Breaking News
Home / ਪੰਜਾਬ / ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੀ ਡਾਕ ਟਿਕਟ ਪਹਿਲੀ ਵਾਰ 1935 ‘ਚ ਹੋਈ ਸੀ ਜਾਰੀ

ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੀ ਡਾਕ ਟਿਕਟ ਪਹਿਲੀ ਵਾਰ 1935 ‘ਚ ਹੋਈ ਸੀ ਜਾਰੀ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੀ ਪਹਿਲੀ ਡਾਕ ਟਿਕਟ ਸੰਨ 1935 ‘ਚ ਜਾਰੀ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਇਹ ਡਾਕ ਟਿਕਟ 6 ਮਈ, 1935 ਨੂੰ ਕਿੰਗ ਜਾਰਜ ਪੰਜਵੇਂ ਦੇ ਸ਼ਾਸਨ ਦੇ 25 ਸਾਲ ਪੂਰੇ ਹੋਣ ਮੌਕੇ ‘ਤੇ ਜਾਰੀ ਕੀਤੀ ਗਈ ਸੀ। ਕਿੰਗ ਜਾਰਜ ਦੇ ਸਿਲਵਰ ਜੁਬਲੀ ਸਮਾਗਮਾਂ ਨੂੰ ਸਮਰਪਿਤ ਇਸ ਸਾਢੇ ਤਿੰਨ ਆਨੇ ਵਾਲੀ ਡਾਕ ਟਿਕਟ ‘ਤੇ ਸਭ ਤੋਂ ਉੱਪਰ ‘ਇੰਡੀਆ ਪੋਸਟੇਜ’ ਅਤੇ ਹੇਠਾਂ ‘ਸਿਲਵਰ ਜੁਬਲੀ ਕਮੇਮਰੈਸ਼ਨ’ ਲਿਖਿਆ ਹੋਇਆ ਸੀ, ਜਦੋਂਕਿ ਵਿਚਕਾਰ ਸ੍ਰੀ ਹਰਮਿੰਦਰ ਸਾਹਿਬ ਦੀ ਬਲੈਕ ਐਂਡ ਵਾਈਟ ਤਸਵੀਰ ਬਣੀ ਹੋਈ ਹੈ। ਇਸ ਡਾਕ ਟਿਕਟ ‘ਤੇ ਜਾਰਜ ਪੰਚਮ ਦੀ ਤਾਜ ਪਹਿਨੇ ਦੀ ਤਸਵੀਰ ਵੀ ਮੌਜੂਦ ਹੈ।
ਦੱਸਣਯੋਗ ਹੈ ਕਿ 15 ਅਗਸਤ, 1947 ਨੂੰ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 21 ਨਵੰਬਰ 1947 ਨੂੰ ਆਜ਼ਾਦ ਭਾਰਤ ਦੀ ਪਹਿਲੀ ਡਾਕ ਟਿਕਟ ਜਾਰੀ ਕੀਤੀ ਗਈ। ਇਸ ਡਾਕ ਟਿਕਟ ‘ਤੇ ਭਾਰਤ ਦੇ ਰਾਸ਼ਟਰੀ ਝੰਡੇ ਦੀ ਤਸਵੀਰ ਬਣੀ ਹੋਈ ਸੀ ਅਤੇ ਇਸ ਦੀ ਕੀਮਤ ਸਾਢੇ ਤਿੰਨ ਆਨੇ ਸੀ, ਭਾਵ 25 ਪੈਸੇ ਤੋਂ ਵੀ ਘੱਟ। ਇਸ ਤੋਂ ਦੋ ਵਰ੍ਹੇ ਬਾਅਦ 12 ਅਗਸਤ, 1949 ਨੂੰ ਭਾਰਤੀ ਡਾਕ ਵਿਭਾਗ ਵਲੋਂ ਹਲਕੇ ਨੀਲੇ ਰੰਗ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੀ 12 ਆਨੇ ਦੀ ਕੀਮਤ ਵਾਲੀ ਡਾਕ ਟਿਕਟ ਜਾਰੀ ਕੀਤੀ ਗਈ। ਇਸ ਦਾ ਡਿਜ਼ਾਈਨ ਆਈ. ਐਮ.ਦਾਸ ਅਤੇ ਟੀ. ਆਈ. ਆਰਚਰ ਵਲੋਂ ਤਿਆਰ ਕੀਤਾ ਗਿਆ ਸੀ। ਇਸ ‘ਚ ਹੇਠਾਂ ਅੰਗਰੇਜ਼ੀ ‘ਚ ‘ਗੋਲਡਨ ਟੈਂਪਲ ਅੰਮ੍ਰਿਤਸਰ’ ਲਿਖਿਆ ਹੋਇਆ ਸੀ ਅਤੇ ਇਸ ਦੀ ਛਪਾਈ ਇੰਡੀਆ ਸਕਿਓਰਿਟੀ ਪ੍ਰੈੱਸ ਨਾਸਿਕ ਤੋਂ ਕਰਵਾਈ ਗਈ ਸੀ।ਇਸ ਤੋਂ ਬਾਅਦ 26 ਦਸੰਬਰ, 1987 ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੀ ਪਹਿਲੀ ਰੰਗਦਾਰ ਟਿਕਟ ਜਾਰੀ ਕੀਤੀ ਗਈ। 60 ਪੈਸੇ ਦੀ ਕੀਮਤ ਵਾਲੀ ਇਸ ਡਾਕ ਟਿਕਟ ‘ਤੇ ਸਭ ਤੋਂ ਉੱਪਰ ਹਿੰਦੀ ਤੇ ਹੇਠਾਂ ਅੰਗਰੇਜ਼ੀ ‘ਚ ‘ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ’ ਲਿਖਿਆ ਹੋਇਆ ਸੀ। ਜਾਣਕਾਰੀ ਅਨੁਸਾਰ ਇੰਡੀਆ ਸਕਿਓਰਿਟੀ ਪ੍ਰੈੱਸ ਨਾਸਿਕ ਤੋਂ ਇਹ 15 ਲੱਖ ਡਾਕ ਟਿਕਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ।

 

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …