ਡਾਊਨਟਾਊਨ ਟੋਰਾਂਟੋ ਦੇ ਸਬਵੇਅ ਸਟੇਸ਼ਨ ਉੱਤੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ 21 ਸਾਲਾ ਭਾਰਤੀ ਵਿਦਿਆਰਥੀ ਦੀ ਯਾਦ ਵਿੱਚ ਐਤਵਾਰ ਨੂੰ ਵਿਜਿਲ ਦਾ ਆਯੋਜਨ ਕੀਤਾ ਗਿਆ। ਚਾਰ ਮਹੀਨੇ ਪਹਿਲਾਂ ਹੀ ਕੈਨੇਡਾ ਪਹੁੰਚੇ ਤੇ ਸੈਨੇਕਾ ਕਾਲਜ ਵਿੱਚ ਮਾਰਕਿਟਿੰਗ ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਕੁਲੀਗਜ਼ ਵੱਲੋਂ ਨਥਾਨ ਫਿਲਿਪ ਸਕੁਏਅਰ ਉੱਤੇ ਕੁੱਝ ਪਲ ਦਾ ਮੌਨ ਧਾਰਕੇ ਉਸ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਸੈਨੇਕਾ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਰਿਤਿਕ ਸ਼ਰਮਾ ਨੇ ਆਖਿਆ ਕਿ ਉਹ ਖੁਦ ਇੰਟਰਨੈਸ਼ਨਲ ਵਿਦਿਆਰਥੀ ਹੈ, ਤੇ ਇਸ ਘਟਨਾ ਦਾ ਉਸ ਸਮੇਤ ਕਈ ਇੰਟਰਨੈਸ਼ਨਲ ਵਿਦਿਆਰਥੀਆਂ ਉੱਤੇ ਡੂੰਘਾ ਅਸਰ ਪਿਆ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਆਉਣ ਲਈ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਘਟਨਾ ਤੋਂ ਬਾਅਦ ਵਿਾਦਆਰਥੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।
ਵੀਰਵਾਰ ਸ਼ਾਮ ਨੂੰ ਜਦੋਂ ਟੋਰਾਂਟੋ ਦੇ ਸੇਂਟ ਜੇਮਜ਼ ਟਾਊਨ ਨੇੜੇ ਸ਼ੇਰਬਰਨ ਸਬਵੇਅ ਸਟੇਸ਼ਨ ਦੇ ਬਾਹਰ ਇਹ ਘਟਨਾ ਵਾਪਰੀ ਤਾਂ ਵਾਸੂਦੇਵ ਆਪਣੇ ਕੰਮ ਉੱਤੇ ਜਾ ਰਿਹਾ ਸੀ।ਇੱਕ ਆਫ ਡਿਊਟੀ ਪੈਰਾਮੈਡਿਕ ਨੇ ਕਾਰਤਿਕ ਨੂੰ ਮੌਕੇ ਉੱਤੇ ਫਰਸਟ ਏਡ ਵੀ ਦਿੱਤੀ ਤੇ ਫਿਰ ਉਸ ਨੂੰ ਸੇਂਟ ਮਾਈਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਸਬੰਧ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਮਸ਼ਕੂਕ ਬਲੈਕ ਵਿਅਕਤੀ ਹੈ, ਜੋ ਪੰਜ ਫੁੱਟ ਛੇ ਤੋਂ ਸੱਤ ਇੰਚ ਲੰਮਾਂ ਹੈ ਤੇ ਜਿਸ ਦੀ ਕੱਦਕਾਠੀ ਦਰਮਿਆਨੀ ਹੈ। ਉਸ ਨੂੰ ਆਖਰੀ ਵਾਰੀ ਹੈਂਡਗੰਨ ਦੇ ਨਾਲ ਹੌਵਰਡ ਸਟਰੀਟ ਉੱਤੇ ਗਲੈਨ ਰੋਡ ਦੇ ਦੱਖਣ ਵੱਲ ਜਾਂਦਿਆਂ ਵੇਖਿਆ ਗਿਆ।
ਇਸ ਸਮੇਂ ਵਾਸੂਦੇਵ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ਲਈ ਕੌਂਸੂਲੇਟ ਜਨਰਲ ਆਫ ਇੰਡੀਆ ਉਸ ਦੇ ਪਰਿਵਾਰ ਨਾਲ ਤਾਲਮੇਲ ਕਰਕੇ ਕੰਮ ਕਰ ਰਿਹਾ ਹੈ। ਪਰਿਵਾਰ ਦੀ ਮਦਦ ਲਈ 50,000 ਡਾਲਰ ਇੱਕਠੇ ਕਰਨ ਵਾਸਤੇ ਗੋ ਫੰਡ ਮੀ ਪੇਜ ਕਾਇਮ ਕੀਤਾ ਗਿਆ ਹੈ। ਖਬਰ ਲਿਖੇ ਜਾਣ ਤੱਕ 25,000 ਡਾਲਰ ਇੱਕਠੇ ਵੀ ਕੀਤੇ ਜਾ ਚੁੱਕੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।