Breaking News
Home / ਕੈਨੇਡਾ / ਹੁਣ ਸਾਡੇ ‘ਤਿੰਨ ਪੰਜਾਬ’ ਹਨ, ਦੋ ਉਥੇ ਹਨ ਤੇ ਤੀਸਰਾ ਇੱਥੇ ਕੈਨੇਡਾ ਵਿਚ ਹੈ : ਬਾਬਾ ਨਜ਼ਮੀ

ਹੁਣ ਸਾਡੇ ‘ਤਿੰਨ ਪੰਜਾਬ’ ਹਨ, ਦੋ ਉਥੇ ਹਨ ਤੇ ਤੀਸਰਾ ਇੱਥੇ ਕੈਨੇਡਾ ਵਿਚ ਹੈ : ਬਾਬਾ ਨਜ਼ਮੀ

ਲਹਿੰਦੇ ਪੰਜਾਬ ਦੇ ਲੋਕ-ਕਵੀ ਬਾਬਾ ਨਜਮੀ ਨੇ ਬਰੈਂਪਟਨ ‘ਚ ਚੰਗਾ ਸਮਾਂ ਬੰਨਿਆਂ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 28 ਜੁਲਾਈ ਨੂੰ ਲਹਿੰਦੇ ਪੰਜਾਬ ਦੇ ਕ੍ਰਾਂਤੀਕਾਰੀ ਲੋਕ-ਕਵੀ ਬਾਬਾ ਨਜਮੀ ਦੇ ਮਾਣ ਵਿਚ ਤਰਕਸ਼ੀਲ ਸੋਸਾਇਟੀ ਆਫ਼ ਨਾਰਥ ਅਮੈਰਿਕਾ, ਕਮੇਟੀ ਆਫ਼ ਪਰੌਗਰੈੱਸਿਵ ਪਾਕਿਸਤਾਨੀ ਕੈਨੇਡੀਅਨਜ਼ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ‘ਤੇ ਸੈਂਚਰੀ ਗਾਰਡਨ ਕਨਵੈੱਨਸ਼ਨ ਸੈਂਟਰ ਵਿਚ ਪ੍ਰਭਾਵਸ਼ਾਲੀ ਸਮਾਗ਼ਮ ਕਰਵਾਇਆ ਗਿਆ ਜਿਸ ਵਿਚ ਦੋਹਾਂ ਪੰਜਾਬਾਂ ਦੇ ਪੰਜਾਬੀਆਂ ਨੇ ਭਰਪੂਰ ਹਾਜ਼ਰੀ ਲਵਾਈ। ਬਾਅਦ ਦੁਪਹਿਰ ਢਾਈ ਵਜੇ ਸ਼ੁਰੂ ਹੋਇਆ ਇਹ ਸਮਾਗ਼ਮ ਤਿੰਨ ਘੰਟੇ ਤੋਂ ਵਧੀਕ ਚੱਲਿਆ ਅਤੇ ਇਸ ਵਿਚ ਬਾਬਾ ਨਜਮੀ ਨੇ ਆਪਣੀਆਂ ਲੋਕਾਂ ਦੇ ਮਨਾਂ ਵਿਚ ਵੱਸੀਆਂ ਪਿਆਰੀਆਂ ਗ਼ਜਲਾਂ ਅਤੇ ਨਜ਼ਮਾਂ ਸੁਣਾ ਕੇ ਉਨ੍ਹਾਂ ਦੀ ਚੰਗੀ ‘ਵਾਹ-ਵਾਹ’ ਖੱਟੀ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉਨ੍ਹਾ ਦੇ ਨਾਲ ਕਮੇਟੀ ਆਫ਼ ਪਰੌਗਰੈੱਸਿਵ ਪਾਕਿਸਤਾਨ ਪੀਪਲ ਦੇ ਪ੍ਰਧਾਨ ਉਮਰ ਲਤੀਫ਼, ਤਰਕਸ਼ੀਲ ਸੋਸਾਇਟੀ ਆਫ਼ ਅਮੈਰਿਕਾ ਦੇ ਕੋਆਡੀਨੇਟਰ ਬਲਦੇਵ ਰਹਿਪਾ ਅਤੇ ਸਰਗ਼ਰਮ ਮੈਂਬਰ ਅੰਮ੍ਰਿਤ ਢਿੱਲੋਂ ਸੁਸ਼ੋਭਿਤ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਇਕਬਾਲ ਬਰਾੜ ਵੱਲੋਂ ਬਾਬਾ ਨਜਮੀ ਦੀ ਗ਼ਜ਼ਲ ‘ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝੱਖੜਾਂ ਦੇ ਵਿਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ’ ਨਾਲ ਕੀਤੀ ਗਈ। ਸੰਨੀ ਸ਼ਿਵਰਾਜ ਨੇ ਵੀ ਬਾਬਾ ਨਜਮੀ ਦੀ ਹੀ ਇਕ ਹੋਰ ਗ਼ਜ਼ਲ ਅਤੇ ਬਲਜੀਤ ਬੈਂਸ ਨੇ ਸੁਰਜੀਤ ਪਾਤਰ ਦਾ ਗੀਤ ‘ਜਗਾ ਦੇ ਮੋਮਬੱਤੀਆਂ’ ਪੇਸ਼ ਕੀਤਾ। ਲਹਿੰਦੇ ਪੰਜਾਬ ਦੇ ਉੱਘੇ ਗਾਇਕ ਸ਼ੋਕਤ ਅਲੀ ਦੇ ਫ਼ਰਜੰਦ ਮੋਹਸਿਨ ਅਲੀ ਨੇ ਵੀ ਬਾਬਾ ਨਜ਼ਮੀ ਦੀ ਇਕ ਗ਼ਜ਼ਲ ਗਾਈ। ਉਪਰੰਤ, ਇਕਬਾਲ ਮਾਹਲ ਵੱਲੋਂ ਬਾਬਾ ਨਜਮੀ ਬਾਰੇ ਸੰਖੇਪ ਜਾਣਕਾਰੀ ਤੋਂ ਬਾਅਦ ਮੰਚ-ਸੰਚਾਲਕ ਬਲਦੇਵ ਰਹਿਪਾ ਵੱਲੋਂ ਸਟੇਜ ਬਾਬਾ ਨਜਮੀ ਦੇ ਹਵਾਲੇ ਕਰ ਦਿੱਤੀ ਗਈ ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰੇਕ ਪੀੜ੍ਹੀ ਇਹ ਜਾਨਣਾ ਚਾਹੁੰਦੀ ਹੈ ਕਿ ਪਹਿਲੀਆਂ ਪੀੜੀਆਂ ਨੇ ਉਨ੍ਹਾਂ ਨੂੰ ਕੀ ਦਿੱਤਾ ਅਤੇ ਅਸੀਂ ਖ਼ੁਸ਼-ਕਿਸਮਤ ਹਾਂ ਕਿ ਸਾਡੀਆਂ ਪਹਿਲੀਆਂ ਪੀੜ੍ਹੀਆਂ ਦੇ ਸਾਡੇ ਸਰਬਰਾਹਾਂ ਬਾਬਾ ਫ਼ਰੀਦ, ਬਾਬਾ ਨਾਨਕ, ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਅਜੋਕੇ ਸਮੇਂ ਦੇ ਬਹੁਤ ਸਾਰੇ ਕਵੀਆਂ ਤੇ ਗਲਪਕਾਰਾਂ ਨੇ ਵੱਡਮੁੱਲਾ ਸਾਹਿਤਕ ਖ਼ਜ਼ਾਨਾ ਸਾਡੇ ਹਵਾਲੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 35 ਸਾਲ ਫ਼ੈਕਟਰੀਆਂ ਵਿਚ ਸਖ਼ਤ ਮਜ਼ਦੂਰੀ ਕੀਤੀ। ਇਸ ਦੌਰਾਨ ਮਜ਼ਦੂਰਾਂ ਨਾਲ ਵਿਚਰਦਿਆਂ ਹੋਇਆਂ ਉਨ੍ਹਾਂ ਦੀਆਂ ਦੁੱਖਾਂ-ਤਕਲੀਫ਼ਾਂ ਵਾਲੀਆਂ ਹਾਲਤਾਂ ਬੜੀਆਂ ਨੇੜਿਉਂ ਤੱਕੀਆਂ ਤੇ ਹੱਡੀ ਹੰਡਾਈਆਂ ਹਨ ਅਤੇ ਇਨ੍ਹਾਂ ਦਾ ਹੀ ਵਰਨਣ ਆਪਣੀਆਂ ਨਜ਼ਮਾਂ ਤੇ ਗ਼ਜ਼ਲਾਂ ਵਿਚ ਕੀਤਾ ਹੈ। ਕੈਨੇਡਾ ਵਿਚਲੀ ਪੰਜਾਬੀ ਬਹੁ-ਗਿਣਤੀ ਬਾਰੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ, ”ਹੁਣ ਸਾਡੇ ਤਿੰਨ ਪੰਜਾਬ ਬਣ ਗਏ ਹਨ, ਦੋ ਉੱਥੇ ਹਨ ਅਤੇ ਤੀਸਰਾ ਇੱਥੇ ਬਣ ਗਿਆ ਹੈ। ਇੱਥੇ ਆਉਣ ਤੋਂ ਪਹਿਲਾਂ ਮੈਂ ਸਰੀ ਬੀ.ਸੀ., ਐਡਮਿੰਟਨ, ਕੈਲੇਗਰੀ ਅਤੇ ਵਿੰਨੀਪੈੱਗ ਤੋਂ ਹੋ ਕੇ ਆਇਆ ਹਾਂ ਅਤੇ ਮੈਨੂੰ ਉੱਥੋਂ ਤੇ ਐਥੋਂ ਵੀ ਲੋਕਾਂ ਢੇਰ ਸਾਰਾ ਪਿਆਰ ਮਿਲਿਆ ਮਿਲਿਆ ਹੈ ਜੋ ਮੈਨੂੰ ਰਹਿੰਦੀ ਉਮਰ ਤੱਕ ਯਾਦ ਰਹੇਗਾ।”
ਬਾਬਾ ਨਜਮੀ ਨੇ ਆਪਣੀਆਂ ਗ਼ਜ਼ਲਾਂ ਤੇ ਨਜ਼ਮਾਂ ਦਾ ਸਿਲਸਿਲਾ ਆਪਣੇ ਬੇਹੱਦ ਮਕਬੂਲ ਸ਼ੇਅਰ ‘ਬੇ-ਹਿੰਮਤੇ ਨੇ ਉਹ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ’ ਨਾਲ ਸ਼ੁਰੂ ਕੀਤਾ ਅਤੇ ਫਿਰ ਉੱਪਰੋ-ਥੱਲੀ ‘ਤੂੰ ਕਿਉਂ ਮੇਰੀ ਮਸਜਿਦ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ,ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇਕ ਦੂਜੇ ਦੇ ਅੰਦਰ ਨੂੰ’, ‘ਸਾਡੇ ਕੋਲੋਂ ਥੇਹ ਕਰਵਾਏ ਨੇ ਗਿਰਜੇ-ਮੰਦਰ-ਮਸਜਿਦ, ਆਪਣਾ ਥੜ੍ਹਾ ਨਹੀਂ ਢੱਠਣ ਦਿੱਤਾ ਫ਼ਾਦਰ-ਪੰਡਤ-ਮੁੱਲਾਂ ਨੇ’, ‘ਅੱਗ ਵੀ ਹਿੰਮਤੋਂ ਬਹੁਤੀ ਦਿੱਤੀ ਫਿਰ ਵੀ ਭਾਂਡੇ ਪਿੱਲੇ ਰਹੇ, ਭਾਂਬੜ ਜਿਹੀਆਂ ਧੁੱਪਾਂ ਦੇ ਵਿਚ ਵੀ ਮੇਰੇ ਲੀੜੇ ਗਿੱਲੇ ਰਹੇ’ ਸਮੇਤ ਕਈ ਗ਼ਜਲਾਂ ਸੁਣਾਈਆਂ ਜਿਨ੍ਹਾਂ ਵਿਚ ਤਨਜ਼ ਭਰਪੂਰ ਗਜ਼ਲ ‘ਗੰਦੇ ਆਂਡੇ ਏਧਰ ਵੀ ਤੇ ਓਧਰ ਵੀ, ਕੁਝ ਮੁਸ਼ਟੰਡੇ ਏਧਰ ਵੀ ਤੇ ਓਧਰ ਵੀ’ ਅਤੇ ਉਨ੍ਹਾਂ ਦਾ ਹੁਸੀਨ ਹਾਸਰਸ-ਸੁਪਨਾ ‘ਰੱਬ ਕਰੇ ਮੈਂ ਫਿਰ ਹੋ ਜਾਵਾਂ ਸੋਲਾਂ ਸਾਲਾਂ ਦਾ’ ਵੀ ਸ਼ਾਮਲ ਸਨ। ਇਨ੍ਹਾਂ ਦੇ ਨਾਲ ਹੀ ਉਨ੍ਹਾਂ ਆਪਣੀਆਂ ਦੋ ਭਾਵਪੂਰਤ ਨਜ਼ਮਾਂ ‘ਗੋਲੀ’ ਅਤੇ ‘ਧੀਆਂ’ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਭਰਪੂਰ ਦਾਦ ਮਿਲੀ। ਇਸ ਦੌਰਾਨ ਬਹੁਤ ਸਾਰੇ ਲੋਕਾਂ ਵੱਲੋਂ ਖੁਸ਼ ਹੋ ਕੇ 10, 20, 50 ਡਾਲਰ ਦੇ ਨੋਟ ਸਟੇਜ ‘ਤੇ ਭੇਂਟ ਕੀਤੇ ਗਏ ਜਿਨ੍ਹਾਂ ਬਾਰੇ ਆਪਣਾ ਸਖ਼ਤ ਪ੍ਰਤੀਕ੍ਰਮ ਜ਼ਾਹਿਰ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਇਹ ਠੀਕ ਨਹੀਂ ਹੈ। ਉਹ ਇੱਥੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਮੁਹੱਬਤੀ ਤੇ ਸੱਭਿਆਚਾਰਕ ਸਾਂਝ ਵਧਾਉਣ ਆਏ ਹਨ, ਚੰਦਾ ਇਕੱਠਾ ਕਰਨ ਲਈ ਨਹੀਂ ਆਏ। ਇਸ ਮੌਕੇ ਤਰਕਸ਼ੀਲ ਸੋਸਾਇਟੀ ਆਫ਼ ਨਾਰਥ ਅਮੈਰਿਕਾ, ਕਮੇਟੀ ਆਫ਼ ਪਰੌਗਰੈੱਸਿਵ ਪਾਕਿਸਤਾਨ ਪੀਪਲ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ‘ਤੇ ਬਾਬਾ ਨਜਮੀ ਨੂੰ ਇਕ ਸ਼ਾਨਦਾਰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਬਾਬਾ ਨਜਮੀ ਦੀਆਂ ਸ਼ਾਹਮੁਖੀ ਵਿਚ ਲਿਖੀਆਂ ਕਵਿਤਾਵਾਂ ਤੇ ਗ਼ਜ਼ਲਾਂ ਨੂੰ ਉੱਘੇ ਪੰਜਾਬੀ ਗ਼ਜਲ਼ਗੋ ਹਰਭਜਨ ਹੁੰਦਲ ਵੱਲੋਂ ਦਿੱਤੇ ਗਏ ਗੁਰਮੁਖੀ ਪੁਸਤਕ ਰੂਪ ‘ਕੌਮੀ ਸ਼ਾਇਰ:ਬਾਬਾ ਨਜਮੀ’ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਅਤੇ ਇਹ ਪੁਸਤਕਾਂ ਤਰਕਸ਼ੀਲ ਸੋਸਾਇਟੀ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵਿਚ ਲੋਕਾਂ ਵੱਲੋਂ ਮਿੰਟਾਂ ਵਿਚ ਹੀ ਖ਼ਰੀਦ ਲਈਆਂ ਗਈਆਂ ਜਿਨ੍ਹਾਂ ਉੱਪਰ ਉਨ੍ਹਾਂ ਨੇ ਲੰਮੀ ਲਾਈਨ ਵਿਚ ਖਲ੍ਹੋ ਕੇ ਬਾਬਾ ਨਜਮੀ ਦੇ ਦਸਤਖ਼ਤ ਪ੍ਰਾਪਤ ਕੀਤੇ। ਅਖ਼ੀਰ ਵਿਚ ਹਰਿੰਦਰ ਹੁੰਦਲ ਅਤੇ ਅੰਮ੍ਰਿਤ ਢਿੱਲੋਂ ਵੱਲੋਂ ਬਾਬਾ ਨਜਮੀ ਅਤੇ ਸਮੂਹ-ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਪਰੰਤ, ਸਾਰਿਆਂ ਨੇ ਮਿਲ ਕੇ ਸੁਆਦੀ ਭੋਜਨ ਦਾ ਅਨੰਦ ਮਾਣਿਆਂ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …