-10.3 C
Toronto
Friday, December 12, 2025
spot_img
Homeਪੰਜਾਬਬਹਿਬਲ ਕਾਂਡ: ਚਸ਼ਮਦੀਦਾਂ ਨੇ ਪੁਲਿਸ 'ਤੇ ਲਾਏ ਸੱਚ ਬੋਲਣ ਤੋਂ ਰੋਕਣ ਦੇ...

ਬਹਿਬਲ ਕਾਂਡ: ਚਸ਼ਮਦੀਦਾਂ ਨੇ ਪੁਲਿਸ ‘ਤੇ ਲਾਏ ਸੱਚ ਬੋਲਣ ਤੋਂ ਰੋਕਣ ਦੇ ਦੋਸ਼

BEHBAL-KALAN News copy copyਪੜਤਾਲੀਆ ਕਮਿਸ਼ਨ ਨੇ ਜਾਂਚ ਵਿਚ ਦੇਰੀ ਲਈ ਪੰਥਕ ਪ੍ਰਚਾਰਕਾਂ ਨੂੰ ਦੱਸਿਆ ਜ਼ਿੰਮੇਵਾਰ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਕਮਿਸ਼ਨ ਸਾਹਮਣੇ ਪੇਸ਼ ਹੋਣ ਆਏ ਗੋਲੀ ਕਾਂਡ ਦੇ ਪੀੜਤਾਂ ਅਤੇ ਚਸ਼ਮਦੀਦਾਂ ਨੇ ਕਿਹਾ ਕਿ ਪੁਲਿਸ ਕਥਿਤ ਤੌਰ ‘ਤੇ ਉਨ੍ਹਾਂ ਨੂੰ ਸੱਚ ਬੋਲਣ ਤੋਂ ਰੋਕਦੀ ਰਹੀ ਹੈ। ਪੁਲਿਸ ਉਨ੍ਹਾਂ ਨੂੰ ਕਮਿਸ਼ਨ ਕੋਲ ਪਹੁੰਚਣ ਤੋਂ ਰੋਕਣ ਲਈ ਧਮਕਾਉਂਦੀ ਵੀ ਰਹੀ। ਦੂਜੇ ਪਾਸੇ ਕਮਿਸ਼ਨ ਨੇ ਜਾਂਚ ਵਿੱਚ ਹੋ ਰਹੀ ਦੇਰੀ ਸਬੰਧੀ ਪੰਥਕ ਪ੍ਰਚਾਰਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਨੁਸਾਰ ਬੇਅਦਬੀ ਦੀ ਘਟਨਾ ਤੋਂ ਬਾਅਦ ਰੋਸ ਪ੍ਰਗਟ ਕਰ ਰਹੀ ਸੰਗਤ ਦੀ ਅਗਵਾਈ ਕਰ ਰਹੇ ਪੰਥਕ ਪ੍ਰਚਾਰਕ ਮਾਮਲੇ ਦੀ ਗਵਾਹੀ ਵਾਸਤੇ ਪੇਸ਼ ਨਹੀਂ ਹੋਏ। 15 ਪੰਥ ਪ੍ਰਚਾਰਕਾਂ ਵਿਚੋਂ ਕੇਵਲ ਤਿੰਨ ਨੇ ਆਪਣੇ ਬਿਆਨ ਦਰਜ ਕਰਵਾਏ ਹਨ।
ਬਹਿਬਲ ਕਾਂਡ ਦੇ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਪੁਲਿਸ ਅਫ਼ਸਰਾਂ ਦੀ ਸ਼ਨਾਖ਼ਤ ਕਰ ਲਈ ਹੈ। ਇਸ ਦੇ ਬਾਵਜੂਦ ਪੁਲਿਸ ਅਫ਼ਸਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ। ਚਸ਼ਮਦੀਦਾਂ ਅਨੁਸਾਰ ਐਸਐਸਪੀ ਰੈਂਕ ਦੇ ਕਈ ਅਧਿਕਾਰੀ ਮੌਕੇ ‘ਤੇ ਮੌਜੂਦ ਸਨ। ਇਨ੍ਹਾਂ ਅਫ਼ਸਰਾਂ ਦੇ ਗੰਨਮੈਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਠੁੱਡੇ ਮਾਰਦੇ ਰਹੇ। ਉਨ੍ਹਾਂ ਕਿਹਾ ਕਿ ਮੌਕੇ ‘ਤੇ 400 ਦੇ ਕਰੀਬ ਪੁਲਿਸ ਕਰਮਚਾਰੀ ਮੌਜੂਦ ਸਨ ਅਤੇ ਸਾਰਿਆਂ ਕੋਲ ਹਥਿਆਰ ਸਨ। ਚਸ਼ਮਦੀਦਾਂ ਨੇ ਕਿਹਾ ਕਿ ਮੌਕੇ ‘ਤੇ ਮੌਜੂਦ ਸਿੱਖ ਸੰਗਤ ਕੋਲ ਕੋਈ ਵੀ ਹਥਿਆਰ ਨਹੀਂ ਸੀ। ਮਾਮਲੇ ਦੀ ਜਾਂਚ ਲਈ ਕਮਿਸ਼ਨ ਨੇ ਗੋਲੀ ਕਾਂਡ ਦੇ ਪੀੜਤਾਂ ਅਤੇ ਚਸ਼ਮਦੀਦਾਂ ਨੂੰ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਗਵਾਹੀ ਲਈ ਸੱਦਿਆ ਸੀ। ਇਨ੍ਹਾਂ ਪੀੜਤਾਂ ਅਤੇ ਚਸ਼ਮਦੀਦਾਂ ਨੇ 32 ਹਲਫੀਆ ਬਿਆਨ ਜ਼ੋਰਾ ਸਿੰਘ ਮਾਨ ਕਮਿਸ਼ਨ ਨੂੰ ਸੌਂਪੇ ਤੇ ਕਮਿਸ਼ਨ ਨੇ 6 ਚਸ਼ਮਦੀਦਾਂ ਤੋਂ ਪੁੱਛ ਪੜਤਾਲ ਕੀਤੀ। ਇਨ੍ਹਾਂ ਵਿੱਚ ਗੋਲੀ ਕਾਂਡ ਦਾ ਪੀੜਤ ਨੌਜਵਾਨ ਹਰਜਿੰਦਰ ਸਿੰਘ ਅਤੇ ਅੰਗਰੇਜ਼ ਸਿੰਘ ਵੀ ਸ਼ਾਮਲ ਸਨ। ਹਰਜਿੰਦਰ ਸਿੰਘ ਵਾਸੀ ਗੁਰੂਸਰ ਨੇ ਦੱਸਿਆ ਕਿ ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ।
ਪੁਲਿਸ ਨੇ ਪਹਿਲਾਂ ਲਾਠੀਚਾਰਜ ਕੀਤਾ ਅਤੇ ਫਿਰ ਅਚਾਨਕ ਗੋਲੀ ਚਲਾ ਦਿੱਤੀ। ਇਸ ਦੌਰਾਨ ਇੱਕ ਗੋਲੀ ਉਸ ਦੇ ਖੱਬੇ ਪੈਰ ਵਿਚ ਲੱਗੀ, ਜਿਸ ਕਰਨ ਪੈਰ ਦੀ ਇੱਕ ਉਂਗਲੀ ਕੱਟੀ ਗਈ।
ਉਸ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਤੌਰ ‘ਤੇ ਕਰੀਬ 500 ਗੋਲੀਆਂ ਚਲਾਈਆਂ ਤੇ ਟਰਾਲੀਆਂ ਅਤੇ ਮੋਟਰਸਾਈਕਲਾਂ ਨੂੰ ਵੀ ਅੱਗ ਲਗਾ ਦਿੱਤੀ। ਗੋਲੀ ਨਾਲ ਜ਼ਖ਼ਮੀ ਹੋਏ ਅੰਗਰੇਜ਼ ਸਿੰਘ ਨੇ ਦੱਸਿਆ ਕਿ ਛੱਰੇ ਉਸ ਦੀ ਸੱਜੇ ਮੋਢੇ ਕੋਲ ਵੱਜੇ। ਉਸ ਨੇ ਕਿਹਾ ਕਿ ਪੁਲਿਸ ਨੇ ਅੰਨ੍ਹੇਵਾਹ ਲਾਠੀਆਂ ਵਰ੍ਹਾਈਆਂ ਅਤੇ ਫਿਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਚਸ਼ਮਦੀਦ ਹਾਕਮ ਸਿੰਘ ਨੇ ਕਿਹਾ ਕਿ 13 ਅਕਤੂਬਰ ਨੂੰ ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਸਨ ਅਤੇ ਪੁਲਿਸ ਨੇ ਬਿਨਾਂ ਚੇਤਾਵਨੀ ਦਿੱਤੇ ਗੋਲੀ ਚਲਾ ਦਿੱਤੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਮਰ ਸਿੰਘ ਚਹਿਲ ਅਤੇ ਹਰਪਾਲ ਸਿੰਘ ਚੀਮਾ ਵੀ ਚਸ਼ਮਦੀਦਾਂ ਦੇ ਨਾਲ ਸਨ। ਪੰਜਾਬ ਸਰਕਾਰ ਨੇ 12 ਅਕਤੂਬਰ 2015 ਨੂੰ ਬਰਗਾੜੀ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ 14 ਅਕਤੂਬਰ ਨੂੰ ਪਿੰਡ ਬਹਿਬਲ ਕਲਾਂ ਵਿੱਚ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਨੌਜਵਾਨਾਂ ਦੇ ਮਾਮਲੇ ਦੀ ਜਾਂਚ ਵਾਸਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਜ਼ੋਰਾ ਸਿੰਘ ਦੇ ਆਧਾਰ ‘ਤੇ ਕਮਿਸ਼ਨ ਦਾ ਗਠਨ ਕੀਤਾ ਸੀ। ਕਮਿਸ਼ਨ ਦਾ ਕਹਿਣਾ ਹੈ ਕਿ ਹਲਫੀਆ ਬਿਆਨ ਦਰਜ ਕਰ ਲਏ ਹਨ ਤੇ ਪੁਲਿਸ ਕਰਮਚਾਰੀਆਂ ਦੇ ਵੀ ਹਲਫੀਆ ਬਿਆਨ ਲਏ ਜਾ ਰਹੇ ਹਨ। ਦੋਵਾਂ ਪੱਖਾਂ ਤੋ ਜਾਂਚ ਕਰਨ ਤੋਂ ਬਾਅਦ ਅੰਤਿਮ ਰਿਪੋਰਟ ਤਿਆਰ ਕੀਤੀ ਜਾਵੇਗੀ।
ਸਿੱਖ ਪ੍ਰਚਾਰਕਾਂ ਨੇ ਦਰਜ ਨਹੀਂ ਕਰਵਾਏ ਬਿਆਨ
ਜਾਂਚ ਰਿਪੋਰਟ ਵਿੱਚ ਹੋਈ ਦੇਰੀ ਬਾਰੇ ਕਮਿਸ਼ਨ ਨੇ ਕਿਹਾ ਕਿ ਘਟਨਾਵਾਂ ਦੀ ਜਾਂਚ ਕਰਨ ਵਾਸਤੇ ਪੰਥ ਪ੍ਰਚਾਰਕਾਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਅਮਰੀਕ ਸਿੰਘ ਅਜਨਾਲਾ, ਰਾਜਿੰਦਰ ਸਿੰਘ ਮਾਝੀ, ਸਰਭਜੀਤ ਸਿੰਘ, ਗਿਆਨੀ ਕੇਵਲ ਸਿੰਘ, ਅਵਤਾਰ ਸਿੰਘ ਸਾਦੇਵਾਲਾ, ਦਲੇਰ ਸਿੰਘ ਖੇੜੀ, ਇੰਦਰਜੀਤ ਸਿੰਘ, ਸੁਖਜੀਤ ਸਿੰਘ ਖੋਸਾ, ਸੁੱਖਵਿੰਦਰ ਸਿੰਘ ਮੌਜੂ ਖਹਿਰਾ ਅਤੇ ਗੁਰਪ੍ਰੀਤ ਸਿੰਘ ਢੱਡਰੀਆਂ ਦੇ ਬਿਆਨ ਜ਼ਰੂਰੀ ਹਨ, ਪਰ ਇਨ੍ਹਾਂ ਧਾਰਮਿਕ ਤੇ ਸਮਾਜਕ ਆਗੂਆਂ ਨੇ ਆਪਣੇ ਬਿਆਨ ਦਰਜ ਨਹੀਂ ਕਰਵਾਏ। ਸਿੱਖ ਆਗੂ ਸਤਨਾਮ ਸਿੰਘ ਚੰਦਰ, ਹਰਜੀਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਹੀ ਬਿਆਨ ਦਰਜ ਕਰਵਾਏ ਹਨ।

RELATED ARTICLES
POPULAR POSTS