ਗੰਗੋਤਰੀ, ਯਮੁਨੋਤਰੀ ਦੇ ਕਪਾਟ ਵੀ ਖੁੱਲ੍ਹੇ, ਬਦਰੀਨਾਥ ਮੰਦਿਰ ਦੇ 12 ਮਈ ਤੋਂ ਹੋਣਗੇ ਦਰਸ਼ਨ
ਉਤਰਾਖੰਡ/ਬਿਊਰੋ ਨਿਊਜ਼ : ਉਤਰਾਖੰਡ ਸਥਿਤ ਚਾਰ ਧਾਮਾਂ ਦੀ ਯਾਤਰਾ ਅੱਜ ਕੇਦਾਰਨਾਥ, ਗੰਗੋਤਰੀ ਅਤੇ ਯਮਨੋਤਰੀ ਦੇ ਕਪਾਟ ਖੁੱਲ੍ਹਣ ਤੋਂ ਬਾਅਦ ਸ਼ੁਰੂ ਹੋ ਗਈ। ਜਦਕਿ ਬਦਰੀਨਾਥ ਮੰਦਿਰ ਦੇ ਕਪਾਟ 12 ਮਈ ਨੂੰ ਖੁੱਲ੍ਹਣਗੇ, ਜਿਸ ਤੋਂ ਬਾਅਦ ਸ਼ਰਧਾਲੂ ਮੰਦਿਰ ਦੇ ਦਰਸ਼ਨ ਕਰ ਸਕਣਗੇ। ਕੇਦਾਰਨਾਥ, ਗੰਗੋਤਰੀ ਅਤੇ ਯਮਨੋਤਰੀਂ ਧਾਮਾਂ ਦੇ ਕਪਾਟ ਸਵੇਰੇ ਸੱਤ ਵਜੇ ਖੁੱਲ੍ਹੇ ਅਤੇ ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਆਪਣੀ ਪਤਨੀ ਸਮੇਤ ਕੇਦਾਰਨਾਥ ਜੀ ਦੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਦੇਸ਼ ਅਤੇ ਸੂਬੇ ਦੀ ਖੁਸ਼ਹਾਲੀ ਲਈ ਕਾਮਨਾ ਕੀਤੀ। ਕਪਾਟ ਖੋਲ੍ਹਣ ਸਮੇਂ ਹੈਲੀਕਾਪਟਰ ਰਾਹੀਂ ਸ਼ਰਧਾਲੂਆਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਮੰਦਿਰ ਨੂੰ ਫੁੱਲਾਂ ਨਾਲ ਬੜੇ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਇਨ੍ਹਾਂ ਧਾਮਾਂ ’ਤੇ ਦਿਨ ਦਾ ਤਾਪਮਾਨ 0 ਤੋਂ 3 ਡਿਗਰੀ ਦਰਜ ਕੀਤਾ ਗਿਆ ਜਦਕਿ ਰਾਤ ਦਾ ਤਾਪਮਾਨ ਮਾਈਨਸ ’ਚ ਪਹੁੰਚ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਸ਼ਰਧਾਲੂ ਪਹੁੰਚ ਰਹੇ ਹਨ।