ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ’ਚ 12 ਕੁਆਰਡੀਨੇਟਰ ਕੀਤੇ ਨਿਯੁਕਤ
ਸੰਦੀਪ ਪਾਠਕ ਵੱਲੋਂ ਨਿਯੁਕਤੀ ਸਬੰਧੀ ਹੁਕਮ ਕੀਤੇ ਗਏ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਚੰਡੀਗੜ੍ਹ ’ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ ਚੰਡੀਗੜ੍ਹ ’ਚ 12 ਨਵੇਂ ਕੁਆਰਡੀਨੇਟਰ ਨਿਯੁਕਤ ਕੀਤੇ ਗਏ ਹਨ ਤਾਂ ਜੋ ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾ ਸਕੇ। ਪਾਰਟੀ ਨੇ ਪਰਮਿੰਦਰ ਸਿੰਘ ਗੋਲਡੀ, ਗੋਵਿੰਦਰ ਮਿੱਤਲ, ਅਮਿਤ ਜੈਨ, ਸੁਭਾਸ਼ ਸ਼ਰਮਾ, ਕਰਮਜੀਤ ਚੌਹਾਨ, ਨਵਦੀਪ ਟੋਨੀ, ਅਸ਼ੋਕ ਸਿਰਸਵਾਲ, ਗੌਰਵ ਅਰੋੜਾ, ਧਰਮਿੰਦਰ ਲਾਂਬਾ, ਰਮਨ ਚੰਡੀ, ਐਡਵੋਕੇਟ ਰਵਿੰਦਰ ਸਿੰਘ ਅਤੇ ਹਰਪ੍ਰੀਤ ਕਾਹਲੋਂ ਨੂੰ ਕੋਆਰਡੀਨੇਟਰ ਨਿਯੁਕਤੀ ਕੀਤਾ ਗਿਆ। ਇਨ੍ਹਾਂ ਕੁਆਰਡੀਨੇਟਰਾਂ ਦੀ ਨਿਯੁਕਤੀ ਸਬੰਧੀ ਹੁਕਮ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ, ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ’ਚ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਡਾ. ਸਨੀ ਆਹਲੂਵਾਲੀਆ ਵੱਲੋਂ ਕੀਤੇ ਗਏ ਹਨ। ਇਸ ਮੌਕੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਚੰਡੀਗੜ੍ਹ ’ਚ ਪਾਰਟੀ ਨੂੰ ਮਜ਼ਬੂਤ ਕਰਨਾ ਹੋਵੇਗਾ ਅਤੇ ਜਦੋਂ ਪਾਰਟੀ ਦਾ ਢਾਂਚਾ ਮਜ਼ਬੂਤ ਹੋਵੇਗਾਾ ਤਾਂ ਪਾਰਟੀ ਆਪਣੇ ਆਪ ਹੀ ਚੋਣ ਜਿੱਤ ਜਾਵੇਗੀ।