ਪਿਛਲੀਆਂ ਚੋਣਾਂ ਵਿਚ ਹਾਰੀਆਂ ਪੰਜ ਸੀਟਾਂ ਦਾ ਲਿਆ ਜਾਇਜ਼ਾ
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਪੰਜ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਇਸ ਸਿਲਸਿਲੇ ਵਿੱਚ ਪੰਜੇ ਲੋਕ ਸਭਾ ਹਲਕਿਆਂ ਦੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਪਹਿਲੇ ਗੇੜ ਦੀ ਗੱਲਬਾਤ ਕਰਕੇ ਸੰਭਾਵੀਂ ਉਮੀਦਵਾਰਾਂ ਦਾ ਜਾਇਜ਼ਾ ਲਿਆ ਗਿਆ। ਇਹ ਉਹ ਲੋਕ ਸਭਾ ਹਲਕੇ ਹਨ ਜਿਨ੍ਹਾਂ ਵਿੱਚ ਕਾਂਗਰਸ ਨੂੰ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਨੇ ਵਿਚਾਰ ਚਰਚਾ ਲਈ ઠਇਨ੍ਹਾਂ ਹਲਕਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਸੀਨੀਅਰ ਆਗੂ ਐਤਵਾਰ ਨੂੰ ਚੰਡੀਗੜ੍ਹ ਬੁਲਾਏ ਸਨ ਤਾਂ ਕਿ ਉਨ੍ਹਾਂ ਨਾਲ ਸੰਭਾਵੀ ਉਮੀਦਵਾਰਾਂ ਬਾਰੇ ਚਰਚਾ ਕੀਤੀ ਜਾ ਸਕੇ। ਇਨ੍ਹਾਂ ਪੰਜ ਲੋਕ ਸਭਾ ਹਲਕਿਆਂ ਵਿੱਚ ਫਤਿਹਗੜ੍ਹ ਸਾਹਿਬ, ਸੰਗਰੂਰ, ਫਰੀਦਕੋਟ, ਖਡੂਰ ਸਾਹਿਬ ਅਤੇ ਹੁਸ਼ਿਆਰਪੁਰ ਸ਼ਾਮਲ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵਿਸ਼ੇਸ਼ ਤੌਰ ‘ਤੇ ਇਥੇ ਪੁੱਜੇ ਸਨ। ਇਨ੍ਹਾਂ ਮੀਟਿੰਗਾਂ ਲਈ ਹਰੇਕ ਲੋਕ ਸਭਾ ਹਲਕੇ ਵਿੱਚ ਪੈਂਦੇ ਵਿਧਾਨ ਸਭਾ ਹਲਕਿਆਂ ਲਈ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਭਾਵ ਜਿੱਤੇ ਤੇ ਹਾਰੇ ਸੱਦੇ ਹੋਏ ਸਨ। ઠਇਸ ਦੇ ਨਾਲ ਹੀ ਲੋਕ ਸਭਾ ਹਲਕੇ ਦਾ ਯੂਥ ਵਿੰਗ, ਮਹਿਲਾ ਵਿੰਗ, ਐਸ.ਸੀ.ਵਿੰਗ, ਸੇਵਾ ਦਲ ਦੇ ਪ੍ਰਧਾਨਾਂ ਨੂੰ ਵੀ ਬੁਲਾਇਆ ਗਿਆ ਸੀ। ਇਸ ਤਰ੍ਹਾਂ ਹਰੇਕ ਲੋਕ ਸਭਾ ਹਲਕੇ ਤੋਂ ਪੰਦਰਾਂ ਤੋਂ ਲੈ ਕੇ ਵੀਹ ਆਗੂ ਹਾਜ਼ਰ ਸਨ। ਇਨ੍ਹਾਂ ਮੀਟਿੰਗਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਲਾਹਕਾਰ ਸੰਦੀਪ ਸੰਧੂ ਵੀ ਹਾਜ਼ਰ ਸਨ।
ਪਤਾ ਲੱਗਾ ਹੈ ਕਿ ਪੰਜੇ ਹਲਕਿਆਂ ਦੇ ਆਗੂਆਂ ਨਾਲ ਮੀਟਿੰਗਾਂ ਤੋਂ ਬਾਅਦ ਤਿੰਨ ਆਗੂਆਂ ਜਿਨ੍ਹਾਂ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸੰਦੀਪ ਸੰਧੂ ਨੇ ਆਪਸ ਵਿੱਚ ਲੰਮੀ ਚੌੜੀ ਚਰਚਾ ਕੀਤੀ। ਮੀਟਿੰਗ ਵਿਚ ਕੁਝ ਨਾਂ ਵੀ ਸਾਹਮਣੇ ਆਏ ਸਨ। ਇਨ੍ਹਾਂ ਨਾਵਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਚਰਚਾ ਹੋਵੇਗੀ ਤੇ ਉਸ ਤੋਂ ਬਾਅਦ ਹੀ ਗੱਲ ਅੱਗੇ ਤੁਰੇਗੀ। ਪਰ ਕਾਂਗਰਸ ਪਾਰਟੀ ਨੇ ਸਬੰਧਤ ਲੋਕ ਸਭਾ ਹਲਕਿਆਂ ਦੇ ਆਗੂਆਂ ਨਾਲ ਮੁਢਲੇ ਗੇੜ ਦੀ ਗੱਲਬਾਤ ਕਰਕੇ ਜਾਇਜ਼ਾ ਲੈ ਲਿਆ ਹੈ ਕਿ ਇਨ੍ਹਾਂ ਹਲਕਿਆਂ ਤੋਂ ਕਿਹੜੇ-ਕਿਹੜੇ ਆਗੂ ਉਮੀਦਵਾਰ ਹੋ ਸਕਦੇ ਹਨ। ਪਾਰਟੀ ਨੇ ਲੋਕ ਸਭਾ ਚੋਣਾਂ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਇਹ ਸਾਫ ਕਰ ਦਿੱਤਾ ਹੈ ਕਿ ਕਾਂਗਰਸ ਵਿਰੋਧੀਆਂ ਨੂੰ ਸਖਤ ਟੱਕਰ ਦੇਣ ਦੇ ਰੌਂਅ ਵਿੱਚ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …