
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਇਸ ਨੂੰ ਗੋਗੀ ਦਾ ਅਪਮਾਨ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸਿੱਖਿਆ ਕ੍ਰਾਂਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਮੁਹਿੰਮ ਤਹਿਤ ਲੁਧਿਆਣਾ ਉਪ ਚੋਣ ਲੜ ਰਹੇ ‘ਆਪ’ ਦੇ ਸੰਜੀਵ ਅਰੋੜਾ ਵੱਲੋਂ ਇਕ ਸਕੂਲ ਦਾ ਉਦਾਘਟਨ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ’ਚ ਸਰਗਰਮੀ ਤੇਜ਼ ਹੋ ਗਈ ਹੈ। ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਇਸ ਸਕੂਲ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਗਈਆਂ। ਜਿਸ ’ਚ ਉਨ੍ਹਾਂ ਵੱਲੋਂ ਦਿਖਾਇਆ ਗਿਆ ਹੈ ਕਿ ਇਹ ਉਹੀ ਸਕੂਲ ਹੈ ਜਿਸ ਦਾ ਉਦਘਾਟਨ ਸਵਰਗੀ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਕੀਤਾ ਗਿਆ ਸੀ। ਪਰਗਟ ਸਿੰਘ ਨੇ ਇਸ ਨੂੰ ਸਵਰਗੀ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਅਪਮਾਨ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਐਨਜੀਓ ਵੱਲੋਂ ਇਹ ਕਲਾਸਾਂ ਬਣਵਾਈਆਂ ਗਈਆਂ ਸਨ, ਉਨ੍ਹਾਂ ਦਾ ਨਾਂ ਇਸ ਨੀਂਹ ਪੱਥਰ ਤੋਂ ਹਟਾ ਦਿੱਤਾ ਗਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਇਹ ਕੋਈ ਸਿੱਖਿਆ ਕ੍ਰਾਂਤੀ ਨਹੀਂ ਬਲਕਿ ਇਹ ਤਾਂ ਨੀਂਹ ਪੱਥਰਾਂ ਦੀ ਰਾਜਨੀਤੀ ਹੋ ਰਹੀ ਹੈ।

