੰਧਤ ਹਨ। ਫਿਰੋਜ਼ਪੁਰ ਤੇ ਬਠਿੰਡਾ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਦੋਂ ਕਿ ਪੁਲੀਸ ਇਨ੍ਹਾਂ ਘਟਨਾਵਾਂ ਦੀ ਪੁਸ਼ਟੀ ਨਹੀਂ ਕਰ ਰਹੀ। ਚੋਣ ਅਧਿਕਾਰੀਆਂ ਮੁਤਾਬਕ ਕਲਾਨੌਰ, ਅਬੋਹਰ, ਭਦੌੜ, ਸੁਲਤਾਨਪੁਰ ਲੋਧੀ, ਗੜ੍ਹਸ਼ੰਕਰ, ਤਰਨ ਤਾਰਨ, ਦਸੂਹਾ, ਰਾਏਕੋਟ ਅਤੇ ਮੁਕਤਸਰ ਵਿੱਚ ਕੁੱਟਮਾਰ ਦੀਆਂ ਘਟਨਾਵਾਂ ਵਾਪਰੀਆਂ ਹਨ ਤੇ ਸਰਹੰਦ ਵਿੱਚ ਜਾਅਲੀ ਵੋਟ ਭੁਗਤਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ ਭਦੌੜ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਮੀਦਵਾਰ ਹਨ ਤੇ ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਾਂਗਰਸੀ ਆਗੂਆਂ ‘ਤੇ ਹਮਲੇ ਦੇ ਦੋਸ਼ ਲਾਏ ਹਨ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਚੋਣਾਂ ਦੌਰਾਨ ਕਿਸੇ ਵੱਡੀ ਹਿੰਸਾ ਤੋਂ .ਬਚਾਅ ਰਿਹਾ ਤੇ ਸਮੁੱਚਾ ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਵੋਟਾਂ ਪੈਣ ਦਾ ਅਮਲ ਪੈਣ ਦੇ ਅੰਤ ਤੱਕ ਚੋਣਾਂ ਨਾਲ ਹਿੰਸਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਅਕਾਲੀ ਦਲ-ਭਾਜਪਾ ਦੀ ਭਾਈਵਾਲੀ ਆਈ ਸਾਹਮਣੇ : ਚਰਨਜੀਤ ਚੰਨੀ
ਕਿਹਾ : ਦੌਲਤਮੰਦਾਂ ਦੇ ਹੱਥਾਂ ‘ਚੋਂ ਨਿਕਲ ਕੇ ਤਾਕਤ ਗਰੀਬਾਂ ਦੇ ਹੱਥਾਂ ਵਿਚ ਆਏਗੀ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਆਪਸੀ ਭਾਈਵਾਲੀ ਖੁੱਲ੍ਹ ਕੇ ਬੇਪਰਦ ਹੋ ਗਈ ਹੈ ਜਿਨ੍ਹਾਂ ਡੇਰਾ ਸਿਰਸਾ ਤੋਂ ਹਮਾਇਤ ਲਈ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਜ਼ਖ਼ਮ ਅਜੇ ਭਰੇ ਨਹੀਂ ਹਨ ਪਰ ਇਹ ਪਾਰਟੀਆਂ ਮੁੜ ਡੇਰੇ ਕੋਲ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਨ੍ਹਾਂ ਪਾਰਟੀਆਂ ਵਿਰੁੱਧ ਖੜ੍ਹਾ ਹੋਵੇਗਾ ਅਤੇ ਵੋਟ ਦੀ ਤਾਕਤ ਨਾਲ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਇਹ ਵੀ ਤਨਜ਼ ਕੀਤਾ ਕਿ ਬਰਾਤ ਜਿੰਨੀ ਮਰਜ਼ੀ ਵੱਡੀ ਹੋਵੇ, ਪਿੰਡ ਤੋਂ ਘੱਟ ਹੀ ਹੁੰਦੀ ਹੈ। ਚੰਨੀ ਨੇ ਕਿਹਾ ਕਿ ‘ਆਪ’ ਆਗੂ ਭਗਵੰਤ ਮਾਨ ਨੂੰ ਵੀ ਡੇਰਾ ਸਿਰਸਾ ਦੇ ਪੈਰੋਕਾਰਾਂ ਦੀਆਂ ਵੋਟਾਂ ਪੈ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਨਿਰਾਸ਼ਾ ਤੋਂ ਸਾਫ ਝਲਕ ਮਿਲ ਰਹੀ ਹੈ ਕਿ ਕਾਂਗਰਸ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਚੰਨੀ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਵੱਡੇ ਫਰਕ ਨਾਲ ਚੋਣ ਜਿੱਤ ਰਹੇ ਹਨ। ਚੰਨੀ ਨੇ ਇਹ ਵੀ ਕਿਹਾ ਕਿ ਦੌਲਤਮੰਦਾਂ ਦੇ ਹੱਥਾਂ ਤੋਂ ਨਿਕਲ ਕੇ ਤਾਕਤ ਗਰੀਬਾਂ ਦੇ ਹੱਥਾਂ ਵਿਚ ਆਏਗੀ।
ਆਖਰੀ ਸਾਹ ਤੱਕ ਪੰਜਾਬ ਦੀ ਕਰਾਂਗਾ ਸੇਵਾ : ਪ੍ਰਕਾਸ਼ ਸਿੰਘ ਬਾਦਲ
ਕਿਹਾ : ਅਕਾਲੀ-ਬਸਪਾ ਗੱਠਜੋੜ ਬਹੁਮਤ ਨਾਲ ਸਰਕਾਰ ਬਣਾਏਗਾ
ਲੰਬੀ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਉਮਰ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਦੇ ਚੋਣ ਬੂਥ ਨੰਬਰ 125 ‘ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਹਰਕੀਰਤ ਕੌਰ ਵੀ ਵੋਟ ਪਾਉਣ ਪੁੱਜੇ ਸਨ। ਇਸ ਤੋਂ ਪਹਿਲਾਂ ਇਸੇ ਬੂਥ ‘ਤੇ ਬਠਿੰਡਾ ਤੋਂ ਚੋਣ ਲੜ ਰਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਵੋਟ ਪਾਈ। ਵੱਡੇ ਸਿਆਸਤਦਾਨਾਂ ‘ਤੇ ਆਧਾਰਤ ਬੂਥ ਹੋਣ ਕਰਕੇ ਬਾਦਲ ਪਰਿਵਾਰ ਦੇ ਮੈਂਬਰਾਂ ਦੇ ਵੋਟ ਪਾਉਣ ਤੱਕ ਇੱਥੇ ਮੀਡੀਆ ਕਰਮੀਆਂ ਦੀ ਗਹਿਮਾ-ਗਹਿਮੀ ਰਹੀ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੀ ਆਪਣੇ ਜੱਦੀ ਪਿੰਡ ਖੁੱਡੀਆਂ ਵਿੱਚ ਵੋਟ ਪਾਉਣ ਮਗਰੋਂ ਬਾਦਲ ਪਿੰਡ ਦੇ ਇਸੇ ਬੂਥ ‘ਤੇ ਮੀਡੀਆ ਕੋਲ ਹਾਜ਼ਰੀ ਲਗਵਾਉਣ ਪੁੱਜੇ, ਜਦੋਂਕਿ ਕਾਂਗਰਸ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਮਲੋਟ ਹਲਕੇ ਦੇ ਪਿੰਡ ਅਬੁਲਖੁਰਾਣਾ ਵਿੱਚ ਹੋਣ ਕਰਕੇ ਖੁਦ ਨੂੰ ਵੋਟ ਨਹੀਂ ਪਾ ਸਕੇ।
ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਆਖਰੀ ਸਾਹ ਤੱਕ ਲੰਬੀ ਅਤੇ ਪੰਜਾਬ ਦੀ ਸੇਵਾ ਕਰਨਗੇ। ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਇਸ ਵਾਰ ਚੋਣਾਂ ਵਿੱਚ ਦਲ-ਬਦਲੂਆਂ ਦਾ ਬੋਲਬਾਲਾ ਹੈ, ਜਦਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ-ਬਸਪਾ ਗੱਠਜੋੜ ਬਹੁਮਤ ਨਾਲ ਪੰਜਾਬ ਵਿੱਚ ਸਰਕਾਰ ਬਣਾਏਗਾ। ਅਕਾਲੀ ਦਲ ਨੇ ਪੰਜਾਬ ਦੇ ਵਿਕਾਸ ਅਤੇ ਉਸ ਦੇ ਹਰ ਮਸਲੇ ਪ੍ਰਤੀ ਵੱਡਾ ਯੋਗਦਾਨ ਪਾਇਆ ਹੈ, ਦੂਜੇ ਪਾਸੇ ‘ਆਪ’ ਦਾ ਪੰਜਾਬ ਲਈ ਕੋਈ ਯੋਗਦਾਨ ਨਹੀਂ ਹੈ, ਸਗੋਂ ਉਹ ਤਾਂ ਪੰਜਾਬ ਦੇ ਪਾਣੀਆਂ ਨੂੰ ਦਿੱਲੀ ਲਿਜਾਉਣਾ ਚਾਹੁੰਦੀ ਹੈ। ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ ਹੈ, ਮੁੱਖ ਮੰਤਰੀ ਚੰਨੀ ਸਿਆਸੀ ਸਟੰਟ ਕਰ ਰਿਹਾ ਹੈ, ਉਸ ਦੀਆਂ ਗੱਲਾਂ ਵਿੱਚ ਕੋਈ ਵਜ਼ਨ ਨਹੀਂ। ਭਾਜਪਾ ਨਾਲੋਂ ਨਹੁੰ-ਮਾਸ ਦਾ ਰਿਸ਼ਤਾ ਤੋੜਨ ਬਾਰੇ ਇੱਕ ਸੁਆਲ ਦੇ ਜਵਾਬ ਵਿੱਚ ਬਾਦਲ ਨੇ ਕਿਹਾ ਕਿ ਨਿੱਜੀ ਰਿਸ਼ਤੇ ਅਤੇ ਅਸੂਲ ਵੱਖ-ਵੱਖ ਹੁੰਦੇ ਹਨ। ਖੇਤੀ ਕਾਨੂੰਨਾਂ ‘ਤੇ ਭਾਜਪਾ ਦੇ ਗਲਤ ਫ਼ੈਸਲੇ ਕਾਰਨ ਪੰਜਾਬ ਦੇ ਵੱਡੇ ਨੁਕਸਾਨ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਸੀ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਬਦਲਾਅ ਦੀ ਰਾਹ ‘ਤੇ ਚੱਲ ਰਿਹਾ ਹੈ। ਉਹ ਲੰਬੀ ਹਲਕੇ ‘ਚ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਨਵਾਂ ਇਤਿਹਾਸ ਰਚਣਗੇ। ਇਸ ਮੌਕੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁੱਲਖੁਰਾਣਾ ਨੇ ਗੱਲਬਾਤ ਦੌਰਾਨ ਦਾਅਵਾ ਕੀਤਾ ਕੀਤਾ ਕਿ ਚੰਨੀ ਫੈਕਟਰ ਕਾਰਨ ਲੰਬੀ ਹਲਕੇ ‘ਚ ਵੱਡੀ ਗਿਣਤੀ ਵਿੱਚ ਐੱਸਸੀ ਭਾਈਚਾਰਾ ਕਾਂਗਰਸ ਦੇ ਹੱਕ ‘ਚ ਭੁਗਤਿਆ ਅਤੇ ਉਨ੍ਹਾਂ ਦੀ ਜਿੱਤ ਯਕੀਨੀ ਹੈ।
ਪੰਜਾਬ ਦੇ ਭਲੇ ਲਈ ਕੇਂਦਰੀ ਹਕੂਮਤ ਨਾਲ ਸਾਂਝ ਜ਼ਰੂਰੀ : ਕੈਪਟਨ ਅਮਰਿੰਦਰ
ਪਟਿਆਲਾ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਡੀ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਕੇਂਦਰੀ ਹਕੂਮਤ ਭਾਜਪਾ ਨਾਲ ਚੋਣ ਗੱਠਜੋੜ ਕਰਨਾ ਜ਼ਰੂਰੀ ਸੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਪਹੁੰਚ ਕਰਕੇ ਉਹ ਅਗਲੇ ਦਿਨਾਂ ਵਿੱਚ ਪੰਜਾਬ, ਪੰਜਾਬੀਅਤ ਸਮੇਤ ਪੰਥਕ ਮਸਲਿਆਂ ਦੇ ਹੱਲ ਲਈ ਯਤਨ ਕਰਨਗੇ। ਅਮਰਿੰਦਰ ਨੇ ਕਿਹਾ ਕਿ ਵਿਰੋਧੀ ਧਿਰਾਂ ਭਾਵੇਂ ਜੋ ਮਰਜ਼ੀ ਕਹੀ ਜਾਣ ਪਰ ਹਕੀਕਤ ਇਹ ਹੈ ਕਿ ਕਾਂਗਰਸ ਅਤੇ ‘ਆਪ’ ਸਮੇਤ ਅਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਾ ਰਹੇ, ਜਦਕਿ ਭਾਜਪਾ ਵੱਲੋਂ ਪੰਜਾਬ ਨਾਲ ਸਬੰਧਤ ਅਨੇਕਾਂ ਹੀ ਮਸਲਿਆਂ ਦਾ ਹੱਲ ਕਰਨ ਕਰਕੇ ਲੋਕ ਅੱਜ ਭਾਜਪਾ ਨੂੰ ਚਾਹੁਣ ਲੱਗੇ ਹਨ, ਇਹੀ ਕਾਰਨ ਹੈ ਕਿ ਅੱਜ ਅਨੇਕਾਂ ਹੀ ਸਿੱਖ ਚਿਹਰੇ ਭਾਜਪਾ ਸ਼ਾਮਲ ਹੋ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਰਲ ਕੇ ਅਗਲੇ ਦਿਨਾਂ ਵਿੱਚ ਪੰਜਾਬ ਦੀ ਬਿਹਤਰੀ ਲਈ ਹੋਰ ਵੀ ਨਵੇਂ ਪ੍ਰੋਗਰਾਮ ਉਲੀਕਣਗੇ।
ਹੁਕਮਰਾਨਾਂ ਦੀਆਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ: ਭਗਵੰਤ ਮਾਨ
ਮੁਹਾਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਮੁਹਾਲੀ ਦੇ ਫੇਜ਼-3ਬੀ1 ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਬਣੇ ਬੂਥ ‘ਤੇ ਆਪਣੀ ਵੋਟ ਪਾਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਹੂੰਝਾਫੇਰ ਜਿੱਤ ਹਾਸਲ ਕਰੇਗੀ ਅਤੇ ਪੰਜਾਬ ਵਿੱਚ ਅਗਲੀ ਸਰਕਾਰ ‘ਆਪ’ ਦੀ ਬਣੇਗੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸੂਬੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਨੇ ਆਪਣੀ ਮਾਤਾ ਕੋਲੋਂ ਆਸ਼ੀਰਵਾਦ ਲਿਆ ਅਤੇ ਭਰੋਸਾ ਦਿੱਤਾ ਕਿ ਉਹ ਦੇਸ਼ ਦੇ ਸ਼ਹੀਦਾਂ ਤੇ ਸੂਰਬੀਰਾਂ ਤੇ ਯੋਧਿਆਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਤੋਂ ਇਲਾਵਾ ਹੁਕਮਰਾਨਾਂ ਦੀਆਂ ਵਧੀਕੀਆਂ ਦਾ ਉਨ੍ਹਾਂ ਕੋਲੋਂ ਹਿਸਾਬ ਲਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਕੁਰਬਾਨੀ ਦੇ ਕੇ ਦੇਸ਼ ਆਜ਼ਾਦ ਕਰਵਾਇਆ ਸੀ ਅਤੇ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਲਿਖ ਕੇ ਹਰ ਨਾਗਰਿਕ ਨੂੰ ਮਤਦਾਨ ਅਤੇ ਬਰਾਬਰੀ ਦਾ ਅਧਿਕਾਰ ਦਿੱਤਾ ਸੀ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਦੇਸ਼ ਵਿੱਚ ਲੋਕਤੰਤਰ ਦੀ ਨੀਂਹ ਮਜ਼ਬੂਤ ਕਰਨਾ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਧਰਮ ਯੁੱਧ ਵਾਂਗ : ਨਵਜੋਤ ਸਿੱਧੂ
ਮਜੀਠੀਆ ਕਹਿੰਦੇ : ਇਸ ਵਾਰ ਲੋਕ ਅਤੇ ਲੋਕ ਮੁੱਦੇ ਜਿੱਤਣਗੇ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੀ ਲੜਾਈ ਧਰਮ ਯੁੱਧ ਵਾਂਗ ਹੈ, ਜਿਸ ਵਿਚ ਇੱਕ ਪਾਸੇ ਕੌਰਵ ਅਤੇ ਦੂਜੇ ਪਾਸੇ ਪਾਂਡਵ ਹਨ। ਇਸ ਵਾਰ ਲੜਾਈ ਬਦਲਾਅ ਲਈ ਹੈ। ਇਕ ਧਿਰ ਉਹ ਹੈ, ਜਿਸ ਨੇ ਠੇਕੇਦਾਰ ਪ੍ਰਣਾਲੀ ਰਾਹੀਂ ਸੂਬੇ ਨੂੰ ਜਕੜਿਆ ਹੋਇਆ ਹੈ ਅਤੇ ਆਪਣੇ ਨਿੱਜੀ ਲਾਭਾਂ ਲਈ ਸੂਬੇ ਦਾ ਸ਼ੋਸ਼ਣ ਕਰ ਰਹੇ ਹਨ। ਦੂਜੇ ਪਾਸੇ ਉਹ ਧਿਰ ਹੈ, ਜਿਸ ਕੋਲ ਪੰਜਾਬ ਦੇ ਵਿਕਾਸ ਲਈ ਇਕ ਰੋਡਮੈਪ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਪਾਸੇ ਬਦਲਾਅ ਦੀ ਖੁਸ਼ਬੂ ਹੈ। ਲੋਕ ਬਦਲਾਅ ਚਾਹੁੰਦੇ ਹਨ।
ਇਸ ਦੌਰਾਨ ਅੰਮ੍ਰਿਤਸਰ ਪੂਰਬੀ ਤੋਂ ਹੀ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਵਾਰ ਲੋਕ ਅਤੇ ਲੋਕ ਮੁੱਦੇ ਜਿੱਤਣਗੇ। ਨਵਜੋਤ ਸਿੱਧੂ ਦੇ ਹੰਕਾਰ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਲੋਕ ਰੱਦ ਕਰਨਗੇ। ਇਹ ਹਲਕਾ ਵਿਕਾਸ ਨਾ ਹੋਣ ਕਾਰਨ ਪੱਛੜ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਸੂਬੇ ਦੇ ਲੋਕਾਂ ਦਾ ਬੁਰਾ ਹਾਲ ਹੋਇਆ ਹੈ। ਵਪਾਰੀਆਂ, ਮੁਲਾਜ਼ਮਾਂ ਤੇ ਦਿਹਾੜੀਦਾਰਾਂ ਸਮੇਤ ਸੂਬੇ ਦਾ ਹਰ ਵਰਗ ਪ੍ਰੇਸ਼ਾਨ ਹੈ।
ਚਰਨਜੀਤ ਸਿੰਘ ਚੰਨੀ ਦੇ 111 ਦਿਨ ਦੀਆਂ ਪ੍ਰਾਪਤੀਆਂ ਦੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਖੁਦ ਨੂੰ ਗਰੀਬ ਦੱਸਣ ਵਾਲੇ ਇਸ ਸ਼ਖ਼ਸ ਕੋਲ ਕਰੋੜਾਂ ਰੁਪਏ ਦੀ ਸੰਪਤੀ ਹੈ। ਅਰਵਿੰਦ ਕੇਜਰੀਵਾਲ ਬਾਰੇ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕਦੇ ਵੀ ਧਾੜਵੀਆਂ ਅੱਗੇ ਹਾਰ ਨਹੀਂ ਮੰਨੀ ਅਤੇ ਇਸ ਵਾਰ ਪੰਜਾਬ ਦੇ ਲੋਕ ਇਨ੍ਹਾਂ ਬਾਹਰਲਿਆਂ ਨੂੰ ਨਕਾਰ ਦੇਣਗੇ।
ਸਿੱਧੂ ਤੇ ਮਜੀਠੀਆ ਨੇ ਇੱਕ-ਦੂਜੇ ਨੂੰ ਫਤਹਿ ਬੁਲਾਈ
ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਜਦੋਂ ਪੋਲਿੰਗ ਬੂਥਾਂ ਦਾ ਜਾਇਜ਼ਾ ਲੈ ਰਹੇ ਸਨ ਤਾਂ ਇੱਕ ਬੂਥ ਵਿਚ ਦੋਹੇਂ ਇੱਕ-ਦੂਜੇ ਦੇ ਸਾਹਮਣੇ ਆ ਗਏ। ਮਜੀਠੀਆ ਨੇ ਹੱਥ ਜੋੜ ਕੇ ਸਿੱਧੂ ਨੂੰ ਫਤਹਿ ਬੁਲਾਈ, ਜਿਸ ਦਾ ਸਿੱਧੂ ਨੇ ਜਵਾਬ ਵੀ ਦਿੱਤਾ। ਇਸ ਦੌਰਾਨ ਦੋਹਾਂ ਦੇ ਚਿਹਰੇ ‘ਤੇ ਖੁਸ਼ੀ ਨਹੀਂ ਦਿਖਾਈ ਦਿੱਤੀ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡਿਓ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ।
ਸਾਂਝਾ ਪੋਲਿੰਗ ਬੂਥ ਲਾ ਕੇ ਪਿੰਡ ਪੇਰੋਸ਼ਾਹ ‘ਚ ਭਾਈਚਾਰਕ ਏਕਤਾ ਦਾ ਸੁਨੇਹਾ
ਇੱਕੋ ਬੂਥ ‘ਤੇ ਸਿਆਸੀ ਧਿਰਾਂ ਦੀਆਂ ਲਗਾਈਆਂ ਗਈਆਂ ਝੰਡੀਆਂ
ਬਟਾਲਾ/ਬਿਊਰੋ ਨਿਊਜ਼ : ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਪਿੰਡ ਪੇਰੋਸ਼ਾਹ ਦੇ ਵਾਸੀਆਂ ਨੇ ਇਸ ਵਾਰ ਚੋਣਾਂ ਵਿੱਚ ਸਿਆਸੀ ਵਖਰੇਵਿਆਂ ਤੋਂ ਕਿਨਾਰਾ ਕਰਦਿਆਂ ਸਾਂਝਾ ਬੂਥ ਲਗਾ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ।
ਜ਼ਿਲ੍ਹਾ ਪੁਲਿਸ ਬਟਾਲਾ ਅਧੀਨ ਆਉਂਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਇਹ ਪਹਿਲਾ ਪਿੰਡ ਸੀ, ਜਿੱਥੇ ਚੋਣ ਪਿੜ ਵਿੱਚ ਕੁੱਦੀਆਂ ਸਾਰੀਆਂ ਸਿਆਸੀ ਧਿਰਾਂ ਦੇ ਸਮਰਥਕਾਂ ਨੇ ਇੱਕੋ ਬੂਥ ‘ਤੇ ਹਾਜ਼ਰੀ ਭਰੀ। ਦਿਲਚਸਪ ਗੱਲ ਇਹ ਹੈ ਕਿ ਇੱਕ ਹੀ ਬੂਥ ‘ਤੇ ਸਭ ਰਾਜਸੀ ਧਿਰਾਂ ਦੀਆਂ ਝੰਡੀਆਂ ਲਗਾਈਆਂ ਗਈਆਂ।
ਪਿੰਡ ਦੇ ਵਸਨੀਕ ਅਤੇ ਅਧਿਆਪਕ ਆਗੂ ਸੁਖਰਾਜ ਸਿੰਘ ਕਾਹਲੋਂ ਨੇ ਦੱਸਿਆ ਕਿ ਪਿੰਡ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਦੇ ਸਮਰਥਕ ਹਨ, ਜੋ ਕਈ ਦਿਨਾਂ ਤੋਂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸੀ ਪਰ ਵੋਟਾਂ ਵਾਲੇ ਦਿਨ ਸਮੂਹਿਕ ਫ਼ੈਸਲਾ ਕੀਤਾ ਗਿਆ ਕਿ ਪਿੰਡ ਵਿੱਚ ਇੱਕ ਹੀ ਬੂਥ ਲਗਾਇਆ ਜਾਵੇ ਅਤੇ ਲੋਕਾਂ ਨੂੰ ਨਿਰਪੱਖ ਹੋ ਕੇ ਸੂਝ-ਬੂਝ ਅਨੁਸਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਸਾਰੂ ਮਾਹੌਲ ਸਿਰਜਿਆ ਜਾਵੇ। ਇਸ ਮੌਕੇ ਸਮੂਹ ਪਾਰਟੀਆਂ ਦੇ ਸਮਰਥਕਾਂ ਨੇ ਇੱਕੋ ਜਗ੍ਹਾ ਬੈਠ ਕੇ ਜਿੱਥੇ ਲੋਕਾਂ ਨੂੰ ਵੱਡੀ ਗਿਣਤੀ ‘ਚ ਵੋਟ ਪਾਉਣ ਲਈ ਪ੍ਰੇਰਿਆ, ਉੱਥੇ ਵੋਟ ਦੀ ਤਾਕਤ ਸਬੰਧੀ ਗਿਆਨ ਭਰਪੂਰ ਜਾਣਕਾਰੀ ਵੀ ਦਿੱਤੀ।
ਚੋਣਾਂ ਮਗਰੋਂ ਨਿੱਜੀ ਰੁਝੇਵਿਆਂ ਵਿੱਚ ਰੁੱਝੇ ਨੇਤਾ
10 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਕੌਣ ਹੈ ਹਲਕੇ ਦੇ ਲੋਕਾਂ ਦੀ ਪਹਿਲੀ ਪਸੰਦ
ਬਠਿੰਡਾ/ਬਿਊਰੋ ਨਿਊਜ਼ : ਚੋਣਾਂ ਦਾ ਅਮਲ ਨੇਪਰੇ ਚੜ੍ਹਨ ਮਗਰੋਂ ਸਿਆਸੀ ਆਗੂ ਨਿੱਜੀ ਕੰਮਾਂ ‘ਚ ਰੁੱਝ ਗਏ ਹਨ ਅਤੇ ਹੁਣ 10 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਹਲਕੇ ਦੇ ਲੋਕਾਂ ਦੀ ਪਹਿਲੀ ਪਸੰਦ ਕਿਹੜਾ ਆਗੂ ਹੈ। ਕਿਉਂਕਿ 20 ਫਰਵਰੀ ਨੂੰ ਪਈਆਂ ਵੋਟਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਰੋਜ਼ਾਨਾ ਦੀ ਤਰ੍ਹਾਂ ਕਸਰਤ ਕੀਤੀ ਤੇ ਸ਼ਹਿਰ ਵਿੱਚ ਦੋ ਵਿਆਹਾਂ ‘ਚ ਜਾਣ ਮਗਰੋਂ ਸ਼ਾਮ ਨੂੰ ਵਰਕਰਾਂ ਨਾਲ ਚਰਚਾ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਆਪਣੇ ਪੋਤੇ ਪੋਤੀਆਂ ਨਾਲ ਖੇਡ ਕੇ ਪੂਰੀ ਥਕਾਵਟ ਲਾਹੀ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਮੌੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਜਗਮੀਤ ਸਿੰਘ ਬਰਾੜ ਦੇ ਪੁੱਤਰ ਅਕਾਲ ਅਰਪਨ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਸਵੇਰੇ ਨਿੱਤਨੇਮ ਤੋਂ ਬਾਅਦ ਹਲਕੇ ਦੇ ਪਿੰਡ ਬੁੱਗਰਾਂ ‘ਚ ਇਕ ਵਿਆਹ ‘ਚ ਗਏ ਅਤੇ ਸ਼ਾਮ ਨੂੰ ਵਰਕਰਾਂ ਨਾਲ ਮੀਟਿੰਗ ਕੀਤੀ। ਰਾਮਪੁਰਾ ਫੂਲ ਤੋਂ ਉਮੀਦਵਾਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੀਏ ਰਤਨਦੇਵ ਸ਼ਰਮਾ ਨੇ ਦੱਸਿਆ ਕਿ ਸਿਕੰਦਰ ਸਿੰਘ ਮਲੂਕਾ ਸਵੇਰੇ ਸੈਰ ਕਰਨ ਤੋਂ ਬਾਅਦ ਹਲਕੇ ਲੋਕਾਂ ਨੂੰ ਮਿਲਦੇ ਰਹੇ। ਹਲਕਾ ਭੁੱਚੋ ਤੋਂ ਕਾਂਗਰਸ ਦੇ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਵੀ ਵਰਕਰਾਂ ਨੂੰ ਮਿਲਦੇ ਰਹੇ। ਹਲਕਾ ਭੁੱਚੋ ਤੋਂ ‘ਆਪ’ ਦੇ ਉਮੀਦਵਾਰ ਜਗਸੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਗੂੜ੍ਹੀ ਨੀਂਦ ਲਈ ਤੇ ਵੋਟਿੰਗ ਮਸ਼ੀਨਾਂ ਚੈੱਕ ਕਰਨ ਲਈ ਵੀ ਗੇੜਾ ਮਾਰਿਆ। ਤਲਵੰਡੀ ਸਾਬੋ ਤੋਂ ‘ਆਪ’ ਦੀ ਵਿਧਾਇਕਾ ਅਤੇ ਮੌਜੂਦਾ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਸਵੇਰੇ ਰੁਟੀਨ ਵਜੋਂ ਹੀ ਕੰਮ ਕੀਤਾ ਅਤੇ ਵਰਕਰਾਂ ਨਾਲ ਮੀਟਿੰਗਾਂ ਵਿਚ ਸਾਰਾ ਦਿਨ ਲੰਘਾ ਦਿੱਤਾ।

 

 

Check Also

ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਡਟੇ ਕਿਸਾਨ ਪਟਿਆਲਾ : ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ …