ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੀ ਆਰਥਿਕਤਾ ਵਿਚ ਵਿਦੇਸ਼ੀ ਕਾਮਿਆਂ ਦਾ ਵੱਡਾ ਯੋਗਦਾਨ ਹੈ। ਕੈਨੇਡੀਅਨ ਇਮੀਗ੍ਰੇਸ਼ਨ ਦੇ ਟੈਂਪਰੇਰੀ ਫਾਰਨ ਵਰਕਰਜ਼ ਪ੍ਰੋਗਰਾਮ ਤਹਿਤ ਇਸ ਸਾਲ ਵਿਚ ਹੁਣ ਤੱਕ ਤਕਰੀਬਨ 33000 ਵਰਕਤ ਪਰਮਿਟ ਜਾਰੀ ਕੀਤੇ ਗਏ ਜਿਨ੍ਹਾਂ ਦਾ 66 ਫ਼ੀਸਦੀ ਹਿੱਸਾ ਫਾਰਮਾਂ ਵਿਚ ਕਾਸ਼ਤਕਾਰੀ ਨਾਲ ਸਬੰਧਿਤ ਹੈ।
ਉਨ੍ਹਾਂ ਵਿਚੋਂ ਬਹੁਤ ਸਾਰੇ ਵਿਦੇਸ਼ੀ ਕਾਮੇ ਕੋਰੋਨਾ ਵਾਇਰਸ ਦੀ ਸਥਿਤੀ ਕਾਰਨ ਕੈਨੇਡਾ ਜਾ ਨਹੀਂ ਸਕੇ ਅਤੇ ਹਾਲਾਤ ਸੁਧਰਨ ਦੀ ਉਡੀਕ ਕੀਤੀ ਜਾ ਰਹੀ ਹੈ।
ਇਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ 2020 ਦੌਰਾਨ 2018 ਨਾਲੋਂ 18 ਫ਼ੀਸਦੀ ਘੱਟ ਵਿਦੇਸ਼ੀ ਕਾਮੇ ਕੈਨੇਡਾ ਪੁੱਜ ਸਕੇ ਹਨ। ਕੈਨੇਡਾ ਵਿਚ ਸਭ ਤੋਂ ਵੱਧ ਕਾਮੇ ਮੈਕਸੀਕੋ, ਜਮਾਇਕਾ, ਭਾਰਤ, ਗੁਆਟੇਮਾਲਾ ਅਤੇ ਫਿਲਪਾਈਨ ਤੋਂ ਜਾਂਦੇ ਹਨ। ਭਾਰਤ ਦੇ ਬਹੁਤ ਸਾਰੇ ਨਾਗਰਿਕ ਖੇਤੀਬਾੜੀ, ਟਰਕਿੰਗ, ਕੁਕਿੰਗ ਅਤੇ ਇਨਫਰਮੇਸ਼ਨ ਟੈਕਨਾਲੋਜੀ ਦੇ ਖੇਤਰਾਂ ਵਿਚ ਕੰਮ ਕਰਨ ਜਾ ਰਹੇ ਹਨ। ਇੰਟਰਨੈਸ਼ਨਲ ਮੋਬੀਲਿਟੀ ਪ੍ਰੋਗਰਾਮ ਵਿਚ ਕੈਨੇਡਾ ਜਾ ਕੇ ਪੜ੍ਹਾਈ ਪੂਰੀ ਕਰਨ ਉਪਰੰਤ ਓਪਨ ਵਰਕ ਪਰਮਿਟ ਲੈਣ ਵਿਚ ਭਾਰਤ ਦੇ ਨੌਜਵਾਨ ਮੋਹਰੀ ਹੋ ਚੁੱਕੇ ਹਨ।
ਇਸ ਸਾਲ ਕੁੱਲ ਜਾਰੀ ਕੀਤੇ ਗਏ ਲਗਪਗ 76000 ਓਪਨ ਵਰਕ ਪਰਮਿਟਾਂ ਵਿਚੋਂ 27000 (36 ਫ਼ੀਸਦੀ) ਭਾਰਤ ਦੇ ਨਾਗਰਿਕਾਂ ਨੂੰ ਮਿਲੇ ਹਨ। ਇਸ ਤੋਂ ਇਲਾਵਾ ਫਰਾਂਸ, ਚੀਨ, ਅਮਰੀਕਾ, ਬਰਤਾਨੀਆ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ਦੇ ਨਾਗਰਿਕਾਂ ਗਿਣਤੀ ਵੀ ਜ਼ਿਕਰਯੋਗ ਹੈ। ਕੋਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਬੀਤੇ ਸਾਲ ਦੇ ਮੁਕਾਬਲੇ 2020 ਦੌਰਾਨ 16 ਫ਼ੀਸਦੀ ਘੱਟ ਓਪਨ ਵਰਕ ਪਰਮਿਟ ਜਾਰੀ ਕੀਤੇ ਜਾ ਸਕੇ ਹਨ।
24 ਦੇਸ਼ਾਂ ਵਿਚ ਕੈਨੇਡਾ ਦੇ ਵੀਜ਼ਾ ਸੈਂਟਰ ਖੁੱਲ੍ਹੇ
ਟੋਰਾਂਟੋ : ਕੋਰੋਨਾ ਵਾਇਰਸ ਦੀ ਤਾਲਬੰਦੀ ਤੋਂ ਬਾਅਦ ਦੋ ਦਰਜਨ ਦੇਸ਼ਾਂ ਵਿਚ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ (ਵੀ.ਏ.ਸੀ) ਦੁਬਾਰਾ ਖੁੱਲ੍ਹ ਚੁੱਕੇ ਹਨ। ਚੀਨ (ਜਿੱਥੋਂ ਵਾਇਰਸ ਸ਼ੁਰੂ ਹੋਇਆ ਸੀ) ਵਿਚ ਬੀਜਿੰਗ ਅਤੇ ਸ਼ੰਘਾਈ ਸਮੇਤ 10 ਸ਼ਹਿਰਾਂ ਵਿਚ ਸਾਰੇ ਕੈਨੇਡੀਅਨ ਵੀ.ਏ.ਸੀ ਦੁਬਾਰਾ ਖੁੱਲ੍ਹ ਗਏ ਹਨ। ਭਾਰਤ ਅਤੇ ਪਾਕਿਸਤਾਨ ਵਿਚ ਅਜੇ ਸਾਰੀਆਂ ਥਾਵਾਂ ‘ਤੇ ਕੈਨੇਡਾ ਦੇ ਦਫ਼ਤਰ ਬੰਦ ਹਨ। ਆਸਟ੍ਰੇਲੀਆ, ਆਸਟਰੀਆ, ਫਰਾਂਸ, ਇਟਲੀ, ਜਰਮਨੀ, ਗਰੀਸ (ਯੂਨਾਨ), ਇਰਾਕ, ਇਜ਼ਰਾਈਲ, ਬਹਿਰੀਨ, ਜਾਪਾਨ, ਸਪੇਨ, ਮਲੇਸ਼ੀਆ, ਸੰਯੁਕਤ ਰਾਜ ਅਮੀਰਾਤ, ਨਿਊਜ਼ੀਲੈਂਡ, ਰੋਮਾਨੀਆ, ਸ੍ਰੀਲੰਕਾ ਵਿਚ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਸਤੇ ਦਫ਼ਤਰ ਖੁੱਲ੍ਹ ਚੁੱਕੇ ਹਨ। ਇਮੀਗ੍ਰੇਸ਼ਨ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਜਿਨ੍ਹਾਂ ਅਰਜ਼ੀਕਰਤਾਵਾਂ ਦੀ ਤਾਲਬੰਦੀ ਕਾਰਨ ਕਿਸੇ ਤਰ੍ਹਾਂ ਦੀ ਅਪਆਇੰਟਮੈਂਟ ਜਾਂ ਦਸਤਾਵੇਜ਼ ਭੇਜਣ ਦੀ ਤਰੀਕ ਨਿਕਲ ਗਈ ਹੈ ਤਾਂ ਉਨ੍ਹਾਂ ਦੀਆਂ ਅਰਜ਼ੀਆਂ ਖਾਰਜ ਨਹੀਂ ਕੀਤੀਆਂ ਜਾਣਗੀਆਂ ਸਗੋਂ ਹਰੇਕ ਨੂੰ ਇਕ ਹੋਰ ਮੌਕਾ ਦਿੱਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …