-11.5 C
Toronto
Friday, January 16, 2026
spot_img
Homeਕੈਨੇਡਾਜੀ-20 ਲੀਡਰਾਂ ਦੀ ਸੰਮਿਟ ਵਿੱਚ ਕੈਨੇਡਾ ਨੇ ਵਿਸ਼ਵ ਪੱਧਰੀ ਵਪਾਰ ਨੂੰ ਮਜ਼ਬੂਤ...

ਜੀ-20 ਲੀਡਰਾਂ ਦੀ ਸੰਮਿਟ ਵਿੱਚ ਕੈਨੇਡਾ ਨੇ ਵਿਸ਼ਵ ਪੱਧਰੀ ਵਪਾਰ ਨੂੰ ਮਜ਼ਬੂਤ ਕੀਤਾ : ਸੋਨੀਆ ਸਿੱਧੂ

ਕੈਨੇਡਾ ਅਗਲੇ ਪੰਜ ਸਾਲਾਂ ਵਿੱਚ ਕਲੀਨ ਐਨੱਰਜੀ, ਏ.ਆਈ., ਐਡਵਾਂਸ ਮੈਨੂਫੈਕਚਰਿੰਗ ਤੇ ਐਗਰੀ-ਫੂਡਜ਼ ਖੇਤਰਾਂ ਦੇ ਵਿਕਾਸ ਲਈ 1 ਟ੍ਰਿਲੀਅਨ ਡਾਲਰ ਦੀ ਨਿਵੇਸ਼ ਸੰਭਾਵਨਾ ਨੂੰ ਖੋਲ੍ਹਣ ਲਈ ਵਚਨਬੱਧ ਹੈ।
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਵਪਾਰ ਵਿੱਚ ਵਿਭਿੰਨਤਾ ਲਿਆਉਣ, ਪੂੰਜੀ-ਨਿਵੇਸ਼ ਖਿੱਚਣ ਅਤੇ ਕੈਨੇਡੀਅਨ ਬਿਜ਼ਨੈੱਸਾਂ ਤੇ ਕਾਮਿਆਂ ਲਈ ਨਵੇਂ ਮੌਕੇ ਪੈਦਾ ਕਰਨ ਲਈ ਮਜ਼ਬੂਤ ਕਦਮ ਚੁੱਕ ਰਹੀ ਹੈ। ਸਾਊਥ ਅਫ਼ਰੀਕਾ ਦੇ ਸ਼ਹਿਰ ਜੌਹਨਜ਼ਬਰਗ ਵਿੱਚ ਹੋਏ ਜੀ-20 ਲੀਡਰਾਂ ਦੀ ਸਿਖ਼ਰ-ਵਾਰਤਾ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਸ਼ਵ ਪੱਧਰ ਦੇ ਭਾਈਵਾਲਾਂ ਨਾਲ ਕੈਨੇਡਾ ਦੀਆਂ ਵਪਾਰਕ ਤੰਦਾਂ ਮਜ਼ਬੂਤ ਕਰਨ ਅਤੇ ਨਾਜ਼ੁਕ ਖ਼ੇਤਰਾਂ ਵਿੱਚ ਵਿਕਾਸ ਤੇਜ਼ ਕਰਨ ਲਈ ਅਹਿਮ ਕਦਮ ਚੁੱਕਣ ਦਾ ਐਲਾਨ ਕੀਤਾ।
ਅਫ਼ਰੀਕੀ ਮਹਾਂਦੀਪ ਵਿੱਚ ਸਾਊਥ ਅਫ਼ਰੀਕਾ ਜੋ ਕਿ ਕੈਨੇਡਾ ਦਾ ਵੱਡਾ ਵਪਾਰਕ ਭਾਈਵਾਲ ਹੈ, ਇਨ੍ਹਾਂ ਉਪਰਾਲਿਆਂ ਦਾ ਮੁੱਖ ਕੇਂਦਰ-ਬਿੰਦੂ ਹੋਵੇਗਾ। ਕੈਨੇਡਾ ਅਤੇ ਸਾਊਥ ਅਫ਼ਰੀਕਾ ਦੋਵੇਂ ਮਿਲ਼ ਕੇ ‘ਫਾਰੱਨ ਇਨਵੈੱਸਟਮੈਂਟ, ਪ੍ਰਮੋਸ਼ਨ ਐਂਡ ਪ੍ਰੋਟੈਕਸ਼ਨ ਐਗਰੀਮੈਂਟ’ ਬਾਰੇ ਗੱਲਬਾਤ ਸ਼ੁਰੂ ਕਰਨਗੇ। ਉਨ੍ਹਾਂ ਨੇ ‘ਨਿਊਕਲੀਅਰ ਕੋਆਪ੍ਰੇਸ਼ਨ ਐਗਰੀਮੈਂਟ’ ਬਾਰੇ ਗੱਲਬਾਤ ਦੇ ਆਪਣੇ ਅੰਤਮ ਦੌਰ ਵਿੱਚ 2026 ਵਿੱਚ ਕੇਪ ਟਾਊਨ ਵਿੱਚ ”ਫਿਨਡੇਵ” ਨਾਂ ਹੇਠ ਕੈਨੇਡਾ ਦਾ ਨਵਾਂ ਆਫ਼ਿਸ ਖੋਲ੍ਹਣ ਬਾਰੇ ਫ਼ੈਸਲਾ ਕੀਤਾ। ਇਨ੍ਹਾਂ ਉਪਰਾਲਿਆਂ ਨਾਲ ਕੈਨੇਡਾ ਦੇ ਆਰਥਿਕ ਭਵਿੱਖ ਨਾਲ ਸਬੰਧਿਤ ਕਲੀਨ ਐਨੱਰਜੀ, ਕ੍ਰਿਟੀਕਲ ਮਿਨਰਲਜ਼, ਐਡਵਾਂਸ ਟੈੱਕਨਾਲੌਜੀਆਂ ਦੇ ਖੇਤਰਾਂ ਵਿੱਚ ਭਾਈਵਾਲੀ ਮਜ਼ਬੂਤ ਹੋਵੇਗੀ।
ਇਸ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਏਸ਼ੀਆ-ਪੈਸਿਫਿਕ ਦੇ ‘ਸੀਪੀਟੀਪੀਪੀ’ ਅਤੇ ਯੌਰਪੀਅਨ ਯੂਨੀਅਨ ਦਾ ਦੁਨੀਆਂ ਦਾ ਸੱਭ ਤੋ ਵੱਡਾ ਵਪਾਰਕ ਨੈੱਟਵਰਕ ਬਨਾਉਣ ਬਾਰੇ ਵਿਚਾਰ ਕੀਤੇ ਗਏ। ਉਨ੍ਹਾਂ ਕਿਹਾ ਕਿ ਕੈਨੇਡਾ ਆਉਂਦੇ ਪੰਜ ਸਾਲਾਂ ਵਿੱਚ ਕਲੀਨ ਐਨੱਰਜੀ, ਏ.ਆਈ., ਐਡਵਾਂਸਡ ਮੈਨੂਫੈਕਚਰਿੰਗ ਅਤੇ ਐਗਰੀ-ਫ਼ੂਡਜ਼ ਦੇ ਖੇਤਰਾਂ ਦੇ ਵਿਕਾਸ ਲਈ ਇੱਕ ਟ੍ਰਿਲੀਅਨ ਡਾਲਰ ਦੀ ਨਿਵੇਸ਼ ਸੰਭਾਵਨਾ ਨੂੰ ਖੋਲ੍ਹਣ ਲਈ ਵਚਨਬੱਧ ਹੈ।
ਇਸਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ”ਵਿਸ਼ਵ ਪੱਧਰ ‘ਤੇ ਕੈਨੇਡਾ ਦੀ ਲੀਡਰਸ਼ਿਪ ਦਾ ਭਾਵ ਕੈਨੇਡਾ-ਵਾਸੀਆਂ ਲਈ ਆਪਣੇ ਘਰ ਵਿਚ ਤਰੱਕੀ ਦੇ ਹੋਰ ਮੌਕੇ ਪੈਦਾ ਕਰਨਾ ਹੈ।
ਵਪਾਰ ਅਤੇ ਪੂੰਜੀ-ਨਿਵੇਸ਼ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰਕੇ ਅਸੀਂ ਸਮੁੱਚੇ ਕੈਨੇਡਾ ਵਿੱਚ ਬਿਜ਼ਨੈਸਾਂ ਲਈ ਨਵੇ ਵਪਾਰ ਕੇਂਦਰ ਬਨਾਉਣ, ਪੂੰਜੀ ਨਿਵੇਸ਼ ਖਿੱਚਣ ਅਤੇ ਉਚੇਰੀਆਂ ਨੌਕਰੀਆਂ ਪੈਦਾ ਕਰਨ ਲਈ ਨਵੇਂ ਦਰ ਖੋਲ੍ਹ ਰਹੇ ਹਾਂ।
ਇਸ ਸਬੰਧੀ ਕੀਤੇ ਜਾ ਰਹੇ ਇਹ ਨਵੇਂ ਉਪਰਾਲੇ ਕੈਨੇਡਾ ਲਈ ਲਚਕੀਲਾ ਅਰਥਚਾਰਾ ਬਨਾਉਣ ਵਿੱਚ ਸਹਾਈ ਹੋਣਗੇ ਜੋ ਹਰੇਕ ਦੇ ਲਈ ਸੁਚਾਰੂ ਢੰਗ ਨਾਲ ਕੰਮ ਕਰੇਗਾ।” ਇਸ ਜੀ-20 ਸਮਿਟ ਵਿੱਚ ਪ੍ਰਧਾਨ ਮੰਤਰੀ ਕਾਰਨੀ ਵਰਲਡ ਟਰੇਡ ਆਰਗੇਨਾਈਜ਼ੇਸ਼ਨ ਦੇ ਡਾਇਰੈੱਕਟਰ ਜਨਰਲ ਨਗੋਜ਼ੀ ਓਕੋਂਜੋ ਇਵੇਲਾ, ਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮਾਰਕੋਨ, ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਾਹਰ ਸਟੋਰ, ਜਰਮਨੀ ਦੇ ਚਾਂਸਲਰ ਫ਼ਰੈੱਡਰਿਕ ਮਰਜ਼, ਯੂ.ਕੇ. ਦੇ ਪ੍ਰਧਾਨ ਮੰਤਰੀ ਸਰ ਕੇਇਰ ਸਟਾਰਮਰ, ਤੁਰਕੀ ਦੇ ਰਾਸ਼ਟਰਪਤੀ ਰੀਸੈਪ ਟੈਇਪ ਐਰਡੋਗਨ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਆ ਮੈਲਨੀ ਨੂੰ ਮਿਲੇ ਅਤੇ ਉਨ੍ਹਾਂ ਨਾਲ ਨਵੀਂ ਵਪਾਰਿਕ ਭਾਈਵਾਲੀ ਬਾਰੇ ਵਿਚਾਰ-ਵਟਾਂਦਰਾ ਕੀਤਾ।
ਜ਼ਿਕਰਯੋਗ ਹੈ ਕਿ ਇਹ ਜੀ-20 ਸਮਿਟ ਪ੍ਰਧਾਨ ਮੰਤਰੀ ਦੀ ਪਿਛਲੇ ਦਿਨੀਂ ਯੂਏਈ ਦੀ ਯਾਤਰਾ ਤੋਂ ਬਾਅਦ ਹੋਇਆ ਹੈ, ਜਿਸ ਵਿੱਚ ਕੈਨੇਡਾ ਨੇ ਆਪਣੇ ਇਤਿਹਾਸ ਵਿੱਚ 70 ਬਿਲੀਅਨ ਡਾਲਰ ਦਾ ਸੱਭ ਤੋਂ ਵੱਡਾ ਵਿਦੇਸ਼ੀ ਪੂੰਜੀ-ਨਿਵੇਸ਼ ਹਾਸਲ ਕੀਤਾ ਹੈ। ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਹੋ ਰਹੀ ਅਨਿਸਚਿਤ ਵਪਾਰਿਕ ਰੱਦੋ-ਬਦਲ ਦੌਰਾਨ ਕੈਨੇਡਾ ਆਪਣੇ ਲਈ ਨਵੀਂ ਭਾਈਵਾਲੀ ਤੇ ਨਵੇ ਵਪਾਰ ਕੇਂਦਰ ਵਿਕਸਿਤ ਕਰ ਰਿਹਾ ਹੈ ਅਤੇ ਕੈਨੇਡਾ-ਵਾਸੀਆਂ ਨੂੰ ਵਧੀਆ ਰੋਜ਼ਗਾਰ ਦੇਣ ਲਈ ਆਪਣੇ ਉਦਯੋਗਾਂ ਨੂੰ ਮਜ਼ਬੂਤ ਕਰ ਰਿਹਾ ਹੈ।
ਇਸਦੇ ਬਾਰੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ, ”ਕੈਨੇਡਾ ਦੀ ਨਵੀਂ ਸਰਕਾਰ ਨਵੀਂ ਭਾਈਵਾਲੀ ਸਿਰਜ ਰਹੀ ਹੈ, ਵਪਾਰ ਵਿੱਚ ਵਿਭਿੰਨਤਾ ਲਿਆ ਰਹੀ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਇੱਕ ਟ੍ਰਿਲੀਅਨ ਨਵੀਂ ਨਿਵੇਸ਼ ਸੰਭਾਵਨਾ ਖੋਲ੍ਹਣ ਲਈ ਕੰਮ ਕਰ ਰਹੀ ਹੈ। ਇਸ ਮਿਸ਼ਨ ਨਾਲ ਭਾਈਵਾਲੀ ਅਤੇ ਸਾਂਝ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ।
ਜੀ-20 ਸੰਮਿਟ ਵਿੱਚ ਕੈਨੇਡਾ ਵੱਲੋਂ ਕ੍ਰਿਟੀਕਲ ਮਿਨਰਲਜ਼, ਕਲੀਨ ਐਨੱਰਜੀ, ਏ ਆਈ, ਸਿਹਤ, ਆਦਿ ਖੇਤਰਾਂ ਵਿੱਚ ਸਾਂਝ ਵਧਾਉਣ ਅਤੇ ਕੈਨੇਡੀਅਨ ਬਿਜ਼ਨੈੱਸਾਂ ਅਤੇ ਵਰਕਰਾਂ ਲਈ ਨਵੇਂ ਮੌਕੇ ਪੈਦਾ ਕਰਨ ਵੱਲ ਤੇਜ਼ੀ ਲਿਆਉਣ ਬਾਰੇ ਗੱਲ ਕੀਤੀ ਗਈ ਹੈ।”

RELATED ARTICLES
POPULAR POSTS