ਚੰਨੀ ਨੇ ਹੁਣ 4 ਅਕਤੂਬਰ ਨੂੰ ਬੁਲਾਈ ਕੈਬਨਿਟ ਦੀ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਦਰਮਿਆਨ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪੰਜਾਬ ਕਾਂਗਰਸ ਭਵਨ ਵਿਖੇ ਮੀਟਿੰਗ ਹੋਈ ਹੈ। ਮੀਟਿੰਗ ਦੌਰਾਨ ਕੀ ਗੱਲਬਾਤ ਹੋਈ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਪ੍ਰੰਤੂ ਸਿੱਧੂ ਦੀ ਪ੍ਰਧਾਨਗੀ ਬਰਕਰਾਰ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਚੰਨੀ ਨੇ ਹੁਣ ਕੈਬਨਿਟ ਦੀ ਮੀਟਿੰਗ ਆਉਂਦੀ 4 ਅਕਤੂਬਰ ਨੂੰ ਸੱਦੀ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਮਸਲਾ ਸੁਲਝਾਉਣ ਲਈ ਹਾਲੇ 5-7 ਦਿਨ ਲੱਗਣਗੇ। ਤੁਹਾਨੂੰ ਦੱਸ ਦੇਈਏ ਕਿ ਲੰਘੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ’ਚ ਇਕ ਵਾਰ ਫਿਰ ਤੋਂ ਵਿਵਾਦ ਸ਼ੁਰੂ ਹੋ ਗਿਆ ਸੀ। ਸਿੱਧੂ ਨੇ ਆਰੋਪ ਲਗਾਇਆ ਸੀ ਕਿ ਰਾਜ ਸਰਕਾਰ ’ਚ ਕਈ ਅਹੁਦਿਆਂ ’ਤੇ ਦਾਗੀਆਂ ਦੀ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ’ਚ ਕੈਬਨਿਟ ਮੰਤਰੀ, ਐਡਵੋਕੇਟ ਜਨਰਲ, ਡੀਜੀਪੀ ਦਾ ਨਾਂ ਵੀ ਸ਼ਾਮਿਲ ਸੀ। ਇਨ੍ਹਾਂ ਨਿਯੁਕਤੀਆਂ ਦੇ ਮਾਮਲੇ ਵਿਚ ਸਿੱਧੂ ਦੀ ਸੁਣਵਾਈ ਨਾ ਹੋਣ ਦੇ ਚਲਦਿਆਂ ਉਨ੍ਹਾਂ ਨੇ ਆਪਣਾ ਅਸਤੀਫ਼ਾ ਹਾਈ ਕਮਾਂਡ ਨੂੰ ਭੇਜ ਦਿੱਤਾ ਸੀ, ਜਿਸ ਨੂੰ ਹਾਲੇ ਤੱਕ ਸਵੀਕਾਰ ਨਹੀਂ ਕੀਤਾ ਗਿਆ।