Breaking News
Home / ਕੈਨੇਡਾ / ਐੱਮ.ਪੀ. ਸੋਨੀਆ ਸਿੱਧੂ ਵੱਲੋਂ ਹੈੱਲਥ ਕੇਅਰ ਅਤੇ ਪਬਲਿਕ ਸੇਫਟੀ ਨਾਲ ਜੁੜੇ ਮੁੱਦੇ ਸਬੰਧਿਤ-ਧਿਰਾਂ ਨਾਲ ਸਾਂਝੇ ਕੀਤੇ ਗਏ

ਐੱਮ.ਪੀ. ਸੋਨੀਆ ਸਿੱਧੂ ਵੱਲੋਂ ਹੈੱਲਥ ਕੇਅਰ ਅਤੇ ਪਬਲਿਕ ਸੇਫਟੀ ਨਾਲ ਜੁੜੇ ਮੁੱਦੇ ਸਬੰਧਿਤ-ਧਿਰਾਂ ਨਾਲ ਸਾਂਝੇ ਕੀਤੇ ਗਏ

ਬਰੈਂਪਟਨ : ਕਮਿਊਨਿਟੀ ਦੀ ਸੁਰੱਖ਼ਿਆ ਤੇ ਭਲਾਈ ਅਤੇ ਬਰੈਂਪਟਨ ਤੇ ਸਮੁੱਚੇ ਕੈਨੇਡਾ-ਵਾਸੀਆਂ ਨੂੰ ਮਿਆਰੀ ਹੈੱਲਥਕੇਅਰ ਪ੍ਰਦਾਨ ਕਰਨ ਲਈ ਬਰੈਂਪਟਨ ਸਾਊਥ ਤੋਂ ਮੈਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਅਹਿਮ ਜਨਤਕ ਮੁੱਦੇ ਪੀਲ ਰੀਜਨਲ ਪੋਲੀਸ, ਕਾਲਜ ਆਫ਼ ਫ਼ੈਮਿਲੀ ਫ਼ਿਜ਼ੀਸ਼ੀਅਨਜ਼ ਆਫ਼ ਕੈਨੇਡਾ ਅਤੇ ਕਈ ਹੋਰ ਸਬੰਧਿਤ ਧਿਰਾਂ ਨਾਲ ਸਾਂਝੇ ਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੀ। ਇਨ੍ਹਾਂ ਅਹਿਮ ਮੁੱਦਿਆਂ ਬਾਰੇ ਉਨ੍ਹਾਂ ਨੇ ਲੋਕਾਂ ਦੀ ਆਵਾਜ਼ ਨੂੰ ਗਹੁ ਨਾਲ ਸੁਣਿਆ ਅਤੇ ਉਹ ਇਸ ਆਵਾਜ਼ ਨੂੰ ਪੀਲ ਰੀਜ਼ਨਲ ਪੁਲਿਸ ਅਤੇ ਹੋਰ ਸਬੰਧਿਤ ਧਿਰਾਂ ਤੱਕ ਪਹੁੰਚਾ ਰਹੇ ਹਨ।
ਇਸਦੇ ਲਈ ਉਨ੍ਹਾਂ ਲੰਘੇ ਹਫ਼ਤੇ ਦੂਸਰੀ ਵਾਰ ਪੀਲ ਰੀਜਨਲ ਪੁਲਿਸ ਦੇ ਸਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਪਹਿਲਾਂ ਹੋਈ ਮੀਟਿੰਗ ਦਾ ਫ਼ੀਡ-ਬੈਕ ਲਿਆ ਅਤੇ ਉਨ੍ਹਾਂ ਦੇ ਨਾਲ ਸੜਕ ਸੁਰੱਖ਼ਿਆ, ਵਾਹਨਾਂ ਦੀ ਚੋਰੀ, ਹਿਊਮਨ ਟਰੈਫ਼ਿਕਿੰਗ ਅਤੇ ਲਿੰਗਕ ਹਿੰਸਾ ਵਰਗੇ ਮਹੱਤਵਪੂਰਨ ਕਮਿਊਨਿਟੀ ਮਸਲੇ ਸਾਂਝੇ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਮੀਟਿੰਗ ਹੌਂਡਾ ਕੈਨੇਡਾ ਅਤੇ ਪੀਲ ਰੀਜਨਲ ਪੁਲਿਸ ਨਾਲ ਸਾਂਝੇ ਤੌਰ ‘ ਤੇ ਕੀਤੀ ਜਿਸ ਵਿਚ ਵਾਹਨਾਂ ਦੀ ਚੋਰੀ ਅਤੇ ਇਸ ਨਾਲ ਸਬੰਧਿਤ ਧਿਰਾਂ ਦੇ ਨਾਲ ਜੁੜੇ ਮੁੱਦੇ ਗੱਲਬਾਤ ਦਾ ਆਧਾਰ ਬਣੇ। ਇੱਥੇ ਇਹ ਜ਼ਿਕਰਯੋਗ ਹੈ ਕਿ ਐੱਮ.ਪੀ. ਸੋਨੀਆ ਸਿੱਧੂ ਨੈਸ਼ਨਲ ਆਟੋ ਕਾੱਕਸ ਦੇ ਮੈਂਬਰ ਹਨ ਜਿਸ ਵਿਚ ਉਹ ਆਪਣੇ ਸਾਥੀਆਂ ਨਾਲ ਸਥਾਨਕ ਲਾਅ ਐੱਨਫੋਰਸਮੈਂਟ ਦੀ ਸਹਾਇਤਾ ਲਈ ਕੰਮ ਕਰ ਰਹੇ ਹਨ।
ਮੀਟਿੰਗ ਦੌਰਾਨ ਸੋਨੀਆ ਸਿੱਧੂ ਨੇ ਇਨ੍ਹਾਂ ਮੁੱਦਿਆਂ ਦੀ ਅਹਿਮੀਅਤ ਅਤੇ ਕਮਿਊਨਿਟੀ ਉੱਪਰ ਪਏ ਇਨ੍ਹਾਂ ਦੇ ਮਾਰੂ ਪ੍ਰਭਾਵ ਤੇ ਜ਼ੋਰ ਦਿੱਤਾ। ਸੜਕ ਸੁਰੱਖ਼ਿਆ ਵਿਚ ਸੁਧਾਰ ਕਰਨ ਅਤੇ ਵਾਹਨਾਂ ਦੀ ਚੋਰੀ ਨੂੰ ਰੋਕਣ ਲਈ ਉਨ੍ਹਾਂ ਨੇ ਨਾਜ਼ੁਕ ਹਲਕਿਆਂ ਵਿਚ ਪੁਲਿਸ ਦੀ ਪੈਟਰੋਲਿੰਗ ਨੂੰ ਹੋਰ ਵਧਾਉਣ ਬਾਰੇ ਆਪਣਾ ਸੁਝਾਅ ਦਿੱਤਾ। ਹਿਊਮਨ ਟਰੈਫ਼ਿਕਿੰਗ ਅਤੇ ਲਿੰਗਕ-ਹਿੰਸਾ ਨੂੰ ਰੋਕਣ ਲਈ ਉਨ੍ਹਾਂ ਨੇ ਕਮਿਊਨਿਟੀ ਆਰਗੇਨਾਈਜ਼ੇਸ਼ਨਾਂ ਅਤੇ ਐਡਵੋਕੇਸੀ ਗਰੁੱਪਾਂ ਨਾਲ ਮਿਲ਼ ਕੇ ਕੰਮ ਕਰਨ ਦੀ ਅਹਿਮੀਅਤ ਬਾਰੇ ਵੀ ਆਪਣੇ ਵਿਚਾਰ ਦੱਸੇ।
ਪੀਲ ਪੁਲਿਸ ਦਾ ਬਰੈਂਪਟਨ ਸੇਫ਼ ਸੈਂਟਰ ਪਹਿਲਾਂ ਹੀ ਇੱਥੋਂ ਦੇ ਲੀਡਿੰਗ ਮਾਡਲ ਨੂੰ ਵਰਤੋਂ ਵਿਚ ਲਿਆ ਰਿਹਾ ਹੈ ਜਿਸ ਨਾਲ ਪਿਛਲੇ 10 ਸਾਲਾਂ ਵਿਚ ਘਰੇਲੂ-ਹਿੰਸਕ ਘਟਨਾਵਾਂ ਵਿਚ ਕਮੀ ਹੋਈ ਹੈ। ਦਸੰਬਰ 2022 ਵਿਚ ਸੋਨੀਆ ਸਿੱਧੂ ਇਸ ਸਬੰਧੀ ਸੈਨ ਡੀਗੋ ਦੇ ਡਿਸਟ੍ਰਿਕਟ ਅਟਾਰਨੀ ਨੂੰ ਮਿਲੇ ਅਤੇ ਉਸ ਦੇ ਵੱਲੋਂ ਇਸ ਕੰਮ ਦੀ ਕਾਫ਼ੀ ਸਰਾਹਨਾ ਕੀਤੀ ਗਈ।
ਹੈੱਲਥ-ਕੇਅਰ ਸਾਰਿਆਂ ਲਈ ਹੀ ਸੱਭ ਤੋਂ ਅਹਿਮ ਮੁੱਦਾ ਹੈ। ਇਸ ਦੇ ਬਾਰੇ ਗੱਲਬਾਤ ਕਰਨ ਲਈ ਸੋਨੀਆ ਸਿੱਧੂ ਪੀਲ ਰੀਜਨ ਦੇ ਸਾਬਕਾ ਚੀਫ਼ ਮੈਡੀਕਲ ਅਫ਼ਸਰ ਡਾ. ਲਾਰੈਂਸ ਲੋਹ ਨੂੰ ਮਿਲੇ ਜੋ ਇਸ ਸਮੇਂ ਕਾਲਜ ਆਫ਼ ਫ਼ਿਜ਼ੀਸ਼ੀਅਨਜ਼ ਕੈਨੇਡਾ ਦੇ ਡਾਇਰੈੱਕਟਰ ਹਨ।
ਮੀਟਿੰਗ ਦੌਰਾਨ ਉਨ੍ਹਾਂ ਨੇ ਕੈਨੇਡਾ ਦੇ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਅਤੇ ਕਮਿਊਨਿਟੀ ਨੂੰ ਸਿਹਤ ਸਬੰਧੀ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵਿਦੇਸ਼ਾਂ ਤੋਂ ਸਿੱਖਿਅਤ ਡਾਕਟਰਾਂ ਨੂੰ ਮੰਗਵਾਉਣ ਬਾਰੇ ਵਿਚਾਰ-ਵਟਾਂਦਰਾਂ ਕੀਤਾ।
ਐੱਮ.ਪੀ. ਸਿੱਧੂ ਨੇ ਕਿਹਾ,”ਅਸੀਂ ਕਮਿਊਨਿਟੀ ਦੀ ਸੁਰੱਖ਼ਿਆ ਤੇ ਲੋਕਾਂ ਦੀ ਸਿਹਤ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਅਤੇ ਇਨ੍ਹਾਂ ਨਾਲ ਸਬੰਧਿਤ ਮਸਲਿਆਂ ਦੇ ਹੱਲ ਲਈ ਸਬੰਧਿਤ ਧਿਰਾਂ ਨਾਲ ਮਿਲ਼ ਕੇ ਕੰਮ ਕਰਦੇ ਰਹਾਂਗੇ। ਇਸ ਨਾਲ ਸਾਡੇ ਸ਼ਹਿਰ ਅਤੇ ਲੋਕਾਂ ਦੀ ਸੁਰੱਖ਼ਿਆ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਦਫ਼ਤਰ ਵਿਚ ਆ ਕੇ ਆਪਣਾ ਫ਼ੀਡ-ਬੈਕ ਦੇਣ ਲਈ ਕਿਹਾ ਅਤੇ ਨਾਲ ਇਹ ਵੀ ਕਿਹਾ ਕਿ ਉਹ ਪੀਲ ਰੀਜਨਲ ਪੁਲਿਸ ਅਤੇ ਹੋਰ ਧਿਰਾਂ ਨਾਲ ਜੁੜੇ ਮਸਲਿਆਂ ਦੇ ਹੱਲ ਲਈ ਜ਼ੋਰ ਲਗਾਉਂਦੇ ਰਹਿਣਗੇ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …