Breaking News
Home / ਕੈਨੇਡਾ / ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼-ਪੁਰਬ ਨੂੰ ਸਮੱਰਪਿਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਕਵੀ-ਦਰਬਾਰ ਯਾਦਗਾਰੀ ਹੋ ਨਿਬੜਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼-ਪੁਰਬ ਨੂੰ ਸਮੱਰਪਿਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਕਵੀ-ਦਰਬਾਰ ਯਾਦਗਾਰੀ ਹੋ ਨਿਬੜਿਆ

ਓਕਵਿਲ ਵਿਚ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿਚ 174 ਕਵੀਆਂ ਤੇ ਸਰੋਤਿਆਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗਮ ਇਸ ਵਾਰ ਲੰਘੇ ਸ਼ਨੀਵਾਰ 18 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਸਹਿਯੋਗ ਨਾਲ ਓਕਵਿਲ ਸ਼ਹਿਰ ਵਿਖੇ ਕਵੀ-ਦਰਬਾਰ ਦੇ ਰੂਪ ਵਿਚ ਕਰਵਾਇਆ ਗਿਆ ਅਤੇ ਇਹ ਕਵੀ-ਦਰਬਾਰ ਬ੍ਰਹਿਮੰਡੀ-ਸ਼ਾਇਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਕੀਤਾ ਗਿਆ। ਕਵੀ-ਦਰਬਾਰ ਵਿਚ ਕਵੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਲਸਫੇ ਅਤੇ ਹੋਰ ਕਈ ਵਿਸ਼ਿਆਂ ਨਾਲ ਸਬੰਧਿਤ ਕਾਵਿ-ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਮਾਂਟਰੀਅਲ ਤੋਂ ਆਏ ਪ੍ਰਸਿੱਧ ਕਵੀ ਹਰਜਿੰਦਰ ਪੱਤੜ, ਬਰੈਂਪਟਨ ਦੀ ਜਾਣੀ-ਪਛਾਣੀ ਸ਼ਖਸੀਅਤ ਪ੍ਰਿਤਪਾਲ ਸਿੰਘ ਚੱਗਰ, ਵਿਸ਼ਵ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਅਤੇ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਪ੍ਰਧਾਨ ਡਾ. ਪਰਗਟ ਸਿੰਘ ਬੱਗਾ ਸ਼ਾਮਲ ਸਨ।
ਆਏ ਮਹਿਮਾਨਾਂ ਤੇ ਸਰੋਤਿਆਂ ਦੇ ਸਨਮਾਨ ਵਿਚ ਡਾ. ਪ੍ਰਗਟ ਸਿੰਘ ਬੱਗਾ ਵੱਲੋਂ ਕਹੇ ਗਏ ਸੁਆਗ਼ਤੀ- ਸ਼ਬਦਾਂ ਤੋਂ ਬਾਅਦ ਸਮਾਗ਼ਮ ਦੀ ਸੁਰੂਆਤ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਇਕਬਾਲ ਬਰਾੜ ਵੱਲੋਂ ਗਾਏ ਗਏ ਗੁਰੂ ਨਾਨਕ ਦੇਵ ਜੀ ਰਚਿਤ ਕਰਾਂਤੀਕਾਰੀ ਸ਼ਬਦ ”ਤੈਂ ਕੀ ਦਰਦ ਨਾ ਆਇਆ” ਨਾਲ ਕੀਤੀ।
ਗੁਰੂ ਸਾਹਿਬ ਦੀ ਬਾਣੀ ਤੇ ਸਿੱਖਿਆਵਾਂ ਨੂੰ ਅਜੋਕੇ ਸੰਦਰਭ ‘ਚ ਦਰਸਾਉਂਦੀ ਹੋਈ ਡਾ. ਬੱਗਾ ਦੀ ਭਾਵਪੂਰਤ ਸ਼ਬਦਾਵਲੀ ਦੀ ਡਾ. ਬਲਵਿੰਦਰ ਧਾਲੀਵਾਲ ਦੀ ਆਵਾਜ਼ ਵਿਚ ਕੀਤੀ ਗਈ ਰੀਕਾਰਡਿੰਗ ਨੂੰ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ। ਰਿੰਟੂ ਭਾਟੀਆ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿਚ ਗੁਰੂ ਸਾਹਿਬ ਵੱਲੋਂ ਰਚੀ ਗਈ ‘ਬ੍ਰਹਿਮੰਡੀ ਆਰਤੀ’ ਪੇਸ਼ ਕੀਤੀ ਗਈ। ਉਪਰੰਤ, ਉਪਕਾਰ ਸਿੰਘ ਵੱਲੋਂ ਸੁਰਜੀਤ ਪਾਤਰ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਮਸ਼ਹੂਰ ਕਵਿਤਾ ‘ਸਬਜ਼ ਮੰਦਰ’ ਤੇ ਪਰਮਜੀਤ ਸਿੰਘ ਗਿੱਲ ਵੱਲੋਂ ਧਾਰਮਿਕ ਗੀਤ ‘ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ’ ਪੇਸ਼ ਕੀਤੇ ਗਏ ਅਤੇ ਫਿਰ ਵਾਰੋ-ਵਾਰੀ ਭੁਪਿੰਦਰ ਦੁਲੇ, ਉਜ਼ਮਾ ਮਹਿਮੂਦ, ਕੁਲਜੀਤ ਜੰਜੂਆ, ਅਰਜਨ ਦਾਸ, ਅਜੀਤ ਹਿਰਖ਼ੀ, ਮਿਕਲੇਸ਼ਵਰ, ਰੌਸ਼ਨ ਪਾਠਕ, ਮਲੂਕ ਸਿੰਘ ਕਾਹਲੋਂ, ਜਰਨੈਲ ਮੱਲ੍ਹੀ, ਹਰਚੰਦ ਬਾਸੀ, ਗੁਰਮੇਲ ਸੱਗੂ, ਹੀਰਾ ਸਿੰਘ ਹੰਸਪਾਲ, ਸੱਤਪਾਲ ਸਿੰਘ ਕੋਮਲ, ਮਹਿੰਦਰ ਪ੍ਰਤਾਪ, ਮਕਸੂਦ ਚੌਧਰੀ, ਰਾਸ਼ਿਦ ਨਦੀਮ, ਪ੍ਰੀਤਮ ਧੰਜਲ, ਨਿਰਵੈਰ ਸਿੰਘ ਅਰੋੜਾ, ਸੁਖਦੇਵ ਸਿੰਘ ਝੰਡ, ਜੱਸੀ ਭੁੱਲਰ, ਪਰਮਜੀਤ ਢਿੱਲੋਂ, ਸੁੰਦਰਪਾਲ ਰਾਜਾਸਾਂਸੀ, ਹਰਜਿੰਦਰ ਸਿੰਘ ਭਸੀਨ, ਹਰਦਿਆਲ ਝੀਤਾ, ਅਮਰਜੀਤ ਪੰਛੀ ਅਤੇ ਕਈ ਹੋਰਨਾਂ ਵੱਲੋਂ ਮੰਚ ‘ਤੇ ਆ ਕੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਵਿਚੋਂ ਬਹੁਤੀਆਂ ਕਵਿਤਾਵਾਂ ਗੁਰੂ ਨਾਨਕ ਦੇਵ ਜੀ ਨਾਲ ਅਤੇ ਕਈ ਕਵਿਤਾਵਾਂ ਹੋਰ ਵਿਸ਼ਿਆਂ ਨਾਲ ਵੀ ਸਬੰਧਿਤ ਸਨ।
ਪ੍ਰਧਾਨਗੀ-ਮੰਡਲ ਵਿੱਚ ਸ਼ਾਮਲ ਡਾ. ਦਲਬੀਰ ਸਿੰਘ ਕਥੂਰੀਆ ਨੇ ਆਪਣੇ ਸੰਬੋਧਨ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਨੂੰ ਸਮਝਣ ਲਈ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ-ਬੋਲੀ ਪੜ੍ਹਾਉਣ ਤੇ ਸਿਖਾਉਣ ‘ਤੇ ਜ਼ੋਰ ਦਿੱਤਾ। ਪ੍ਰਿਤਪਾਲ ਸਿੰਘ ਚੱਗਰ ਨੇ ਹਾਜ਼ਰੀਨ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਮਲੀ ਰੂਪ ਵਿਚ ਅਪਨਾਉਣ ਲਈ ਕਿਹਾ। ਮਾਂਟਰੀਅਲ ਤੋਂ ਪਧਾਰੇ ਹਰਜਿੰਦਰ ਸਿੰਘ ਪੱਤੜ ਦਾ ਕਹਿਣਾ ਸੀ ਕਿ ਕਵੀ ਬਣਨ ਤੋਂ ਪਹਿਲਾਂ ਸਾਨੂੰ ਚੰਗੇ ਸਰੋਤੇ ਬਣਨ ਦੀ ਲੋੜ ਹੈ ਪਰ ਬੜੇ ਦੁੱਖ ਤੇ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਕਈ ਕਵੀ ਆਪਣੀਆਂ ਕਵਿਤਾਵਾਂ ਸੁਣਾ ਕੇ ਜਲਦੀ ਹੀ ਕਵੀ-ਦਰਬਾਰ ਵਿੱਚੋਂ ਉੱਠ ਕੇ ਚਲੇ ਜਾਂਦੇ ਹਨ ਜੋ ਠੀਕ ਨਹੀਂ ਹੈ। ਇਸ ਨਾਲ ਕਵੀ-ਦਰਬਾਰ ਦੀ ਮਰਿਆਦਾ ਭੰਗ ਹੁੰਦੀ ਹੈ ਅਤੇ ਇਸ ਦਾ ਮਾਹੌਲ ਵੀ ਖ਼ਰਾਬ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਆਪਣੀ ਇਕ ਖ਼ੂਬਸੂਰਤ ਕਵਿਤਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਕਰਨ ਅਜਾਇਬ ਸਿੰਘ ਸੰਘਾ ਵੱਲੋਂ ਭਾਵਪੂਰਤ ਸ਼ਬਦਾਂ ਵਿਚ ਆਏ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਸਮਾਗ਼ਮ ਦੇ ਅਖ਼ੀਰ ਵਿਚ ਕੈਨੇਡੀਅਨ ਪੰਜਾਬੀ ਕੌਂਸਲ ਵੱਲੋਂ ਹਰਜਿੰਦਰ ਸਿੰਘ ਪੱਤੜ ਨੂੰ ਸ਼ਾਨਦਾਰ ਪਲੇਕ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਰਲਿੰਗਟਨ ਯੂਥ ਕਲੱਬ ਦੀਆਂ ਸਰਗ਼ਰਮੀਆਂ ਅਤੇ ਇਸਦੇ ਵੱਲੋਂ ਸਮਾਜ ਪ੍ਰਤੀ ਕੀਤੀ ਜਾ ਰਹੀਆਂ ਸਾਰਥਿਕ ਸੇਵਾਵਾਂ ਬਾਰੇ ਜਾਣਕਾਰੀ ਇਸ ਦੇ ਬੁਲਾਰੇ ਮਿਕਲੇਸ਼ਵਰ ਵੱਲੋਂ ਸਾਂਝੀ ਕੀਤੀ ਗਈ ਜਿਨ੍ਹਾਂ ਵਿਚ ਲੋੜਵੰਦਾਂ ਦੀ ਸਹਾਇਤਾ ਕਰਨਾ, ਖ਼ੂਨ-ਦਾਨ ਤੇ ਅੰਗ-ਦਾਨ ਕਰਨ ਵਰਗੀਆਂ ਸੇਵਾਵਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਕਲੱਬ ਦੇ ਮੈਂਬਰਾਂ ਨੂੰ ਹਰਜਿੰਦਰ ਪੱਤੜ ਤੇ ਹੋਰ ਪਤਵੰਤਿਆਂ ਵੱਲੋਂ ਯਾਦਗਾਰੀ-ਚਿੰਨ੍ਹ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਸਮਾਗ਼ਮ ਵਿਚ ਬਰੈਂਪਟਨ ਤੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਰਪ੍ਰਸਤ ਬਲਰਾਜ ਚੀਮਾ, ਡਾ. ਸੋਹਣ ਸਿੰਘ ਪਰਮਾਰ, ਦਲਜੀਤ ਸਿੰਘ ਗੈਦੂ, ਜਰਨੈਲ ਸਿੰਘ ਮਠਾੜੂ, ਕਰਨੈਲ ਸਿੰਘ ਨਾਮਧਾਰੀ ਤੇ ਸੰਗਤ, ਜਸਪਾਲ ਦਸੂਵੀ, ਪਰਮਜੀਤ ਦਿਓਲ, ਮੇਜਰ ਸਿੰਘ ਨਾਗਰਾ, ਗੁਰਮਿੰਦਰ ਆਹਲੂਵਾਲੀਆ, ਅਵਤਾਰ ਸਿੰਘ ਸੰਧੂ, ਹਰਜਸਪ੍ਰੀਤ ਗਿੱਲ ਤੇ ਕਈ ਹੋਰਨਾਂ ਨੇ ਉਚੇਚੇ ਤੌਰ ‘ਤੇ ਇਸ ਕਵੀ-ਦਰਬਾਰ ਦੇ ਸਮਾਗਮ ਵਿਚ ਸ਼ਿਰਕਤ ਕੀਤੀ।
ਇਸ ਮੌਕੇ ਸਮਾਗਮ ਦੀਆਂ ਤਸਵੀਰਾਂ ਲੈਣ ਦੀ ਸੇਵਾ ‘ਕਰਾਊਨ ਇੰਮੀਗ੍ਰੇਸ਼ਨ ਬਰੈਂਪਟਨ’ ਦੇ ਮਾਲਕ ਤੇ ਸੰਚਾਲਕ ਰਾਜਪਾਲ ਹੋਠੀ ਵੱਲੋਂ ਬਾਖ਼ੂਬੀ ਨਿਭਾਈ ਗਈ। ਪਾਠਕ ਜਾਣਦੇ ਹਨ ਕਿ ਉਨ੍ਹਾਂ ਦਾ ਇਹ ਸ਼ੌਕ ਜਨੂੰਨ ਦੀ ਹੱਦ ਤੀਕ ਹੈ। ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਅਤੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ।

Check Also

‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ

ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …