Breaking News
Home / ਕੈਨੇਡਾ / ਐਫ.ਬੀ.ਆਈ. ਸਕੂਲ ਵਲੋਂ ਵਿਦਿਆਰਥੀਆਂ ਦੀ ਗਰੈਜੂਏਸ਼ਨ ਅਤੇ ਇਨਾਮ ਵੰਡ ਸਮਾਗਮ ਜੋਸ਼ ਖਰੋਸ਼ ਨਾਲ ਮਨਾਇਆ ਗਿਆ

ਐਫ.ਬੀ.ਆਈ. ਸਕੂਲ ਵਲੋਂ ਵਿਦਿਆਰਥੀਆਂ ਦੀ ਗਰੈਜੂਏਸ਼ਨ ਅਤੇ ਇਨਾਮ ਵੰਡ ਸਮਾਗਮ ਜੋਸ਼ ਖਰੋਸ਼ ਨਾਲ ਮਨਾਇਆ ਗਿਆ

ਬਰੈਂਪਟਨ/ਡਾ. ਝੰਡ
ਲੰਘੇ ਸ਼ਨੀਵਾਰ 29 ਜੂਨ ਨੂੰ ਐੱਫ਼.ਬੀ.ਆਈ.ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਦਾ ਗਰੈਜੂਏਸ਼ਨ ਤੇ ਇਨਾਮ-ਵੰਡ ਸਮਾਗ਼ਮ ਪੂਰੇ ਜੋਸ਼ ਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਗ਼ਮ ਸਕੂਲ ਦੇ ਵਿਸ਼ਾਲ ਜਿੰਮਨੇਜ਼ੀਅਮ ਹਾਲ ਵਿਚ ਬਾਅਦ ਦੁਪਹਿਰ 2.00 ਵਜੇ ਆਰੰਭ ਹੋਇਆ ਅਤੇ ਸ਼ਾਮ ਦੇ 5.30 ਵਜੇ ਤੀਕ ਚੱਲਦਾ ਰਿਹਾ। ਸਮਾਗ਼ਮ ਵਿਚ ਜਿੱਥੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਸਫ਼ਲਤਾ ਲਈ ਗਰੈਜੂਏਸ਼ਨ ਸੈਰੀਮਨੀ ਦੌਰਾਨ ਡਿਪਲੋਮੇ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਸਕੂਲ ਵਿਚ ਪੜ੍ਹਾਈ ਤੋਂ ਇਲਾਵਾ ਹੋਣ ਵਾਲੀਆਂ ਕਲਾਤਮਿਕ ਕ੍ਰਿਆਵਾਂ, ਖੇਡਾਂ ਤੇ ਹੋਰ ਕਰੀਕੁਲਰ ਐਕਟਿਵੀਜ਼ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਉਚੇਚੇ ਸਰਟੀਫ਼ੀਕੇਟ ਦੇ ਕੇ ਉਵੇਂ ਹੀ ਸਨਮਾਨਿਤ ਕੀਤਾ ਗਿਆ ਜਿਸ ਤੋਂ ਜ਼ਾਹਿਰ ਹੈ ਕਿ ਇੱਥੇ ਇਸ ਸਕੂਲ ਵਿਚ ਪੜ੍ਹਾਈ ਦੇ ਨਾਲ਼ ਨਾਲ਼ ਇਨ੍ਹਾਂ ਗੱਲਾਂ ਵੀ ਓਨਾ ਹੀ ਧਿਆਨ ਦਿੱਤਾ ਜਾਂਦਾ ਹੈ। ਸਕੂਲ ਦੇ ਦੋ ‘ਬੈੱਸਟ ਵਿਦਿਆਰਥੀਆਂ’ ਰਿਦਮ ਚਾਹਲ ਤੇ ਦਇਆ ਧਾਲੀਵਾਲ ਨੂੰ ਉਚੇਚੇ ਮੈਰਿਟ ਸਰਟੀਫ਼ੀਕੇਟਾਂ ਦੇ ਨਾਲ਼ ਨਾਲ਼ 500-500 ਡਾਲਰ ਦੇ ਨਕਦ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਵਿਦਿਆਰਥੀਆਂ ਨੂੰ ਡਿਪਲੋਮੇ ਅਤੇ ਇਨਾਮ ਵੰਡਣ ਦੀ ਇਹ ਜਿੰਮੇਵਾਰੀ ਪ੍ਰਿੰਸੀਪਲ ਸੰਜੀਵ ਧਵਨ, ਵਾਈਸ-ਪ੍ਰਿੰਸੀਪਲ ਨੀਲੋਫ਼ਰ ਧਵਨ, ਨਿਤਿਨ ਚੋਪੜਾ ਅਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਮਿਲ ਕੇ ਨਿਭਾਈ ਗਈ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨੋਰੰਜਨ ਲਈ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ।
ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਕਿੰਡਰਗਾਰਟਨ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਕੈਨੇਡਾ ਦੇ ਕੌਮੀ-ਗੀਤ ‘ਓ ਕੈਨੇਡਾ’ ਦੇ ਗਾਇਨ ਅਤੇ ਬੀਰ ਅਤੇ ਏਕਮ ਧਾਲੀਵਾਲ ਵੱਲੋਂ ਗਾਏ ਗੲੈ ਸ਼ਬਦ ਨਾਲ ਕੀਤੀ ਗਈ। ਇਕ ਛੋਟੀ ਜਿਹੀ ਬੱਚੀ ਨੇ ਫ਼ਰੈਚ ਭਾਸ਼ਾ ਵਿਚ ਗੀਤ ਸੁਣਾਇਆ ਅਤੇ ਗਰੇਡ-1 ਤੇ 2 ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਡਾਂਸ ਦੀ ਪੇਸ਼ਕਾਰੀ ਹੋਈ। ਕਿੰਡਰਗਾਰਟਨ ਵਿੰਗ ਦੀ ਅਧਿਆਪਕਾ ਮਿਸ ਤਾਮੇਰੀਆ ਵੱਲੋਂ ਆਪਣਾ ਸੰਖੇਪ ਭਾਸ਼ਣ ਤੇ ਗੀਤ ਪੇਸ਼ ਕੀਤਾ ਗਿਆ। ਉਪਰੰਤ, ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ‘ਬੈੱਸਟ ਸਟੂਡੈਂਟ’ ਤੇ ‘ਮੋਸਟ ਇੰਪਰੂਵਡ ਸਟੂਡੈਂਟ’ ਐਵਾਰਡ ਦਿੱਤੇ ਗਏ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ‘ਵਿਜ਼ਾਰਡ ਆਫ਼ ਓਜ਼’ ਨਾਟਕ ਪੇਸ਼ ਕੀਤਾ ਗਿਆ। ਗਰੇਡ-10 ਦੀ ਵਿਦਿਆਰਥਣ ਰਿਦਮ ਚਾਹਲ ਅਤੇ ਕਿੰਡਰਗਾਰਟਨ ਦੀ ਅਧਿਆਪਕਾ ਪ੍ਰਭਜੋਤ ਵੱਲੋਂ ਮਿਲ ਕੇ ਹਰਮਨ-ਪਿਆਰੇ ਨਵੇਂ ਤੇ ਪੁਰਾਣੇ ਪੰਜਾਬੀ-ਗੀਤਾਂ ਦੇ ਮੁਖੜਿਆਂ ਦੇ ਆਧਾਰਿਤ ਕੋਲਾਜ ਉੱਪਰ ਸ਼ਾਨਦਾਰ ਡਾਂਸ ਪੇਸ਼ ਕੀਤਾ ਗਿਆ। ਏਸੇ ਤਰ੍ਹਾਂ ਮਾਹੀ ਤੇ ਉਸ ਦੀ ਸਾਥਣ ਹਿਮਾਨੀ ਨੇ ਵੀ ਇਕ ਗੀਤ ਉੱਪਰ ਖ਼ੂਬਸੂਰਤ ਡਾਂਸ ਕੀਤਾ ਅਤੇ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਵੀ ਸ਼ਾਨਦਾਰ ਡਾਂਸ ਪੇਸ ਕੀਤਾ ਗਿਆ। ਸਕੂਲ ਦੀ ਮਿਊਜ਼ਿਕ ਟੀਚਰ ਅਰੁਨਦੀਪ ਕੌਰ ਵੱਲੋਂ ਇਕ ਪੰਜਾਬੀ ਲੋਕ-ਗੀਤ ਪੇਸ਼ ਕੀਤਾ ਗਿਆ ਅਤੇ ਇੰਗਲਿਸ਼ ਟੀਚਰ ਈਵਾ ਵੱਲੋਂ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਸੰਖੇਪ ਵਿਚ ਬਿਆਨ ਕੀਤੀਆਂ ਗਈਆਂ। ਉਪਰੰਤ, ਐਲੀਮੈਂਟਰੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਬਾਲੀਵੁੱਡ ਡਾਂਸ ਪੇਸ਼ ਕੀਤਾ ਗਿਆ ਅਤੇ ਗਰੇਡ-10 ਦੇ ਵਿਦਿਆਰਥੀਆਂ ਨੇ ਸਟੇਜ ਉੱਪਰ ਭੰਗੜੇ ਦੀਆਂ ਖ਼ੂਬ ਧਮਾਲਾਂ ਪਾਈਆਂ। ਇਸ ਤਰ੍ਹਾਂ ਇਹ ਮਨੋਰੰਜਕ ਪ੍ਰੋਗਰਾਮ ਇਕ ਵਧੀਆ ਪੱਧਰ ਦਾ ਮਲਟੀ-ਕਲਚਰਲ ਈਵੈਂਟ ਬਣ ਗਿਆ।ਇਸ ਦੌਰਾਨ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਦੀ ਗਰੈਜੂਏਸ਼ਨ ਸੈਰੀਮਨੀ ਹੋਈ ਜਿਸ ਵਿਚ ਉਨ੍ਹਾਂ ਨੂੰ ਸਰਟੀਫ਼ੀਕੇਟ ਅਤੇ ਡਿਪਲੋਮੇ ਪ੍ਰਦਾਨ ਕੀਤੇ ਗਏ। ਗਰੇਡ-12 ਦੇ ਵਿਦਿਆਰਥੀਆਂ ਨੂੰ ਅੱਗੋਂ ਕੈਨੇਡਾ ਅਤੇ ਅਮਰੀਕਾ ਦੀਆਂ ਨਾਮਵਰ ਯੂਨੀਵਰਸਿਟੀਆਂ ਵਿਚ ਵੱਖ-ਵੱਖ ਕੋਰਸਾਂ ਵਿਚ ਦਾਖਲੇ ਮਿਲਣ ਦੀ ਆੱਫ਼ਰ ‘ਤੇ ਪ੍ਰਿੰਸੀਪਲ ਧਵਨ ਉਨ੍ਹਾਂ ਨੂੰ ਉਚੇਚੀ ਮੁਬਾਰਕਬਾਦ ਦਿੱਤੀ ਗਈ। ਸਮਾਗ਼ਮ ਦੇ ਅਖ਼ੀਰ ਵਿਚ ਪ੍ਰਿੰਸੀਪਲ ਧਵਨ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਉਹ ਸਕੂਲ ਵਿਚ ਆਨ-ਲਾਈਨ ਐਜੂਕੇਸ਼ਨ ਵੀ ਸ਼ੁਰੂ ਕਰਨ ਜਾ ਰਹੇ ਹਨ ਜਿਸ ਦਾ ਆਰੰਭਿਕ ਕਾਰਜ ਪੂਰਾ ਹੋ ਚੁੱਕਾ ਹੈ। ਇਸ ਨਾਲ ਵਿਦਿਆਰਥੀਆਂ ਲਈ ਉਨ੍ਹਾਂ ਦੀਆਂ ਅਸਾਈਨਮੈਂਟਾਂ ਟੀਚਰਾਂ ਨੂੰ ਆਨ-ਲਾਈਨ ਸਬਮਿੱਟ ਕਰਨ ਵਿਚ ਆਸਾਨੀ ਹੋਵੇਗੀ ਅਤੇ ਟੀਚਰਾਂ ਦੇ ਲੈੱਸਨ ਅਤੇ ਲੈੱਕਚਰ ਵੀ ਵਿਦਿਆਰਥੀਆਂ ਲਈ ਆਨ-ਲਾਈਨ ਉਪਲੱਭਧ ਹੋਣਗੇ। ਇਸ ਸਮੁੱਚੇ ਪ੍ਰੋਗਰਾਮ ਦੌਰਾਨ ਐੱਮ.ਸੀ. ਦੀ ਜ਼ਿੰਮੇਵਾਰੀ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨਵਨੀਤ, ਰਿਦਮ ਤੇ ਪਾਲਕੀ ਵੱਲੋਂ ਮਿਲ ਕੇ ਬਾਖ਼ੂਬੀ ਨਿਭਾਈ ਗਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …