ਪੰਜਾਬ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1500 ਨੂੰ ਢੁੱਕੀ
ਚੰਡੀਗੜ੍ਹ/ਬਿਊਰੋ ਨਿਊਜ਼ਕਰੋਨਾ ਵਾਇਰਸ ਨੇ ਪੰਜਾਬ ਦੀਆਂ ਜੇਲ੍ਹਾਂ ‘ਚ ਬੈਠੇ ਗੈਂਗਸਟਰਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹਥਿਆਰਾਂ ਤੇ ਹੈਰੋਇਨ ਦੇ ਕੇਸ ‘ਚ 12 ਸਾਲ ਕੈਦ ਦੀ ਸਜ਼ਾ ਕੱਟ ਰਹੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਬਟਾਲਾ ਦੇ ਐਸਐਸਪੀ ਉਪਇੰਦਰਜੀਤ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਵੱਲੋਂ ਲੰਘੀ 2 ਮਈ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸੈਂਪਲ ਲਏ ਗਏ ਸਨ, ਜਿਸ ਦੀ ਅੱਜ ਰਿਪੋਰਟ ਪੌਜੇਟਿਵ ਆਈ ਹੈ। ਉਧਰ ਅੱਜ ਤਰਨਤਾਰਨ ਜ਼ਿਲ੍ਹੇ ‘ਚ ਸਭ ਤੋਂ ਵੱਧ 47 ਨਵੇਂ ਕਰੋਨਾ ਪੀੜਤ ਸਾਹਮਣੇ ਆਏ, ਗੁਰਦਾਸਪੁਰ ਜ਼ਿਲ੍ਹੇ ‘ਚ 42, ਫਾਜ਼ਿਲਕਾ ‘ਚ 32, ਫਰੀਦਕੋਟ ‘ਚ 26, ਸੰਗਰੂਰ ‘ਚ 22, ਸ੍ਰੀ ਮੁਕਤਸਰ ਸਾਹਿਬ ‘ਚ 15, ਅੰਮ੍ਰਿਤਸਰ ‘ਚ 15, ਲੁਧਿਆਣਾ 14, ਮੋਗਾ ‘ਚ 9 ਅਤੇ ਜਲੰਧਰ ਜ਼ਿਲ੍ਹੇ 5 ਨਵੇਂ ਕਰੋਨਾ ਪੀੜਤ ਮਰੀਜ਼ ਸਾਹਮਣੇ ਆਏ। ਪੰਜਾਬ ‘ਚ ਇਨ੍ਹਾਂ ਕਰੋਨਾ ਪੀੜਤਾਂ ਦੇ ਸਾਹਮਣੇ ਆਉਣ ਨਾਲ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 1455 ਨੂੰ ਪਾਰ ਕਰ ਗਿਆ ਹੈ ਜਦਕਿ 24 ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਉਧਰ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਅੱਜ 9 ਨਵੇਂ ਕੇਸ ਸਾਹਮਣੇ ਆਉਣ ਨਾਲ ਚੰਡੀਗੜ੍ਹ ਵਿਚ ਕਰੋਨਾ ਪੀੜਤਾਂ ਦਾ ਅੰਕੜਾ 111 ਨੂੰ ਪਾਰ ਕਰ ਚੁੱਕਿਆ ਹੈ।