ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਲੰਘੇ ਸੋਮਵਾਰ 10 ਅਕਤੂਬਰ ਨੂੰ ‘ਫੌਰਮ ਫ਼ਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ ਸ਼ਿੰਗਾਰ ਬੈਂਕੁਇਟ ਹਾਲ ਵਿੱਚ ਬੁਲਾਈ ਗਈ ਪਰੈੱਸ ਕਾਨਫਰੰਸ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈਆਂ ਜੰਗਾਂ ਦੇ ਮਾੜੇ ਨਤੀਜਿਆਂ, ਜੰਗੀ ਮਾਹੌਲ ਕਾਰਨ ਦੋਹਾਂ ਦੇਸ਼ਾਂ ਦੇ ਆਮ ਲੋਕਾਂ ‘ਤੇ ਪੈ ਰਹੇ ਜਾਨੀ ਤੇ ਮਾਨਸਿਕ ਪ੍ਰਭਾਵ, ਦੋਵਾਂ ਦੇਸ਼ਾਂ ਵੱਲੋਂ ਫੌਜੀ ਤਾਕਤ ਵਧਾਉਣ ਲਈ ਕੀਤੇ ਜਾ ਰਹੇ ਬੇ-ਤਹਾਸ਼ਾ ਸਲਾਨਾ ਖ਼ਰਚੇ, ਨਫ਼ਰਤ ਫੈਲਾਉਣ ਵਿੱਚ ਕੁਝ ਮੀਡੀਏ ਦੇ ਨਾਕਾਰਾਤਮਿਕ-ਰੋਲ ਅਤੇ ਤਣਾਅ ਪੈਦਾ ਕਰਨ ਵਿੱਚ ਬਾਹਰੀ ਤਾਕਤਾਂ ਦੇ ਹੱਥ ਬਾਰੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਫੌਰਮ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਕੇਵਲ ਜੰਗ ਲੱਗਣਾ ਹੀ ਨਹੀਂ, ਸਗੋਂ ਜੰਗੀ ਮਾਹੌਲ ਕਾਰਨ ਪੈਦਾ ਹੋਣ ਵਾਲਾ ਤਣਾਅ ਵੀ ਦੋਹਾਂ ਦੇਸ਼ਾਂ ਦੇ ਆਮ ਲੋਕਾਂ ਲਈ ਭਾਰੀ ਦਹਿਸ਼ਤ ਅਤੇ ਉਜਾੜੇ ਦਾ ਕਾਰਨ ਬਣਦਾ ਹੈ।
‘ਫੌਰਮ’ ਵੱਲੋਂ ਨਾਹਰ ਸਿੰਘ ਔਜਲਾ, ਕੁਲਵਿੰਦਰ ਖਹਿਰਾ ਅਤੇ ਸੁਰਜੀਤ ਕੌਰ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜੁਆਬ ਦਿੱਤੇ ਗਏ। ਇਸ ਫੌਰਮ ਨੂੰ ਬਨਾਉਣ ਦੇ ਮਕਸਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀ ਜੰਗ ਵਾਲੀ ਸਥਿਤੀ ਪੈਦਾ ਕਰਨ ਪਿੱਛੇ ਹਿੰਦ-ਪਾਕਿ ਸਰਕਾਰਾਂ ਦੇ ਨਿੱਜੀ ਮੁਫ਼ਾਦਾਂ ਅਤੇ ਬਾਹਰੀ ਤਾਕਤਾਂ ਦੇ ਛੁਪੇ ਮੁਫ਼ਾਦਾਂ ਦਾ ਪਰਦਾ ਫ਼ਾਸ਼ ਕਰਕੇ ਜਨਤਾ ਨੂੰ ਇਨ੍ਹਾਂ ਦੀਆਂ ਚਾਲਾਂ ਤੋਂ ਬਚਣ ਲਈ ਸੁਚੇਤ ਕਰਨਾ ਹੈ। ਉਨ੍ਹਾਂ ਹੋਰ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕ ਹੀ ਜੰਗ ਅਤੇ ਉਜਾੜਾ ਨਹੀਂ ਚਾਹੁੰਦੇ, ਸਗੋਂ ਵਸੇਬੇ ਅਤੇ ਖ਼ੁਸ਼ਹਾਲੀ ਦੇ ਨਵੇਂ ਵਸੀਲੇ ਚਾਹੁੰਦੇ ਹਨ। ਉਹ ਹੋਰ ਨਵੇਂ ਜ਼ਖ਼ਮ ਨਹੀਂ ਚਾਹੁੰਦੇ, ਸਗੋਂ ਪੁਰਾਣੇ ਜ਼ਖ਼ਮਾਂ ਨੂੰ ਭਰਨ ਦੀ ਤਮੰਨਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦੀ ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਲਈ ਇਸ ਫੌਰਮ ਵੱਲੋਂ 30 ਅਕਤੂਬਰ ਨੂੰ 2084 ਸਟੀਲਜ਼ ਐਵੀਨਿਊ ਸਥਿਤ ‘ਸ਼ਿੰਗਾਰ ਬੈਕੁਇਟ ਹਾਲ’ ਵਿੱਚ ਬਾਦ ਦੁਪਹਿਰ 12 ਵਜੇ ਤੋਂ ਸ਼ਾਮ 3.00 ਵਜੇ ਤੀਕ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਦੀ ਆਵਾਜ਼ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਈ ਜਾ ਸਕੇ।
ਇਸ ਮੌਕੇ ਬੋਲਦਿਆਂ ਪੱਛਮੀ ਪੰਜਾਬ (ਪਾਕਿਸਤਾਨ) ਤੋਂ ਤਾਹਿਰ ਅਸਲਮ ਗੋਰਾ ਨੇ ਕਿਹਾ ਕਿ ‘ਪੰਜਾਬੀ ਫੌਰਮ’ ਪੂਰੀ ਤਰ੍ਹਾਂ ਇਸ ਨਵੇਂ ਬਣੇ ‘ਫੌਰਮ’ ਦੇ ਨਾਲ ਹੈ। ਉਨ੍ਹਾਂ ਮੀਡੀਏ ਦੇ ਚੰਗੇ ਅਤੇ ਮਾੜੇ ਦੋਹਾਂ ਪੱਖਾਂ ਦੀ ਗੱਲ ਕਰਦਿਆਂ ਕਿਹਾ ਕਿ ਬਾਹਰੀ ਤਾਕਤਾਂ ਦੇ ਆਪਣੇ ਹੀ ਨਿੱਜੀ ਹਿੱਤ ਹੁੰਦੇ ਹਨ ਪਰ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਸ ਹਾਲਤ ਵਿੱਚ ਵੱਡਾ ਰੋਲ ਅਦਾ ਕਰਨ ਦੀ ਜ਼ਰੂਰਤ ਹੈ। ‘ਨਗਾਰਾ’ ਰੇਡੀਓ’ ਦੇ ਚਰਨਜੀਤ ਬਰਾੜ ਨੇ ਕਿਹਾ ਕਿ ਹਿੰਦੋਸਤਾਨ ਦੀਆਂ ਉਦਾਰਵਾਦੀ ਤਾਕਤਾਂ ਲੋਕਾਂ ਨੂੰ ਦਬਾਅ ਹੇਠ ਰੱਖਣਾ ਚਾਹੁੰਦੀਆਂ ਹਨ। ਮਿਸਿਜ਼ ਹਲੀਮਾ ਗੋਰਾ ਨੇ ਵੱਖ-ਵੱਖ ਲੋਕਾਂ ਦੇ ਬਣੇ ਹੋਏ ‘ਮਾਈਂਡ-ਸੈੱਟ ਨੂੰ ਬਦਲਣ ਦੀ ਗੱਲ ਕੀਤੀ, ਜਦ ਕਿ ਸ਼ਮੀਲ ਜਸਵੀਰ ਦਾ ਕਹਿਣਾ ਸੀ ਕਿ ਮੁੱਢਲੇ ਤੌਰ ‘ਤੇ ਹਰ ਸ਼ਖ਼ਸ ਹੀ ਅਮਨ ਚਾਹੁੰਦਾ ਹੈ। ਉਨ੍ਹਾਂ ਨੇ ਧਾਰਮਿਕ ਕੱਟੜਤਾ ਦੇ ਖ਼ਿਲਾਫ਼ ਆਵਾਜ਼ ਉਠਾਉਣ ਅਤੇ ‘ਏਜੰਸੀਆਂ’ ਨਾਲ ਨਜਿੱਠਣ ਦੀ ਵੀ ਗੱਲ ਕੀਤੀ। ਕੁਲਜੀਤ ਮਾਨ ਨੇ ਦੋਹਾਂ ਦੇਸ਼ਾਂ ਦੇ ਆਮ ਲੋਕਾਂ ਦੇ ਆਪਸੀ ਪ੍ਰੇਮ-ਪਿਆਰ ਦੀ ਗੱਲ ਕਰਦਿਆਂ ਕਿਹਾ ਕਿ ਉਹ ਤਾਂ ਅਮਨ-ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ। ਉਨ੍ਹਾਂ ਆਪਣੀ ਪਾਕਿਸਤਾਨ ਯਾਤਰਾ ਦੌਰਾਨ ਲੋਕਾਂ ਵੱਲੋਂ ਵਿਖਾਏ ਗਏ ਪਿਆਰ ਤੇ ਸਤਿਕਾਰ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਕਿਵੇਂ ਉੱਥੇ ਲੋਕਾਂ ਨੇ ਉਨ੍ਹਾਂ ਨੂੰ ਬੱਸ ਦੀ ਟਿਕਟ ਤੱਕ ਦੇ ਪੈਸੇ ਨਹੀਂ ਦੇਣ ਦਿੱਤੇ ਅਤੇ ਰੈਂਸਟੋਰੈਂਟਾਂ ਵਿੱਚ ਖਾਣ-ਪੀਣ ਦੇ ਬਿੱਲ ਵੀ ਅਦਾ ਨਹੀਂ ਕਰਨ ਦਿੱਤੇ।
ਸੁਖਦੇਵ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਸਾਰੇ ਭਾਈਚਾਰਿਆਂ ਨੂੰ ਆਪਸ ਵਿੱਚ ਭਾਈਚਾਰਕ-ਸਾਂਝ ਬਣਾਈ ਰੱਖਣ ‘ਤੇ ਜ਼ੋਰ ਦਿੱਤਾ। ਸ਼ਮਸ਼ਾਦ ਨੇ ਕਿਹਾ ਕਿ ਮੀਡੀਏ ਦਾ ਭਾਵ ‘ਮੇਨ-ਸਟਰੀਮ ਮੀਡੀਆ’ ਤੋਂ ਹੈ ਅਤੇ ਇਸ ਮੀਡੀਏ ਨੂੰ ਂਿਨਰੀ ਨਸ਼ਿਆਂ ਅਤੇ ਲੜਾਈਆਂ ਦੀ ਹੀ ਗੱਲ ਨਹੀਂ ਕਰਨੀ ਚਾਹੀਦੀ, ਸਗੋਂ ਆਰਮਜ਼-ਇੰਡਸਟਰੀ ਦੇ ਖ਼ਿਲਾਫ਼ ਵੀ ਆਵਾਜ਼ ਉਠਾਉਣੀ ਚਾਹੀਦੀ ਹੈ। ਹਮਦਰਦ ਟੀ.ਵੀ. ਤੋ ਜਤਿੰਦਰ ਰੰਧਾਵਾ ਦਾ ਕਹਿਣਾ ਸੀ ਕਿ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ।
ਪਰੈੱਸ ਕਾਨਫਰੰਸ ਵਿੱਚ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਤੋਂ ਤਲਵਿੰਦਰ ਮੰਡ, ‘ਕਲਮਾਂ ਦੇ ਕਾਫ਼ਲੇ’ ਤੋਂ ਕੁਲਵਿੰਦਰ ਖਹਿਰਾ, ‘ਪੰਜਾਬੀ ਕਹਾਣੀ ਮੰਚ’ ਤੋਂ ਕੁਲਜੀਤ ਮਾਨ. ‘ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’ ਤੋਂ ਸੁਰਜੀਤ ਸਹੋਤਾ ਤੇ ਹਰਿੰਦਰ ਹੁੰਦਲ, ‘ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਤੋਂ ਇਕਬਾਲ ਸੁੰਬਲ, ‘ਸਵਰਾਜ ਅਭਿਆਨ’ ਤੋਂ ਗੁਰਚਰਨ ਗੁਲੇਰੀਆ, ‘ਦਿਸ਼ਾ’ ਤੋਂ ਸੁਰਜੀਤ ਕੌਰ, ‘ਪੰਜਾਬੀ ਫੌਰਮ’ ਤੋਂ ਤਾਹਿਰ ਅਸਲਮ ਗੋਰਾ, ‘ਪੰਜਾਬੀ ਸੱਭਿਆਚਾਰ ਮੰਚ’ ਤੋਂ ਕਾਮਰੇਡ ਸੁਖਦੇਵ ਧਾਲੀਵਾਲ, ‘ਪਰੋ-ਪੀਪਲ ਆਰਟਸ ਪ੍ਰੋਜੈਕਟ ਮੀਡੀਆ’ ਤੋਂ ਹਰਬੰਸ ਸਿੰਘ ਅਤੇ ‘ਚੇਤਨਾ ਕਲਚਰਲ ਸੈਂਟਰ ਟੋਰਾਂਟੋ ਤੋਂ ਨਾਹਰ ਸਿੰਘ ਔਜਲਾ ਸ਼ਾਮਲ ਹੋਏ। ਪੰਜਾਬੀ ਅਤੇ ਉਰਦੂ ਮੀਡੀਏ ਨੇ ਇਸ ਪਰੈੱਸ ਕਾਨਫਰੰਸ ਵਿੱਚ ਭਰਵੀਂ ਹਾਜ਼ਰੀ ਭਰੀ। ਇਨ੍ਹਾਂ ਵਿੱਚ ‘ਨਗਾਰਾ’ ਰੇਡੀਓ ਦੇ ਸੰਚਾਲਕ ਚਰਨਜੀਤ ਬਰਾੜ, ਰੇਡੀਓ 770 ਤੋਂ ਆਰਿਫ਼ਾ ਮੁਜ਼ੱਫ਼ਰ, ਰੇਡੀਓ ‘ਪੰਜਾਬ ਦੀ ਗੂੰਜ’ ਤੋਂ ਕੁਲਦੀਪ ਦੀਪਕ, ਰੇਡੀਓ ‘ਅੱਜ ਦੀ ਆਵਾਜ਼’ ਤੋਂ ਸੁਖਦੇਵ ਗਿੱਲ, ਰੇਡੀਓ ‘ਜਾਗੋ’ ਤੋਂ ਇੰਦਰਦੀਪ, ‘ਵਾਈ ਟੀ.ਵੀ.’ ਤੋਂ ਸੰਦੀਪ ਸੰਘਾ, ‘5-ਆਬ’ ਟੀ.ਵੀ. ਤੋਂ ਪ੍ਰਿੰਸ ਸੰਧੂ ਤੇ ਜੱਸੀ ਸਰਾਏ, ‘ਸਿੱਖ ਸਪੋਕਸਮੈਨ’ ਅਖ਼ਬਾਰ ਤੋਂ ਜਗੀਰ ਸਿੰਘ ਕਾਹਲੋਂ, ‘ਸਰੋਕਾਰਾਂ ਦੀ ਆਵਾਜ਼’ ਤੋਂ ਹਰਬੰਸ ਸਿੰਘ ਤੇ ਦਵਿੰਦਰ ਤੂਰ, ਚੰਡੀਗੜ੍ਹ ਤੋਂ ਛਪਦੀ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰ-ਪ੍ਰੇਰਕ ਪ੍ਰਤੀਕ ਅਤੇ ਕਈ ਹੋਰ ਸ਼ਾਮਲ ਸਨ।
ਇਸ ਮੌਕੇ ‘ਜ਼ੀ ਟੀ.ਵੀ.’ ਦੀ ਟੀਮ ਨੇ ਵੀ ਪਰੈੱਸ ਕਾਨਫਰੰਸ ਦੀ ਕੱਵਰੇਜ ਕੀਤੀ। ਅਖ਼ੀਰ ਵਿੱਚ ਨਾਹਰ ਔਜਲਾ ਵੱਲੋਂ ਇਸ ਪਰੈੱਸ ਕਾਨਫ਼ਰੰਸ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਮੀਡੀਏ ਦਾ ਹਾਰਦਿਕ ਧੰਨਵਾਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …