ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਨੌਰਥ ਅਮਰੀਕਨ ਤਰਕਸ਼ੀਲ ਸੋਸਾਇਟੀ ਓਨਟਾਰੀਓ ਦੀ ਬਰੈਂਪਟਨ ਵਿਚ ਕੀਤੀ ਕਾਰਜਕਰਨੀ ਦੀ ਮੀਟਿੰਗ ਵਿਚ ਕਿਸਾਨਾ ਅਤੇ ਮਜ਼ਦੂਰਾਂ ਦੇ ਦੁੱਖ ਦਰਦ ਨੂੰ ਸਮਝਣ ਅਤੇ ਅਪਣੇ ਇੰਨਕਲਾਬੀ ਨਾਟਕਾਂ ਰਾਹੀ ਉਨ੍ਹਾਂ ਦੇ ਮਸਲਿਆਂ ਨੂੰ ਪੇਸ਼ ਕਰਨ ਦੇ ਮਾਹਿਰ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਭਾਵਪੂਰਨ ਸ਼ਰਧਾਂਜਲੀ ਦਿੱਤੀ ਗਈ। ਇਸ ਵੇਲੇ ਉਨ੍ਹਾਂ ਵਲੋਂ ਸੋਸਾਇਟੀ ਦੇ ਪ੍ਰੋਗਰਾਮਾ ਦੌਰਾਨ ਬਹੁੱਤ ਹੀ ਸਫਲਤਾ ਨਾਲ ਖੇਡੇ ਗਏ ਨਾਟਕਾਂ ਦੀਆਂ ਪੇਸ਼ਕਾਰੀਆਂ ਨੂੰ ਯਾਦ ਕੀਤਾ ਗਿਆ ਅਤੇ ਵੱਖ ਵੱਖ ਮੈਂਬਰਾਂ ਨੇ ਔਲਖ ਸਾਹਿਬ ਨਾਲ ਬੀਤਾਏ ਸਮੇਂ ਦੀਆਂ ਯਾਦਾਂ ਨੂੰ ਮੀਟਿੰਗ ਵਿਚ ਸਾਂਝਾ ਕੀਤਾ। ਕੈਨੇਡਾ ਵਰਗੇ ਦੇਸ਼ ਵਿਚ ਜਿਥੇ ਪੂਰੇ ਨਾਟਕ ਦੇ ਪਾਤਰ ਤਾਂ ਕੀ, ਕਿਸੇ ਇੱਕ ਸੀਨ ਦੇ ਕਲਾਕਾਰਾਂ ਨੂੰ ਵੀ ਘੱਟ ਹੀ ਇਕੱਠੇ ਪ੍ਰੈਕਟਿਸ ਕਰਨ ਦਾ ਮੌਕਾ ਮਿਲਦਾ ਹੈ, ਬੜੇ ਥੋੜੇ ਸਮੇਂ ਵਿਚ ਨਾਟਕਾਂ ਦੀ ਤਿਆਰੀ ਕਰਵਾ ਕੇ, ਸਧਾਰਨ ਵਿਅੱਕਤੀਆਂ ਤੋਂ ਉੱਚ ਪਾਏ ਦੀ ਕਲਾਕਾਰੀ ਕਰਵਾਉਣ ਦਾ ਮਾਣ ਸਿਰਫ ਔਲਖ ਸਾਹਿਬ ਨੂੰ ਹੀ ਜਾਂਦਾ ਹੈ। ਉਨ੍ਹਾਂ ਦੇ ਨਾਟਕ ਜਿਨੇ ਪਿਆਰ ਤੇ ਸਤਿਕਾਰ ਨਾਲ ਪੰਜਾਬ ਦੇ ਪਿੰਡਾਂ ਦੇ ਵਸਨੀਕਾਂ ਵਲੋਂ ਮਾਣੇ ਜਾਂਦੇ ਸਨ, ਉਸ ਤੋਂ ਵੀ ਵੱਧ ਦਿਲਚਸਪੀ ਨਾਲ ਕਨੇਡਾ ਵਿਚਲੇ ਪੰਜਾਬੀਆਂ ਵਲੋਂ ਮਾਣੇ ਜਾਂਦੇ ਰਹੇ। ਸੋਸਾਇਟੀ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਦੇ ਜਾਣ ਤੇ ਲੋਕ ਹਿਤੈਸ਼ੀ ਸਾਹਿਤ ਨੂੰ, ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ। ਪ੍ਰੌਫੈਸਰ ਔਲਖ ਮਾਲਵੇ ਦੇ ਪਿੰਡ ਫਰਵਾਹੀ ਵਿਚ ਜਨਮੇਂ ਅਤੇ ਅਪਣੀ ਪ੍ਰਾਇਮਰੀ ਸਿਖਿਆ ਇਥੋਂ ਹੀ ਹਾਸਲ ਕੀਤੀ। ਦਸਵੀ ਨੇੜਲੇ ਕਸਬੇ ਭੀਖੀ ਤੋਂ ਕਰਨ ਉਪਰੰਤ ਉਨ੍ਹਾਂ 1965 ਵਿਚ ਪੰਜਾਬੀ ਯੁਨੀਵਰਸਿਟੀ ਤੋਂ ਐਮ ਏ ਪੰਜਾਬੀ ਪਾਸ ਕੀਤੀ ਅਤੇ ਉਸੇ ਸਾਲ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਪੰਜਾਬੀ ਦੇ ਪ੍ਰੋਫੈਸਰ ਲੱਗ ਗਏ। ਅਪਣੀ ਸਾਰੀ ਨੌਕਰੀ ਉਨ੍ਹਾਂ ਇਸੇ ਕਾਲਜ ਵਿਚ ਕੀਤੀ। ਉਨ੍ਹਾਂ ਦਾ ਪ੍ਰੀਵਾਰ ਪਿੰਡ ਦੇ ਜਗੀਰਦਾਰ ਦਾ ਕਾਸ਼ਤਕਾਰ ਸੀ। ਗਰੀਬ ਕਿਸਾਨੀ ਦੀਆਂ ਬਚਪਨ ਵਿਚ ਹੰਡਾਈਆਂ ਔਖਿਆਈਆਂ -ਸੌਖਿਆਈਆਂ ਨੇ ਉਨ੍ਹਾ ਦੇ ਬਾਲ ਮਨ ਤੇ ਨਾ ਮਿਟਣ ਵਾਲਾ ਅਸਰ ਛੱਡਿਆ। ਇਸ ਥੁੜ ਮਾਰੇ ਭਾਈਚਾਰੇ ਵਿਚ ਖੇਤ ਮਜ਼ਦੂਰਾਂ ਦੀ ਹਾਲਤ ਕਿਸਾਨਾਂ ਤੋਂ ਵੀ ਔਖੀ ਸੀ। ਇਸੇ ਸਮੇਂ ਉਨ੍ਹਾਂ ਮੁਜ਼ਾਰਾ ਲਹਿਰ ਦੀ ਚੜ੍ਹਤ ਵੀ ਵੇਖੀ ਜਿਸ ਨੇ ਜਗੀਰਦਾਰੀ ਦਾ ਅੰਤ ਕੀਤਾ ਅਤੇ ਜ਼ਮੀਨ ਹਲਵਾਹਕ ਦੀ ਹੋ ਗਈ। ਪਰ ਇਸ ਨਾਲ ਵੀ ਲੋਕਾਂ ਦੀ ਜਿੰਦਗੀ ਵਿਚ ਕੋਈ ਵੱਡਾ ਸੁਧਾਰ ਨਾ ਆਇਆ ਕਿਉਂਕਿ ਇਨ੍ਹਾਂ ਪ੍ਰੀਵਾਰਾਂ ਦੇ ਹਿੱਸੇ ਥੋੜੀਆਂ ਜ਼ਮੀਨਾ ਹੀ ਆਈਆਂ।
ਉਨ੍ਹਾ ਦਾ ਨਾਟਕਾਂ ਦਾ ਸਫਰ, ਪ੍ਰਿੰਸੀਪਲ ਬੀ ਪੀ ਮੋਹਨ ਵਲੋਂ ਉਨ੍ਹਾਂ ਦੀ ਸਭਿਆਚਾਰਕ ਮੇਲਿਆਂ ਲਈ ਤਿਆਰੀ ਦੀ ਜਿਮੇਵਾਰੀ ਲਾਉਣ ਨਾਲ ਸ਼ੁਰੂ ਹੋਇਆ। ਇਸ ਸਮੇਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਲਿਖੇ ਨਾਟਕ ਦਰਸ਼ਕਾਂ ਨੂੰ ਜਿਆਦਾ ਪਸੰਦ ਆ ਰਹੇ ਹਨ। ਇਸ ਦਾ ਸਿਖਰ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਹੱਲਾਸ਼ੇਰੀ ਤੇ ਉਨ੍ਹਾ ਦੁਆਰਾ ਟੈਗੋਰ ਥੀਏਟਰ ਵਿਚ ਖੇਡੇ ਨਾਟਕ ‘ਬਗਾਨੇ ਬੋਹੜ ਦੀ ਛਾਂ’ ਨਾਲ ਹੋਇਆ ਜਦ ਉਸ ਸਮੇਂ ਮੰਨੇ ਪ੍ਰਮੰਨੇ ਨਾਟਕਕਾਰਾਂ ਦੇ ਇਸ ਮੇਲੇ ਨੂੰ ਪੂਰੀ ਤਰ੍ਹਾਂ ਔਲਖ ਦੇ ਇਸ ਬਿਨਾ ਕਿਸੇ ਵੱਡੀ ਸਟੇਜ ਸੈਟਿੰਗ ਵਾਲੇ ਨਾਟਕ ਨੇ ਲੁੱਟ ਲਿਆ। ਇਹ ਨਾਟਕ ਉਸ ਤੋਂ ਬਾਅਦ ਵੀ ਪੰਜਾਬ ਵਿਚ ਵਾਰ ਵਾਰ ਖੇਡਿਆ ਜਾ ਚੁੱਕਾ ਹੈ। ਇਸ ਵਿਚ ਗਰੀਬ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀ ਜ਼ਿਦਗੀ ਦਾ ਸਪੱਸ਼ਟ ਵਖਿਆਨ ਹੈ। ਉਨ੍ਹਾਂ ਦੇ ਨਾਟਕ, ਇੱਕ ਰਮਾਇਣ ਹੋਰ, ਕਿਹਰ ਸਿੰਘ ਦੀ ਮੌਤ, ਅਰਬਦ ਨਰਬਦ ਧੁੰਦੂਕਾਰਾ, ਇਸ਼ਕ ਬਾਝ ਨਵਾਜ਼ ਦਾ ਹੱਜ ਨਾਹੀ, ਸੱਤ ਬਗਾਨੇ, ਅੰਨ੍ਹੇ ਨਿਸ਼ਾਨਚੀ ਵਗੈਰਾ ਬੜੇ ਹਰਮਨ ਪਿਆਰੇ ਹੋਏ। ਪ੍ਰੋਫੈਸਰ ਔਲਖ ਨੇ ਆਪਣੇ ਨਾਟਕਾਂ ਵਿਚ ਆਮ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਉਘਾੜਿਆ ਅਤੇ ਸੰਘਰਸ਼ਾਂ ਵਿਚ ਉਨ੍ਹਾਂ ਦਾ ਸਾਥ ਦਿੱਤਾ। ਅਪਣੀ ਇਸ ਵਿਚਾਰਧਾਰਾ ਕਾਰਨ ਉਨ੍ਹਾਂ ਨੂੰ ਐਮਰਜੈਂਸੀ ਦੌਰਾਨ ਜੇਲ੍ਹ ਵੀ ਜਾਣਾ ਪਿਆ। ਉਨ੍ਹਾਂ ਨੂੰ 2006 ਵਿਚ ਉਨ੍ਹਾਂ ਦੇ ‘ਇਸ਼ਕ ਬਾਝ ਨਵਾਜ਼ ਦਾ ਹੱਜ ਨਾਹੀ’ ਨਾਵਲ ਲਈ ਸਾਹਿਤ ਅਕਾਡਮੀ ਇਨਾਮ ਮਿਲਿਆ। ਪ੍ਰੌਫੈਸਰ ਔਲਖ ਨੇ ਅਪਣੇ ਨਾਟਕ ਸਿਰਫ ਕਾਲਜਾਂ ਜਾਂ ਯੁਨੀਵਰਸਿਟੀਆਂ ਦੀਆਂ ਸਟੇਜਾਂ ਤੇ ਹੀ ਨਹੀਂ ਖੇਡੇ, ਸਗੋਂ ਉਹ ਇਨ੍ਹਾਂ ਨੂੰ ਪਿੰਡ ਪਿੰਡ ਲੈ ਕੇ ਗਏ, ਜਿਥੇ ਲੋਕਾਂ ਨੇ ਇਨ੍ਹਾਂ ਦੀ ਖੂਬ ਪ੍ਰਸ਼ੰਸਾ ਕੀਤੀ।
ਤਰਕਸ਼ੀਲ ਸੋਸਾਇਟੀ ਉਨ੍ਹਾ ਦੇ ਇਸ ਸੰਘਰਸ਼ੀਲ ਜੀਵਨ ਨੂੰ ਸਿਰ ਝੁਕਾਉਂਦੀ ਹੈ। ਉਨ੍ਹਾਂ ਦਾ ਜੀਵਨ ਅਗਲੀਆਂ ਪੀੜ੍ਹੀਆਂ ਲਈ ਹਮੇਸ਼ਾ ਚਾਨਣ ਮੁਨਾਰੇ ਦਾ ਕੰਮ ਕਰਦਾ ਰਹੇਗਾ। ਸੁਸਾਇਟੀ ਬਾਰੇ ਜਾਣਕਾਰੀ ਲਈ ਕੋਆਰਡੀਨੇਟਰ ਬਲਰਾਜ ਸ਼ੌਕਰ (647 838 4749) ਜਾਂ ਨਛੱਤਰ ਬਦੇਸ਼ਾ (647 267 3397) ਨਾਲ ਸਪੰਰਕ ਕੀਤਾ ਜਾ ਸਕਦਾ ਹੈ।
ਅਜਮੇਰ ਔਲਖ ਦੇ ਅਕਾਲ ਚਲਾਣੇ ‘ਤੇ ਰੰਗਕਰਮੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਟੋਰਾਂਟੋ : ਨਾਟ ਸੰਸਥਾ ‘ਹੈਟਸ-ਅੱਪ’ ਟੋਰਾਂਟੋ ਦੀ ਟੀਮ ਦੇ ਸਮੂਹ ਰੰਗਕਰਮੀਆਂ ਦੀ ਇੱਕ ਜਰੂਰੀ ਸ਼ੋਕ ਇਕੱਤਰਤਾ ਬਰੈਂਪਟਨ ਵਿਖੇ ਹੋਈ ਜਿਸ ਵਿੱਚ ਲੋਕ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਹੋਰਾਂ ਦੇ ਲੰਬੀ ਬਿਮਾਰੀ ਪਿਛੋਂ 75 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਉਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕਰਦੇ ਹੋਏ ਡਾ ਹੀਰਾ ਰੰਧਾਵਾ ਨੇ ਕਿਹਾ ਕਿ ਉਹ ਔਲਖ ਸਾਹਿਬ ਨਾਲ ਵਾਹ 1988 ਤੋਂ ਰਿਹਾ ਹੈ ਜਿਨ੍ਹਾਂ ਦੇ ਨਾਟਕ ਵੇਖੇ ਵੀ ਅਤੇ ਖ਼ੇਡੇ ਵੀ ਇਸੇ ਦੌਰਾਨ ਉਹਨਾਂ ਨਾਲ ਹੋਈਆਂ ਮਿਲਣੀਆਂ ਵਿੱਚ ਬਹੁਤ ਕੁਝ ਸਿੱਖਿਆ। ਭਾਵੁਕ ਹੁੰਦਿਆਂ ਉਹਨਾਂ ਕਿਹਾ ਕਿ ਬੜਾ ਔਖਾ ਲੱਗਦਾ ਹੈ ਔਲਖ ਸਾਹਿਬ ਨੂੰ ਹਨ ਤੋਂ ਸੀ ਕਹਿਣਾ ਪਰ ਇਸ ਦੁਨੀਆਂ ਵਿੱਚ ਆਉਣਾ ਜਾਣਾ ਵੀ ਅਟੱਲ ਸਚਾਈ ਹੈ। ਉਹ ਅਜਿਹੇ ਇਨਸਾਨ ਸਨ ਜਿਨ੍ਹਾਂ ਨੇ ਪੂਰੀ ਜ਼ਿੰਦਗ਼ੀ ਨਾਟਕਾਂ ਰਾਹੀਂ ਆਮ ਲੋਕਾਂ ਦੇ ਹੱਕ ਵਿੱਚ ਜ਼ਿਆਦਤੀਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਹ ਜਿਸਮਾਨੀ ਤੌਰ ‘ਤੇ ਭਾਵੇਂ ਸਾਥੋਂ ਵਿਛੜ ਗਏ ਹਨ ਪਰ ਆਪਣੀਆਂ ਨਾਟ ਰਚਨਾਵਾਂ ਅਤੇ ਰੰਗਮੰਚ ਸਫ਼ਰ ਤੇ ਹਮੇਸ਼ਾਂ ਸਾਡੇ ਅੰਗ ਸੰਗ ਰਹਿੰਦਿਆਂ ਸਾਡੇ ਦਿਲਾਂ ਵਿੱਚ ਵਸਦੇ ઠਰਹਿਣਗੇ। ਉਹਨਾਂ ਦੁਆਰਾ ਰੰਗਮੰਚ ਦੇ ਰਾਹ ਤੇ ਪਾਈਆਂ ਵਿਲੱਖਣ ਪੈੜਾਂ ਹਮੇਸ਼ਾਂ ਸਾਡਾ ਰਾਹ ਰੁਸ਼ਨਾਉਂਦੀਆਂ ਰਹਿਣਗੀਆਂ। ਕੁਲਵਿੰਦਰ ਖ਼ਹਿਰਾ ਨੇ ਕਿਹਾ ਕਿ ਭਾਅਜੀ ਗੁਰਸ਼ਰਨ ਸਿੰਘ ਹੋਰਾਂ ਦੇ ਜਾਣ ਪਿਛੋਂ ਪ੍ਰੋ ਅਜਮੇਰ ਔਲਖ ਹੋਰੀਂ ਹੀ ਅਜਿਹੇ ਵੱਡੇ ਨਾਟਕਕਾਰ ਸਨ ਜਿਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਲੋਕ ਪੱਖੀ ਰੰਗਮੰਚ ਖ਼ੇਤਰ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਹੈ। ਔਲਖ ਸਾਹਿਬ ਨੇ ਆਪਣੀ ਜੀਵਨ ਅਤੇ ਰੰਗਮੰਚ ਸਾਥਣ ਮਨਜੀਤ ਔਲਖ ਸਮੇਤ ਕੈਨੇਡਾ ਵਿੱਚ ਐਡਮਿੰਟਨਵਿਖੇ ਇੱਕ ਵਾਰ ਅਤੇ ਟੋਰਾਂਟੋ ਵਿਖੇ ਦੋ ਵਾਰ ਆ ਕੇ ਆਪਣੇ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਿਨ੍ਹਾਂ ਨੂੰ ਲੋਕ ਹਮੇਸ਼ਾਂ ਯਾਦ ਰਖਣਗੇ। ਇਸ ਸ਼ੋਕ ਇਕੱਤਰਤਾ ਵਿੱਚ ਹੋਰਾਂ ਤੋਂ ਬਿਨਾਂ ਪ੍ਰਿੰਸੀਪਲ ਸੁਖਚੈਨ ਢਿਲੋਂ, ਪਰਮਜੀਤ ਦਿਓਲ, ਬਲਜੀਤ ਰੰਧਾਵਾ, ਮਨੂ ਦਿਓਲ, ਰਾਬੀਆ, ਕਰਮਜੀਤ ਗਿੱਲ, ਸ਼ਿੰਗਾਰਾ ਸਮਰਾ, ਤਰੁਨ ਵਾਲੀਆ, ਵਿਵੇਕ ਵਾਲੀਆ, ਡੈਵਿਡ ਸੰਧੂ, ਰਿੰਟੂ ਭਾਟੀਆ, ਸੁੰਦਰਪਾਲ ਰਾਜਾਸਾਂਸੀ, ਜੋਅ ਸੰਘੇੜਾ, ਭੁਪਿੰਦਰ ਸਿੰਘ, ਕਮਲ ਸ਼ਰਮਾ, ਤੀਰਥ ਦਿਓਲ, ਡਾ ਕੰਵਲਜੀਤ ਕੌਰ ਢਿਲੋਂ, ਹਰਨੇਕ ਰੰਧਾਵਾ, ਕੰਵਰਜੋਤ ਦਿਓਗਨ, ਸ਼ਿਵਰਾਜ ਸੰਨੀ, ਇਕਬਾਲ ਬਰਾੜ, ਆਦਿ ਵੀ ਸ਼ਾਮਿਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …