Breaking News
Home / Special Story / ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਰਮਿੰਘਮ ਖੇਡਾਂ ਸੰਪੰਨ

ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਰਮਿੰਘਮ ਖੇਡਾਂ ਸੰਪੰਨ

ਹੁਣ 2026 ਵਿਚ ਵਿਕਟੋਰੀਆ ‘ਚ ਹੋਣਗੀਆਂ ਕਾਮਨਵੈਲਥ ਖੇਡਾਂ
ਬਰਮਿੰਘਮ : ਬਰਮਿੰਘਮ ‘ਚ ਹੋਈਆਂ ਕਾਮਨਵੈਲਥ ਖੇਡਾਂ-2022, ਵਿਕਟੋਰੀਆ ‘ਚ 2026 ਮਿਲਣ ਦਾ ਵਾਅਦਾ ਕਰਕੇ ਰੰਗਾ-ਰੰਗ ਪ੍ਰੋਗਰਾਮ ਨਾਲ ਸਮਾਪਤ ਹੋ ਗਈਆਂ। ਕਾਮਨਵੈਲਥ ਖੇਡਾਂ ਦਾ ਸੋਮਵਾਰ ਨੂੰ ਆਖਰੀ ਦਿਨ ਵੀ ਭਾਰਤ ਲਈ ਸੁਨਹਿਰੀ ਰਿਹਾ ਅਤੇ ਭਾਰਤੀ ਖਿਡਾਰੀਆਂ ਨੇ ਆਖਰੀ ਦਿਨ 4 ਸੋਨ ਤਗਮੇ ਭਾਰਤ ਦੀ ਝੋਲੀ ਪਾਏ। ਦੇਸ਼ ਲਈ ਖੇਡਾਂ ਦੇ ਆਖਰੀ ਦਿਨ ਦਾ ਪਹਿਲਾ ਸੋਨ ਤਗਮਾ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਜਿੱਤਿਆ। ਉਸ ਨੇ ਫਾਈਨਲ ਵਿਚ ਕੈਨੇਡਾ ਦੀ ਮਿਸ਼ੇਲ ਲੀ ਨੂੰ ਹਰਾਇਆ। ਦੂਸਰਾ ਸੋਨ ਤਗਮਾ ਪੁਰਸ਼ਾਂ ਦੇ ਬੈਡਮਿੰਟਨ ਦੇ ਫਾਈਨਲ ਵਿਚ ਲਕਸ਼ੈ ਸੇਨ ਨੇ ਮਲੇਸ਼ੀਆ ਦੇ ਖਿਡਾਰੀ ਨੂੰ ਹਰਾ ਕੇ ਜਿੱਤਿਆ। ਦੇਸ਼ ਲਈ ਤੀਸਰਾ ਸੋਨ ਤਗਮਾ ਦਿੱਗਜ਼ ਟੇਬਲ ਟੈਨਿਸ ਖਿਡਾਰੀ ਸ਼ਰਥ ਕਮਲ (40) ਨੇ ਫਾਈਨਲ ਵਿਚ ਇੰਗਲੈਂਡ ਖਿਡਾਰੀ ਨੂੰ ਹਰਾ ਕੇ ਆਪਣੇ ਨਾਂਅ ਕੀਤਾ। ਜਦੋਂ ਕਿ ਬੈਡਮਿੰਟਨ ਵਿਚ ਹੀ ਪੁਰਸ਼ਾਂ ਦੇ ਡਬਲਜ਼ ਵਿਚ ਭਾਰਤ ਦੇ ਚਿਰਾਗ ਸ਼ੈਟੀ ਅਤੇ ਸਤਵਿਕਸਿਰਾਜ ਰੰਕੀਰੈਡੀ ਨੇ ਦੇਸ਼ ਲਈ ਚੌਥਾ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ ਫਾਈਨਲ ਵਿਚ ਇੰਗਲੈਂਡ ਦੇ ਖਿਡਾਰੀਆਂ ਨੂੰ ਮਾਤ ਦਿੱਤੀ।ਇਸ ਤੋਂ ਇਲਾਵਾ ਮੁੱਕੇਬਾਜ਼ੀ ਵਿਚ 92 ਕਿਲੋ ਭਾਰ ਵਰਗ ਵਿਚ ਸਾਗਰ ਅਹਲਾਵਤ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਆਪਣਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਖੇਡ ਰਹੇ ਸਾਗਰ ਨੂੰ ਫਾਈਨਲ ਵਿਚ ਇੰਗਲੈਂਡ ਦੇ ਮੁੱਕੇਬਾਜ਼ ਕੋਲੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸਾਗਰ ਵਲੋਂ ਇਨ੍ਹਾਂ ਖੇਡਾਂ ਵਿਚ ਕੀਤੇ ਬਿਹਤਰੀਨ ਪ੍ਰਦਰਸ਼ਨ ਨੇ ਸਾਰਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ। ਉੱਧਰ ਟੇਬਲ ਟੈਨਿਸ ਵਿਚ ਭਾਰਤ ਦੇ ਜੀ. ਸਾਥੀਆਨ ਨੇ ਆਪਣੀਆਂ ਪਹਿਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਿਆ।
ਭੰਗੜੇ ਨੇ ਯਾਦਗਾਰੀ ਬਣਾ ਦਿੱਤਾ ਖੇਡਾਂ ਦਾ ਸਮਾਪਤੀ ਸਮਾਗਮ
ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਕਾਮਨਵੈਲਥ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਭੰਗੜੇ ਤੇ ‘ਅਪਾਚੇ ਇੰਡੀਅਨ’ ਦੇ ਪ੍ਰਦਰਸ਼ਨ ਨੇ ਚਾਰ ਚੰਨ ਲਗਾ ਦਿੱਤੇ ਤੇ ਖੇਡਾਂ ਚਾਰ ਸਾਲਾਂ ਬਾਅਦ ਆਸਟਰੇਲੀਆ ਦੇ ਵਿਕਟੋਰੀਆ ਸ਼ਹਿਰ ਵਿੱਚ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਈਆਂ। 11 ਦਿਨ ਤੱਕ ਚੱਲੀਆਂ ਇਨ੍ਹਾਂ ਖੇਡਾਂ ‘ਚ 72 ਦੇਸ਼ਾਂ ਦੇ 4500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਭਾਰਤ ਨੇ ਕੁੱਲ 61 ਤਗਮੇ ਜਿੱਤੇ, ਜੋ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਪੰਜ ਘੱਟ ਹਨ।
ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ
ਦੋ ਵਾਰ ਦੀ ਓਲੰਪਿੰਕ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਨੇ ਇੱਥੇ ਫਾਈਨਲ ‘ਚ ਜਿੱਤਾਂ ਦਰਜ ਕਰਦਿਆਂ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ‘ਚ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਦਾ ਸੋਨ ਤਗ਼ਮਾ ਜਿੱਤਿਆ ਜਦਕਿ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਸਾਤਵਿਕ ਸਾਈਰਾਜ ਰੰਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਜਿੱਤ ਦਰਜ ਕਰਕੇ ਸੋਨ ਤਗਮਾ ਭਾਰਤ ਦੀ ਝੋਲੀ ਪਾਇਆ।

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਮੁਬਾਰਕਾਂ
ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਮਨਵੈਲਥ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ‘ਚ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈਆਂ ਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਕਾਮਨਵੈਲਥ ਖੇਡਾਂ ‘ਚ ਤਗਮੇ ਹਾਸਲ ਕਰਕੇ ਭਾਰਤ ਦਾ ਨਾਂ ਦੁਨੀਆ ‘ਚ ਰੋਸ਼ਨ ਕੀਤਾ ਹੈ ਤੇ ਸਾਰੇ ਦੇਸ਼ ਨੂੰ ਉਨ੍ਹਾਂ ਦੀ ਪ੍ਰਾਪਤੀ ‘ਤੇ ਮਾਣ ਹੈ।
ਕਾਮਨਵੈਲਥ ਖੇਡਾਂ ਦੇ ਜੇਤੂ ਮੰਚ ‘ਤੇ ਚੜ੍ਹੇ ਚਾਰੇ ਭਲਵਾਨ ਪੰਜਾਬੀ
ਕੈਨੇਡਾ ਦੇ ਅਮਰਵੀਰ ਢੇਸੀ ਨੇ ਜਿੱਤਿਆ ਹੈ ਸੋਨ ਤਮਗਾ
ਚੰਡੀਗੜ੍ਹ/ਬਿਊਰੋ ਨਿਊਜ਼ : ਬਰਮਿੰਘਮ ਵਿਖੇ ਕਾਮਨਵੈਲਥ ਖੇਡਾਂ 2022 ਵਿੱਚ ਮੁੰਡਿਆਂ ਦੀ ਕੁਸ਼ਤੀ ਦੇ ਸਿਖਰਲੇ ਹੈਵੀਵੇਟ 125 ਕਿਲੋ ਭਾਰ ਵਰਗ ਦੇ ਹੋਏ ਮੁਕਾਬਲਿਆਂ ਵਿੱਚ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਇਕ-ਇਕ ਸੋਨੇ ਤੇ ਚਾਂਦੀ ਅਤੇ ਦੋ ਕਾਂਸੀ ਦੇ ਮੈਡਲ ਭਾਵੇਂ ਚਾਰ ਵੱਖੋ-ਵੱਖ ਮੁਲਕਾਂ ਨੇ ਜਿੱਤੇ ਪਰ ਮੈਡਲ ਜਿੱਤਣ ਵਾਲੇ ਚਾਰੇ ਪਹਿਲਵਾਨਾਂ ਦਾ ਪਿਛੋਕੜ ਪੰਜਾਬ ਦਾ ਹੈ। ਚਾਰੇ ਪਹਿਲਵਾਨ 1947 ਦੀ ਦੇਸ਼ ਵੰਡ ਤੋਂ ਪਹਿਲਾਂ ਵਾਲੇ ਸਾਂਝੇ ਪੰਜਾਬ ਦੇ ਰਹਿਣ ਵਾਲੇ ਹਨ।
ਕੈਨੇਡਾ ਦੇ ਅਮਰਵੀਰ ਢੇਸੀ ਨੇ ਕੁਸ਼ਤੀ ਦੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਦੇ ਜ਼ਮਾਨ ਅਨਵਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਕਾਂਸੀ ਦੇ ਮੈਡਲ ਲਈ ਹੋਏ ਦੋ ਮੁਕਾਬਲਿਆਂ ਵਿੱਚ ਭਾਰਤ ਦੇ ਮੋਹਿਤ ਗਰੇਵਾਲ ਨੇ ਜਮਾਇਕਾ ਦੇ ਐਰੋਨ ਜੌਹਨਸਨ ਤੇ ਇੰਗਲੈਂਡ ਦੇ ਮਨਧੀਰ ਕੂਨਰ ਨੇ ਮੌਰੀਸਿਸ ਦੇ ਕੈਂਸਲੇ ਮੈਰੀ ਨੂੰ ਹਰਾ ਕੇ ਕਾਂਸੀ ਦੇ ਮੈਡਲ ਜਿੱਤੇ। ਮੈਡਲ ਸੈਰੇਮਨੀ ਦੌਰਾਨ ਜੇਤੂ ਮੰਚ ਉਤੇ ਖੜ੍ਹੇ ਚਾਰੇ ਭਲਵਾਨ ਅਮਰਵੀਰ ਢੇਸੀ, ਜ਼ਮਾਨ ਅਨਵਰ, ਮੋਹਿਤ ਗਰੇਵਾਲ ਤੇ ਮਨਧੀਰ ਕੂਨਰ ਮੂਲ ਰੂਪ ਵਿੱਚ ਪੰਜਾਬੀ ਹੀ ਸਨ।
ਚਾਰਾਂ ਨੂੰ ਦੇਖਦਿਆਂ 2004 ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਹੋਈਆਂ ਖੇਡਾਂ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਇਆ ਪਲਵਿੰਦਰ ਸਿੰਘ ਚੀਮਾ ਤੇ ਬਸ਼ੀਰ ਭੋਲਾ ਦਾ ਮੈਚ ਯਾਦ ਹੋ ਗਿਆ। ਸੱਚਮੁੱਚ ਇਹ ਪਹਿਲਵਾਨ ਗਾਮੇ, ਕਿੱਕਰ, ਕੇਸਰ, ਕਰਤਾਰ ਦੇ ਹੀ ਵਾਰਸ ਹਨ।
ਅਮਰਵੀਰ ਢੇਸੀ ਦਾ ਜੱਦੀ ਪਿੰਡ ਚੜ੍ਹਦੇ ਪੰਜਾਬ (ਭਾਰਤ) ਦੇ ਜਲੰਧਰ ਜ਼ਿਲ੍ਹਾ ਵਿਚਲਾ ਸੰਘਵਾਲ ਹੈ। ਉਸ ਦਾ ਪਿਤਾ ਬਲਬੀਰ ਢੇਸੀ ਭਾਰਤ ਰਹਿੰਦਾ ਹੋਇਆ ਗਰੀਕੋ ਰੋਮਨ ਵਿੱਚ ਨੈਸ਼ਨਲ ਚੈਂਪੀਅਨ ਤੇ ਰੁਸਤਮ-ਏ-ਹਿੰਦ ਰਿਹਾ ਹੈ। 80ਵਿਆਂ ਦੇ ਸ਼ੁਰੂ ਵਿੱਚ ਢੇਸੀ ਪਰਿਵਾਰ ਪੰਜਾਬ ਤੋਂ ਕੈਨੇਡਾ ਸਿਫ਼ਟ ਹੋ ਗਿਆ ਸੀ। ਅਮਰਵੀਰ 2014 ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਅਤੇ ਇਸ ਸਾਲ ਪੈਨ ਅਮਰੈਕਿਨ ਕੁਸ਼ਤੀ ਚੈਂਪੀਅਨਸ਼ਿਪ ਦਾ ਗੋਲ਼ਡ ਮੈਡਲਿਸਟ ਹੈ। ਜ਼ਮਾਨ ਅਨਵਰ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਗੁਜਰਾਂਵਾਲਾ ਦਾ ਰਹਿਣ ਵਾਲਾ ਹੈ। 31 ਵਰ੍ਹਿਆਂ ਦਾ ਇਹ ਪਹਿਲਵਾਨ 2016 ਵਿੱਚ ਸੈਫ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤ ਚੁੱਕਾ ਹੈ। ਪਾਕਿਸਤਾਨ ਦਾ ਗੁੱਜਰਾਂਵਾਲਾ ਕੁਸ਼ਤੀ ਦਾ ਮੱਕਾ ਹੈ ਜਿੱਥੋਂ ਵੱਡੇ-ਵੱਡੇ ਪਹਿਲਵਾਨ ਨਿਕਲੇ ਹਨ।
ਕਾਂਸੀ ਦਾ ਮੈਡਲ ਜਿੱਤਣ ਵਾਲੇ ਭਾਰਤ ਦੇ ਮੋਹਿਤ ਗਰੇਵਾਲ ਦਾ ਪਿੰਡ ਹਰਿਆਣਾ ਦੇ ਭਿਆਨੀ ਨੇੜੇ ਬਾਮਲਾ ਹੈ। 1966 ਤੋਂ ਪਹਿਲਾ ਇਹ ਇਲਾਕਾ ਵੀ ਸਾਂਝੇ ਪੰਜਾਬ ਦਾ ਹਿੱਸਾ ਰਿਹਾ ਹੈ। ਸੰਤਾਲੀ ਦੀ ਵੰਡ ਤੋਂ ਬਾਅਦ ਜਿਵੇਂ ਪੰਜਾਬ ਚੜ੍ਹਦੇ (ਭਾਰਤ) ਤੇ ਲਹਿੰਦੇ (ਪਾਕਿਸਤਾਨ) ਵਿੱਚ ਵੰਡ ਗਿਆ ਉਵੇਂ ਹੀ 1956 ਵਿੱਚ ਚੜ੍ਹਦੇ ਪੰਜਾਬ ਵਿੱਚੋਂ ਹਿਮਾਚਲ ਪ੍ਰਦੇਸ਼ ਤੇ 1966 ਵਿੱਚ ਹਰਿਆਣਾ ਸੂਬਾ ਅੱਡ ਬਣ ਗਿਆ। ਇੰਗਲੈਂਡ ਵੱਲੋਂ ਖੇਡਦੇ ਮਨਧੀਰ ਕੂਨਰ ਦਾ ਪਿਛੋਕੜ ਚੜ੍ਹਦੇ ਪੰਜਾਬ (ਭਾਰਤ) ਦੇ ਜਲੰਧਰ ਜ਼ਿਲ੍ਹੇ ਵਿੱਚ ਹੈ। 26 ਵਰ੍ਹਿਆਂ ਦੇ ਮਨਧੀਰ ਦਾ ਇਹ ਪਹਿਲਾ ਵੱਡਾ ਇੰਟਰਨੈਸ਼ਨਲ ਮੈਡਲ ਹੈ।
ਭਾਰਤ ਨੇ 22 ਸੋਨ ਤਗ਼ਮਿਆਂ ਸਣੇ ਜਿੱਤੇ 61 ਤਗਮੇ
ਬਰਮਿੰਘਮ : ਭਾਰਤ ਨੇ ਕਾਮਨਵੈਲਥ ਖੇਡਾਂ ਵਿੱਚ 22 ਸੋਨ ਤਗ਼ਮਿਆਂ ਸਣੇ ਕੁੱਲ 61 ਤਗਮੇ ਜਿੱਤ ਕੇ ਆਪਣਾ ਪੰਜਵਾਂ ਸਰਬੋਤਮ ਪ੍ਰਦਰਸ਼ਨ ਕੀਤਾ ਹੈ, ਜਦਕਿ ਮੇਜ਼ਬਾਨ ਇੰਗਲੈਂਡ ਤਗਮਿਆਂ ਦਾ ਆਪਣਾ ਰਿਕਾਰਡ ਬਣਾਉਣ ਵਿੱਚ ਸਫਲ ਰਿਹਾ। ਨਿਸ਼ਾਨੇਬਾਜ਼ੀ ਬਰਮਿੰਘਮ ਕਾਮਨਵੈਲਥ ਖੇਡਾਂ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਭਾਰਤ 61 ਤਗਮੇ ਜਿੱਤਣ ਵਿੱਚ ਸਫਲ ਰਿਹਾ। ਉਸ ਨੇ 22 ਸੋਨੇ, 16 ਚਾਂਦੀ ਅਤੇ 23 ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਆਸਟਰੇਲੀਆ, ਇੰਗਲੈਂਡ ਅਤੇ ਕੈਨੇਡਾ ਮਗਰੋਂ ਭਾਰਤ ਤਗ਼ਮਾ ਸੂਚੀ ਵਿੱਚ ਚੌਥੇ ਸਥਾਨ ‘ਤੇ ਰਿਹਾ। ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2010 ਵਿੱਚ ਨਵੀਂ ਦਿੱਲੀ ਵਿੱਚ ਰਿਹਾ ਸੀ, ਜਦੋਂਕਿ ਉਸ ਨੇ 38 ਸੋਨ ਤਗ਼ਮਿਆਂ ਸਮੇਤ ਕੁੱਲ 101 ਤਗਮੇ ਜਿੱਤੇ ਸਨ। ਉਹ ਤਗ਼ਮਾ ਸੂਚੀ ਵਿੱਚ ਦੂਜੇ ਸਥਾਨ ‘ਤੇ ਰਿਹਾ ਸੀ।

 

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …