ਸਖ਼ਤ ਗਰਮੀ ਦੇ ਬਾਵਜੂਦ 200 ਦੇ ਕਰੀਬ ਦੌੜਾਕਾਂ ਤੇ ਵਾੱਕਰਾਂ ਨੇ ਲਿਆ ਭਾਗ
ਬਰੈਂਪਟਨ/ਡਾ. ਝੰਡ : ‘ਐੱਨਲਾਈਟ ਲਾਈਫ ਆਫ ਕਿੱਡਜ਼ ਇਨ ਨੀਡ’ ਸੰਸਥਾ ਵੱਲੋਂ ਕਰਵਾਈ ਗਈ ‘ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ’ ਲੰਘੇ ਐਤਵਾਰ 7 ਅਗਸਤ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿਚ ਹੋਈ ਜਿਸ ਵਿਚ 200 ਦੇ ਲੱਗਭੱਗ ਦੌੜਾਕਾਂ ਤੇ ਪੈਦਲ ਚੱਲਣ ਵਾਲਿਆਂ ਨੇ ਹਿੱਸਾ ਲਿਆ। ਸੰਸਥਾ ਦੇ ਇਸ ਪੰਜਵੇਂ ਈਵੈਂਟ ਦੀ ਖਾਸੀਅਤ ਇਹ ਸੀ ਕਿ ਇਸ ਵਿਚ ਇਸ ਦੀਆਂ ਸਹਿਯੋਗੀ ਜੱਥੇਬੰਦੀਆਂ ਟੀ.ਪੀ.ਏ.ਆਰ. ਕਲੱਬ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਤਰਕਸ਼ੀਲ ਸੋਸਾਇਟੀ ਆਫ ਕੈਨੇਡਾ ਜੋ ਹਰ ਸਾਲ ਇਸ ਦਾ ਅਹਿਮ ਹਿੱਸਾ ਬਣਦੀਆਂ ਹਨ, ਦੇ ਨਾਲ ਇਸ ਵਾਰ ਕੈਨੇਡਾ ਦੇ ਮੂਲ-ਵਾਸੀਆਂ ਦੀ ਸੰਸਥਾ ‘ਇੰਡਸਪਾਇਰ’ ਦੇ ਮੈਂਬਰ ਵੀ ਸ਼ਾਮਲ ਹੋਏ। ਸਵੇਰੇ 9.00 ਵਜੇ ਤੱਕ ਲੱਗਭੱਗ ਸਾਰੇ ਦੌੜਾਕ ਤੇ ਵਾੱਕਰ ਚਿੰਗੂਆਕੂਜ਼ੀ ਪਾਰਕ ਦੇ ‘ਟੈਰੀ ਫ਼ਾਕਸ ਟਰੈਕ ਐਂਡ ਫ਼ੀਲਡ ਸਟੇਡੀਅਮ’ ਵਿਚ ਪਹੁੰਚ ਗਏ ਜਿੱਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਲਈ ਚਾਹ-ਪਾਣੀ, ਕਾਫੀ ਤੇ ਸਨੈਕਸ ਦਾ ਪ੍ਰੋਗਰਾਮ ਚੱਲ ਰਿਹਾ ਸੀ।
ਸਾਢੇ ਕੁ ਨੌਂ ਵਜੇ ਤੱਕ ਇਕੱਤਰ ਦੌੜਾਕਾਂ, ਵਾਕਰਾਂ ਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਸੰਚਾਲਕ ਨਰਿੰਦਰ ਪਾਲ ਬੈਂਸ ਨੇ ਦੱਸਿਆ ਕਿ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਇਸ ਸੰਸਥਾ ਵੱਲੋਂ 2018 ਵਿਚ ਪਹਿਲੀ ਵਾਰ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਦੀ ਸ਼ੁਰੂਆਤ ਕੈਲੇਡਨ ਟਰੇਲ ਦੇ ਪੱਛਮ ਵਾਲੇ ਪਾਸੇ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜ ਕੇ ਕੀਤੀ ਗਈ ਜਿਸ ਵਿਚ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ), ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਤਰਕਸ਼ੀਲ ਸੋਸਾਇਟੀ ਆਫ ਨਾਰਥ ਅਮੈਰਿਕਾ ਦੇ ਮੈਂਬਰਾਂ ਵੱਲੋਂ ਵੱਡੀ ਗਿਣਤੀ ਵਿਚ ਭਾਗ ਲਿਆ ਗਿਆ ਸੀ। ਸਾਰੀਆਂ ਹੀ ਕਮਿਊਨਿਟੀਆਂ ਵੱਲੋਂ ਇਸ ਦੇ ਲਈ ਭਰਪੂਰ ਹੁੰਗਾਰਾ ਮਿਲਿਆ ਸੀ ਅਤੇ ਇਸ ਵਿਚ ਦੌੜਾਕਾਂ ਤੇ ਵਾੱਕਰਾਂ ਦੀ ਗਿਣਤੀ 150 ਦੇ ਲੱਗਭੱਗ ਹੋ ਗਈ ਸੀ। ਇਸ ਤੋਂ ਉਤਸ਼ਾਹਿਤ ਹੋ ਕੇ 2019 ਵਿਚ ਦੂਸਰੀ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿਚ ਕਰਵਾਈ ਗਈ ਜਿਸ ਵਿਚ ਉਪਰੋਕਤ ਤਿੰਨਾਂ ਸੰਸਥਾਵਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਅਤੇ ਇਸ ਦੌੜ ਵਿਚ 200 ਤੋਂ ਵਧੀਕ ਦੌੜਾਕ ਤੇ ਵਾੱਕਰ ਸ਼ਾਮਲ ਹੋਏ। 2020 ਵਿਚ ਸਾਰੀ ਦੁਨੀਆਂ ਕਰੋਨਾ ਮਹਾਂਮਾਰੀ ਦੇ ਫ਼ੈਲਣ ਕਾਰਨ ਇਹ ਦੌੜ ਨਹੀਂ ਕਰਵਾਈ ਜਾ ਸਕੀ ਸੀ ਪਰ ਫਿਰ ਵੀ ਇਸ ਸੰਸਥਾ ਦੇ ਕੁਝ ਨੌਜੁਆਨ ਮੈਂਬਰਾਂ ਨੇ ਸੀਮਤ ਗਿਣਤੀ ਵਿਚ ਸਿੰਬੌਲਿਕ ਤੌਰ ‘ਤੇ ਦੌੜ ਕੇ ਤੀਸਰੀ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ। ਸਾਲ 2021 ਵਿਚ ਇਸ ਸੰਸਥਾ ਵੱਲੋਂ ਵਰਚੂਅਲ ਤੇ ਰੀਅਲ ਦੋਹਾਂ ਕਿਸਮਾਂ ਦੀ ਸਾਂਝੀ ‘ਹਾਈਬਰਿੱਡ-ਦੌੜ’ ਦਾ ਆਯੋਜਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਪੰਜਵੀਂ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਵਿਚ ਟੀ.ਪੀ.ਏ.ਆਰ. ਕਲੱਬ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਤੋਂ ਇਲਾਵਾ ‘ਇੰਡਸਪਾਇਰ’ ਦੇ ਮੈਂਬਰ ਵੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌੜ ਤੇ ਪੈਦਲ ਚੱਲਣ ਦੇ ਈਵੈਂਟ ਵਿਚ ਪਹਿਨੀ ਗਈ ਟੀ-ਸ਼ਰਟ ਵੀ ‘ਇੰਡਸਪਾਇਰ’ ਸੰਸਥਾ ਦੀ ਮੈਂਬਰ ਸਾਇਰਾ ਬਾਰਬਰ ਵੱਲੋਂ ਡੀਜ਼ਾਈਨ ਕੀਤੀ ਗਈ ਹੈ ਜਿਸ ਵਿਚ ਉਸ ਦੇ ਵੱਲੋਂ ਕੈਨੇਡਾ ਦੇ ਮੂਲ-ਵਾਸੀਆਂ ਦੀ ਸਟਰਾਬੈਰੀਜ਼ ਦੀ ਅਹਿਮੀਅਤ ਬਾਰੇ ਉਨ੍ਹਾਂ ਦੀ ਭਾਸ਼ਾ ਵਿਚ ਇਕ ਸਤਰ ਵੀ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਦੀ ਇਹ ਸਪੀਚ ਨਵਪ੍ਰੀਤ ਛਤਵਾਲ ਵੱਲੋਂ ਤਿਆਰ ਕੀਤੀ ਗਈ। ਇਸ ਮੌਕੇ ‘ਇੰਡਸਪਾਇਰ’ ਸੰਸਥਾ ਦੀ ਸੀਨੀਅਰ ਡਿਵੈੱਲਪਮੈਂਟ ਅਫ਼ਸਰ ਕਾਰਲੇ ਗੈਲੈਂਟ ਵੱਲੋਂ ਵੀ ਹਾਜ਼ਰੀਨ ਨਾਲ ਵਿਚਾਰ ਸਾਂਝੇ ਕੀਤੇ ਗਏ।
ਕਰੋਨਾ ਤੋਂ ਲੱਗਭੱਗ ਛੁਟਕਾਰਾ ਹੋਣ ਤੋਂ ਬਾਅਦ ਇਸ ‘ਪੰਜਵੀਂ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ’ ਵਿਚ ਸਖ਼ਤ ਗਰਮੀ ਦੇ ਬਾਵਜੂਦ ਚਿੰਗੂਆਕੂਜ਼ੀ ਪਾਰਕ ਦੇ ‘ਟੈਰੀ ਫ਼ੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ’ ਵੀ ਵਿਚ 200 ਦੇ ਲੱਗਭੱਗ ਦੌੜਾਕਾਂ ਅਤੇ ਵਾੱਕਰਾਂ ਨੇ ਇਸ ਈਵੈਂਟ ਵਿਚ 5 ਕਿਲੋਮੀਟਰ ਤੇ 10 ਕਿਲੋਮੀਟਰ ਦੌੜ ਕੇ ਜਾਂ ਪੈਦਲ ਚੱਲ ਕੇ ਹਿੱਸਾ ਲਿਆ। ਸਾਢੇ ਗਿਆਰਾਂ ਵਜੇ ਤੱਕ ਚੱਲੇ ਇਸ ਦੌੜ ਤੇ ਵਾੱਕ ਦੇ ਈਵੈਂਟ ਵਿਚ ਦਰਸ਼ਕ ਵੀ ਕਾਫ਼ੀ ਗਿਣਤੀ ਵਿਚ ਹਾਜ਼ਰ ਸਨ। ਅਖ਼ੀਰ ਵਿਚ ਸੰਸਥਾ ਦੇ ਮੁੱਖ ਸੰਚਾਲਕ ਨਰਿੰਦਰਪਾਲ ਬੈਂਸ ਵੱਲੋਂ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਦੇ ਮੈਂਬਰਾਂ ਦੇ ਨਾਲ ਨਾਲ ਯੋਗੇਸ਼, ਪ੍ਰੀਤੀ, ਪ੍ਰਾਗਿਆ ਤੇ ਨਵਪ੍ਰੀਤ ਦਾ ਧੰਨਵਾਦ ਕਰਦਿਆਂ ਕੈਨੇਡਾ ਦੇ ਮੂਲ-ਵਾਸੀਆਂ ਦੀ ਸੰਸਥਾ ਦੇ ਮੈਂਬਰਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਸਾਰੀਆਂ ਕਮਿਊਨਿਟੀਆਂ ਦੇ ਲੋਕ ਉਨ੍ਹਾਂ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ।
ਉਨ੍ਹਾਂ ਦੱਸਿਆ ਕਿ ਇਸ ਰੱਨ-ਕਮ-ਵਾਕ ਈਵੈਂਟ ਵਿਚ ਇਕੱਠੀ ਹੋਈ ਰਾਸ਼ੀ ਦਾ ਇਕ ਹਿੱਸਾ ਬਰੈਂਪਟਨ ਦੇ ਫ਼ੂਡ ਬੈਂਕ ‘ਨਾਈਟਸ ਟੇਬਲ’ ਨੂੰ ਭੇਜਿਆ ਜਾਏਗਾ।
ਉਨ੍ਹਾਂ ਸਾਰਿਆਂ ਨੂੰ ਸੰਸਥਾ ਦੇ ਅਗਲੇ ਈਵੈਂਟਸ ਵਿਚ ਵੀ ਇੰਜ ਹੀ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲੈਣ ਦੀ ਬੇਨਤੀ ਕੀਤੀ। ਇਸ ਮੌਕੇ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਮੁੱਖ-ਸੰਚਾਲਕ ਪਰਮਜੀਤ ਸਿੰਘ ਵੱਲੋਂ 28 ਅਗਸਤ ਦਿਨ ਐਤਵਾਰ ਨੂੰ ਫ਼ਾਊਂਡੇਸ਼ਨ ਵੱਲੋਂ ਕਰਵਾਈ ਜਾ ਰਹੀ ‘ਇਨਸਪੀਰੇਸ਼ਨਲ ਸਟੈੱਪਸ 2022’ ਵਿਚ ਏਸੇ ਤਰ੍ਹਾਂ ਹੀ ਉਤਸ਼ਾਹ ਨਾਲ ਭਾਗ ਲੈਣ ਲਈ ਅਪੀਲ ਕੀਤੀ ਗਈ।
ਇਸ ਦੌਰਾਨ ਬਰੈਂਪਟਨ ਦੀ ‘ਸੋਮਲ ਵਾਚ ਕੰਪਨੀ’ ਦੇ ਮਾਲਕ ਸੁੱਚਾ ਸਿੰਘ ਸੋਮਲ ਵੱਲੋਂ ਟੀਪੀਏਆਰ ਕਲੱਬ ਦੇ ਸਰਗ਼ਰਮ ਮੈਂਬਰ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਨੂੰ ਸ਼ਾਨਦਾਰ ਘੜੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਈਵੈਂਟ ਦੌਰਾਨ ਚਾਹ-ਪਾਣੀ ਤੇ ਸਨੈਕਸ ਦੀ ਸੇਵਾ ਓਨਟਾਰੀਓ ਖਾਲਸਾ ਦਰਬਾਰ ਵੱਲੋਂ ਅਤੇ ਕਾਫ਼ੀ ਦੀ ਸੇਵਾ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਕੀਤੀ ਗਈ।
Home / ਕੈਨੇਡਾ / ਪੰਜਵੀਂ ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ ਪੂਰੇ ਜੋਸ਼-ਓ-ਖ਼ਰੋਸ਼ ਨਾਲ 7 ਅਗਸਤ ਨੂੰ ਚਿੰਗੂਆਕੂਜ਼ੀ ਪਾਰਕ ਵਿਚ ਹੋਈ
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …