-1.8 C
Toronto
Wednesday, December 3, 2025
spot_img
Homeਕੈਨੇਡਾਕਰੋਨਾ ਬਾਰੇ ਪੂਰੀਆਂ ਸਾਵਧਾਨੀਆਂ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਕੀਤੀ...

ਕਰੋਨਾ ਬਾਰੇ ਪੂਰੀਆਂ ਸਾਵਧਾਨੀਆਂ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਕੀਤੀ ਆਪਣੀ ਮਹੀਨਾਵਾਰ ਮੀਟਿੰਗ

ਕੁਲਜੀਤ ਮਾਨ ਦਾ ਨਵਾਂ ਕਹਾਣੀ-ਸੰਗ੍ਰਿਹਿ ‘ਮਿਲ ਗਿਆ ਨੈੱਕਲਸ’ ਲੋਕ-ਅਰਪਿਤ ਕੀਤਾ ਗਿਆ
ਬਰੈਂਪਟਨ/ਡਾ. ਝੰਡ : ਕਰੋਨਾ ਦੇ ਚੱਲ ਰਹੇ ਪ੍ਰਕੋਪ ਕਾਰਨ ਅੱਜ ਕੱਲ੍ਹ ਲੱਗਭੱਗ ਸਾਰੀਆਂ ਹੀ ਸਾਹਿਤਕ ਤੇ ਸਮਾਜਿਕ ਇਕੱਤਰਤਾਵਾਂ ਤੇ ਸਰਗ਼ਰਮੀਆਂ ਠੱਪ ਹਨ ਅਤੇ ਇਹ ਮੀਟਿੰਗਾਂ ਹੁਣ ਕੇਵਲ ਜ਼ੂਮ ਤਕਨੀਕ ਦੀ ਸਹਾਇਤਾ ਨਾਲ ਲੈਪਟੌਪਾਂ ਅਤੇ ਸਮਾਰਟ ਫ਼ੋਨਾਂ ‘ਤੇ ਹੀ ਕੀਤੀਆਂ ਜਾ ਰਹੀਆਂ ਹਨ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਵੀ ਅਪ੍ਰੈਲ ਤੋਂ ਜੁਲਾਈਆਂ ਤੱਕ ਆਪਣੀਆਂ ਮਾਸਿਕ-ਇਕੱਤਰਤਾਵਾਂ ਇਸ ਤਕਨਾਲੌਜੀ ਦੀ ਮਦਦ ਨਾਲ ਹੀ ਆਯੋਜਿਤ ਕੀਤੀਆਂ ਗਈਆਂ। ਪਰ ਹੁਣ ਜੀਟੀਏ ਵਿਚ ਕਰੋਨਾ ਬਾਰੇ ਹਾਲਾਤ ਕੁਝ ਸੁਖਾਵੇਂ ਹੋ ਜਾਣ ਕਾਰਨ ਸਭਾ ਨੇ ਇਸ ਮਹੀਨੇ ਦੀ ਇਕੱਤਰਤਾ 2250 ਬੋਵੇਰਡ ਡਰਾਈਵ ਦੀ ਬੇਸਮੈਂਟ ਸਥਿਤ ਮੀਟਿੰਗ-ਹਾਲ ਵਿਚ ਲੰਘੇ ਐਤਵਾਰ 16 ਅਗੱਸਤ ਨੂੰ ਬਾਅਦ ਦੁਪਹਿਰ 2.00 ਵਜੇ ਕਰੋਨਾ ਨਾਲ ਸਬੰਧਿਤ ਸਾਰੀਆਂ ਸਾਵਧਾਨੀਆਂ ਵਰਤਦਿਆਂ ਹੋਇਆਂ ਆਯੋਜਿਤ ਕੀਤੀ। ਹਾਲ ਵਿਚ ਕੁਰਸੀਆਂ ਇਕ ਦੂਸਰੀ ਤੋਂ ਲੋੜੀਂਦੇ ਫ਼ਾਸਲੇ ‘ਤੇ ਰੱਖੀਆਂ ਗਈਆਂ, ਸਾਰਿਆਂ ਨੇ ਮਾਸਕ ਪਾਏ ਹੋਏ ਸਨ ਅਤੇ ਹਾਲ ਦੇ ਅੰਦਰ ਆਉਂਦਿਆਂ ਹੀ ਸਾਰਿਆਂ ਨੇ ਸੈਨੇਟਾਈਜ਼ਰ ਨਾਲ ਆਪਣੇ ਹੱਥ ਸਾਫ਼ ਕੀਤੇ। ਇਸ ਦੌਰਾਨ ਮੀਟਿੰਗ ਵਿਚ ਪ੍ਰਧਾਨਗੀ-ਮੰਡਲ ਬੈਠਾਉਣ ਦੀ ਰਵਾਇਤ ਵੀ ਅੱਖੋਂ ਪਰੋਖੇ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਸਭਾ ਦੇ ਸਰਗ਼ਰਮ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਦੇ ਮਾਤਾ ਜੀ ਸ਼੍ਰੀਮਤੀ ਰਸਮਿੰਦਰ ਕੌਰ ਸੰਘਾ ਅਤੇ ਬਰੈਂਪਟਨ ਵਿਚ ਲੰਮੇਂ ਸਮੇਂ ਤੱਕ ਪੱਤਰਕਾਰਤਾ ਨਾਲ ਜੁੜੀ ਰਹੀ ਮਹਾਨ ਸ਼ਖ਼ਸੀਅਤ ਸ. ਜੋਗਿੰਦਰ ਸਿੰਘ ਗਰੇਵਾਲ ਨੂੰ ਭਾਵਪੂਰਤ ਸ਼ਬਦਾਂ ਨਾਲ ਸ਼ਰਧਾਂਜਲੀ ਅਰਪਿਤ ਕੀਤੀ। ਪੰਜਾਬੀ ਬੋਲੀ ਦੇ ਦੋ ਮਹਾਨ ਸਾਹਿਤਕਾਰਾਂ ਦਲੀਪ ਕੌਰ ਟਿਵਾਣਾ ਤੇ ਜਸਵੰਤ ਸਿੰਘ ਕੰਵਲ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਦੋ ਮਿੰਟ ਦਾ ਮੋਨ ਰੱਖ ਕੇ ਇਨ੍ਹਾਂ ਵਿੱਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਉਪਰੰਤ, ਮਲੂਕ ਸਿੰਘ ਕਾਹਲੋਂ ਵੱਲੋਂ ਸਾਰੇ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਜੀ-ਆਇਆਂ ਕਹਿਣ ਤੋਂ ਬਾਅਦ ਮੰਚ-ਸੰਚਾਲਕ ਵੱਲੋਂ ਜਨਾਬ ਮਕਸੂਦ ਚੌਧਰੀ ਨੂੰ ਮੰਚ ‘ઑਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ 1947 ਦੀ ਭਾਰਤ-ਪਾਕਿਸਤਾਨ ਵੰਡ ਬਾਰੇ ਭਾਵ-ਭਿੰਨੀ ਕਵਿਤਾ ਪੇਸ਼ ਕੀਤੀ। ਪਰਮਜੀਤ ਢਿੱਲੋਂ ਵੱਲੋਂ ਆਪਣੀ ਖ਼ੂਬਸੂਰਤ ਆਵਾਜ਼ ਵਿਚ ਕਰੋਨਾ ਬਾਰੇ ਗੀਤ ‘ਜ਼ਹਿਰੀ ਵਗਣ ਹਵਾਵਾਂ, ਪੁੱਤਰਾ ਬਾਹਰ ਨਾ ਜਾਹ’ ਪੇਸ਼ ਕੀਤਾ ਗਿਆ। ਡਾ. ਸੁਖਦੇਵ ਸਿੰਘ ਝੰਡ ਨੇ ਵੀ ਕਰੋਨਾ ਨਾਲ ਜੁੜੀ ਆਪਣੀ ਕਵਿਤਾ ‘ਇਤਿਹਾਸ ਕਰੋਨਾ ਦਾ ਜਦ ਲਿਖਿਆ ਜਾਵੇਗਾ’ ਪੇਸ਼ ਕੀਤੀ ਅਤੇ ਮਲੂਕ ਸਿੰਘ ਕਾਹਲੋਂ ਦੇ ਦੋ ਗੀਤ ਵੀ ਕਰੋਨਾ ਨਾਲ ਹੀ ਸਬੰਧਿਤ ਸਨ।
ਚੱਲ ਰਹੇ ਪ੍ਰੋਗਰਾਮ ਦੌਰਾਨ ਉੱਘੇ ਕਹਾਣੀਕਾਰ ਕੁਲਜੀਤ ਮਾਨ ਵੱਲੋਂ ਆਪਣੇ ਨਵ-ਪ੍ਰਕਾਸ਼ਿਤ ਕਹਾਣੀ-ਸੰਗ੍ਰਹਿ ‘ਨੈੱਕਲਸ ਮਿਲ ਗਿਆ’ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਉਨ੍ਹਾਂ ‘ਕਿੱਡਨੈਪਿੰਗ’ ਵਿਸ਼ੇ ‘ਤੇ ਆਪਣੇ ਗੰਭੀਰ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜੋਕੇ ਕਰੋਨਾ ਕਾਲ ਦੌਰਾਨ ਕਿੱਡਨੈਪਿੰਗ ਦੀ ‘ਬੀਮਾਰੀ’ ਸਾਡੇ ਸਮਾਜ ਵਿਚ ਹੋਰ ਵੀ ਵਿਕਰਾਲ ਰੂਪ ਵਿਚ ਅੱਗੇ ਵੱਧ ਰਹੀ ਹੈ। ਉਨ੍ਹਾਂ 1947 ਦੀ ਵੰਡ ਤੋਂ ਪਹਿਲਾਂ ਦੀਆਂ ਭਾਰਤੀ ਰਿਆਸਤਾਂ ਹੈਦਰਾਬਾਦ, ਜੂਨਾਗੜ੍ਹ ਤੇ ਜੰਮੂ-ਕਸ਼ਮੀਰ ਦੀ ਸਿਆਸਤ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋ. ਰਾਮ ਸਿੰਘ ਨੇ ਪਰੰਪਰਾ ਨੂੰ ਆਪਣੇ ਬੋਲਣ ਦਾ ਵਿਸ਼ਾ ਬਣਾਉਂਦਿਆਂ ਹੋਇਆਂ ਪੰਜਾਬ ਵਿਚ ਪਿਛਲੇ ਸਮੇਂ ਵਿਚ ਪ੍ਰਚੱਲਤ ਰਹੀਆਂ ਜੋਗੀਆਂ ਤੇ ਫ਼ਕੀਰਾਂ ਪੁਰਾਣੀਆਂ ਪਰੰਪਰਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕਿੱਡਨੈਪਿੰਗ ਬਾਰੇ ਕੁਲਜੀਤ ਮਾਨ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਹੁਣ ਤਾਂ ਇਹ ‘ਮੈਂਟਲ-ਕਿੱਡਨੈਪਿੰਗ’ ਦੇ ਰੂਪ ਵਿਚ ਵੀ ਸਾਹਮਣੇ ਆ ਰਹੀ ਹੈ। ਉੱਘੇ ਗਾਇਕ ਇਕਬਾਲ ਬਰਾੜ ਵੱਲੋਂ ਬਹਾਦਰ ਸ਼ਾਹ ਜ਼ਫ਼ਰ ਦੀ ਮਸ਼ਹੂਰ ਗ਼ਜ਼ਲ ‘ਲਗਤਾ ਨਹੀਂ ਹੈ ਹੈ ਜੀਅ ਮੇਰਾ ਉਜੜੇ ਦਯਾਰ ਮੇਂ’ ਤਰੰਨਮ ਵਿਚ ਪੇਸ਼ ਕੀਤੀ ਗਈ। ਪਰਮਜੀਤ ਗਿੱਲ ਨੇ ਇਕ ਗੀਤ ਗਾਇਆ ਅਤੇ ਹਰਜਸਪ੍ਰੀਤ ਗਿੱਲ ਵੱਲੋਂ ਆਪਣੀ ਗ਼ਜ਼ਲ ਸੁਣਾਈ ਗਈ। ਤਲਵਿੰਦਰ ਮੰਡ ਨੇ ਆਪਣੀ ਗ਼ਜ਼ਲ ਦੇ ਕੁਝ ਸ਼ਿਅਰ ਸੁਣਾਏ ਅਤੇ ਰਾਜੀਵ ਪੁੰਜ ਵੱਲੋਂ ਆਪਣੀ ਕਵਿਤਾ ਹਿੰਦੀ ਵਿਚ ਪੇਸ਼ ਕੀਤੀ ਗਈ। ਪਹਿਲੀ ਵਾਰ ਸਭਾ ਦੀ ਇਸ ਇਕੱਤਰਤਾ ਵਿਚ ਆਏ ਨੌਜਵਾਨ ਸੰਜੀਵ ਕੁਮਾਰ ਨੇ ਆਪਣੇ ਬਾਰੇ ਅਤੇ ਪੰਜਾਬੀ ਸਾਹਿਤ ਵਿਚ ਕੁਝ ਮਹਾਨ ਸਾਹਿਤ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਡਾ. ਜਗਮੋਹਨ ਸਿੰਘ ਸੰਘਾ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ ਅਤੇ ਪੁਸ਼ਪਿੰਦਰ ਕੌਰ ਜੋਸਣ ਵੀ ਹਾਜ਼ਰ ਸਨ।
ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਅਗਲੇ ਸਾਲ 2021 ਵਿਚ ਕਰਵਾਈ ਜਾਣ ਵਾਲੀ ਛੇਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਬਾਰੇ ਦੱਸਦਿਆਂ ਹੋਇਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਇਸ ਵਿਚ ਸ਼ਮੂਲੀਅਤ ਕਰਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਕਾਨਫ਼ਰੰਸ ਦੇ ਚੇਅਰਪਰਸਨ ਅਜਾਇਬ ਸਿੰਘ ਚੱਠਾ ਨੇ ਵੀ ੳਪਰੋਕਤ ਕਾਨਫ਼ਰੰਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਭਾ ਨੂੰ ਇਸ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਸਮੁੱਚੀ ਕਾਰਵਾਈ ਨੂੰ ਖ਼ੂਬਸੂਰਤ ਸ਼ਬਦਾਂ ਵਿਚ ਸਮੇਟਦਿਆਂ ਹੋਇਆਂ ਕਰੋਨਾ ਦੇ ਅਜੋਕੇ ਡਰ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਇਸ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਸਮੂਹ ਸਾਹਿਤ-ਪ੍ਰੇਮੀਆਂ ਦਾ ਹਾਰਦਿਕ ਧੰਨਵਾਦ ਕੀਤਾ।
ਸਮਾਗ਼ਮ ਦੇ ਅੰਤ ਵੱਲ ਵੱਧਦਿਆਂ ਹੋਇਆਂ ਕੁਲਜੀਤ ਮਾਨ ਦੀਆਂ ਕਹਾਣੀਆਂ ਦੀ ਨਵੀਨ ਪੁਸਤਕ ‘ਮਿਲ ਗਿਆ ਨੈੱਕਲਸ’ ਸਭਾ ਦੇ ਮੈਂਬਰਾਂ ਵੱਲੋਂ ਲੋਕ-ਅਰਪਿਤ ਕੀਤੀ ਗਈ। ਇਸ ਦੇ ਬਾਰੇ ਵਿਚਾਰ-ਗੋਸ਼ਟੀ ਅਗਲੇ ਮਹੀਨਿਆਂ ਦੌਰਾਨ ਆਉਂਦੇ ਸਭਾ ਦੇ ਸਮਾਗਮਾਂ ਵਿਚ ਕਰਨ ਦਾ ਫ਼ੈਸਲਾ ਕੀਤਾ।

RELATED ARTICLES
POPULAR POSTS