ਟੋਰਾਂਟੋ/ਬਲਜਿੰਦਰ ਸੇਖਾ : ਬੀਤੇ ਐਤਵਾਰ ਮਿਤੀ 19 ਨਵੰਬਰ ਨੂੰ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਡਾ. ਕੁਲਜੀਤ ਸਿੰਘ ਜੰਜੂਆ ਦੀ ਪਲੇਠੀ ਕਾਵਿ ਪੁਸਤਕ ‘ਮੱਲ੍ਹਮ’ ਦੀ ਘੁੰਡ ਚੁਕਾਈ ਅਤੇ ਵਿਚਾਰ ਚਰਚਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਭਾਸ਼ਾ ਮਾਹਰ ਅਤੇ ਚਿੰਤਕ ਬਲਰਾਜ ਚੀਮਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿਸ਼ਵ ਸ਼ਾਂਤੀ ਲਈ ਅਰਦਾਸ ਨਾਲ ਕੀਤੀ ਗਈ। ਸ਼ਾਇਰ ਡਾ. ਕੁਲਜੀਤ ਸਿੰਘ ਜੰਜੂਆ ਅਤੇ ਉਨ੍ਹਾਂ ਦੀ ਸ਼ਾਇਰੀ ਸੰਬੰਧੀ ਜਾਣ-ਪਛਾਣ ਸੋਨੀਆ ਮਨਜਿੰਦਰ (ਸੰਪਾਦਕ, ਪੰਜਾਬੀ ਨਕਸ਼ ਮੈਗਜ਼ੀਨ) ਨੇ ਕਰਵਾਈ। ਇਸ ਜਾਣ-ਪਛਾਣ ਦੌਰਾਨ ਉਨ੍ਹਾਂ ਡਾ. ਜੰਜੂਆ ਦੀ ਕਾਵਿ ਪੁਸਤਕ ‘ਮੱਲ੍ਹਮ’ ਵਿਚਲੀ ਸ਼ਾਇਰੀ ਵਿੱਚ ਪੇਸ਼ ਮੂਲ ਸਰੋਕਾਰਾਂ ਬਾਰੇ ਵੀ ਗੱਲਬਾਤ ਕੀਤੀ। ਇਸੇ ਸਮੇਂ ਵੱਖ-ਵੱਖ ਸ਼ਾਇਰਾਂ/ਆਲੋਚਕਾਂ ਜਸਵੀਰ ਸ਼ਮੀਲ, ਸੁਰਜੀਤ ਕੌਰ ਟੋਰਾਂਟੋ ਅਤੇ ਭੁਪਿੰਦਰ ਦੂਲੇ ਨੇ ‘ਮੱਲ੍ਹਮ’ ਕਾਵਿ ਪੁਸਤਕ ਵਿਚਲੀ ਸ਼ਾਇਰੀ ਸੰਬੰਧੀ ਆਲੋਚਨਾ ਪਰਚੇ ਪੜ੍ਹੇ।
ਸ਼ਾਇਰ ਜਸਵੀਰ ਸ਼ਮੀਲ ਨੇ ਆਪਣੇ ਪਰਚੇ ਵਿਚ ਮਨੁੱਖ ਅਤੇ ਕੁਦਰਤ ਦੇ ਪਾਕ ਰਿਸ਼ਤੇ, ਕਲਪਨਾ ਸੁਹਜ ਨਾਲ ਮਨੁੱਖ ਦੇ ਰਿਸ਼ਤੇ, ਅਜੋਕੇ ਸ਼ਾਇਰ ਦਾ ਸਮਕਾਲੀ ਸਮੇਂ ਵਿਚ ਯੋਗਦਾਨ, ਨਵ ਪੂੰਜੀਵਾਦ ਦੇ ਮਾਰੂ ਪ੍ਰਭਾਵ ਅਤੇ ਸਮਕਾਲੀ ਰਿਸ਼ਤਿਆਂ ਦੇ ਹਵਾਲੇ ਤੈਅਤ ‘ਮੱਲ੍ਹਮ’ ਵਿਚਲੀ ਸਮੁੱਚੀ ਕਵਿਤਾ ਨੂੰ ਪੜਤਾਲਿਆ।
ਸ਼ਾਇਰਾ ਸੁਰਜੀਤ ਟੋਰਾਂਟੋ ਨੇ ‘ਮੱਲ੍ਹਮ’ ਕਾਵਿ ਦੀ ਕਾਵਿ ਭਾਸ਼ਾ ਨੂੰ ਆਧਾਰ ਬਣਾਉੰਦਿਆਂ ਆਪਣੇ ਪਰਚੇ ਵਿਚ ਇਸ ਪੁਸਤਕ ਵਿਚਲੀ ਸ਼ਾਇਰੀ ਦੇ ਅਲੰਕਾਰ, ਬਿੰਬ, ਭਾਸ਼ਾ, ਸ਼ੈਲੀ ਅਤੇ ਪ੍ਰਤੀਕ ਵਿਧਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼ਾਇਰ ਨੇ ਅਚੇਤ-ਸੁਚੇਤ ਇਸ ਕਾਵਿ ਪੁਸਤਕ ਦੀਆਂ ਕਵਿਤਾਵਾਂ ਵਿਚ ਕਾਵਿ ਭਾਸ਼ਾ ਲਈ ਜ਼ਰੂਰੀ ਤੱਤਾਂ ਨੂੰ ਧਾਰਨ ਕਰਕੇ ਕਾਵਿ ਸੁਹਜ ਪੈਦਾ ਕੀਤਾ ਹੈ।
ਇਸੇ ਸਮੇਂ ਸ਼ਾਇਰ ਭੁਪਿੰਦਰ ਦੂਲੇ ਅਤੇ ਮਲਵਿੰਦਰ ਨੇ ਵੀ ਵੱਖ-ਵੱਖ ਕਵਿਤਾਵਾਂ ਨੂੰ ਆਧਾਰ ਬਣਾ ਕੇ ਇਨ੍ਹਾਂ ਦੇ ਸਮਾਜਿਕ ਪਾਸਾਰ ਬਾਰੇ ਗੱਲ ਕਰਦਿਆਂ ਡਾ. ਜੰਜੂਆ ਦੀ ਕਵਿਤਾ ਦੇ ਮਾਨਵਵਾਦੀ ਖ਼ਾਸੇ ਨੂੰ ਉਭਾਰਿਆ। ਸਭ ਪਰਚਾਕਾਰਾਂ ਨੇ ਇਹ ਵਿਚਾਰ ਸਥਾਪਿਤ ਕੀਤਾ ਕਿ ਇਹ ਕਾਵਿ ਪੁਸਤਕ ਸਮਕਾਲੀ ਪੰਜਾਬੀ ਕਵਿਤਾ ਵਿਚ ਸਮਰੱਥ ਵਾਧਾ ਹੈ।
ਇਸ ਸਮੇਂ ਹਾਜ਼ਰ ਸਰੋਤਿਆਂ ਨੂੰ ਵੀ ਵਿਚਾਰ ਚਰਚਾ ਦਾ ਹਿੱਸਾ ਬਣਾਇਆ ਗਿਆ। ਤਲਵਿੰਦਰ ਮੰਡ ਨੇ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿਚ ਜੋ ਕਵਿਤਾ ਲਿਖੀ ਜਾ ਰਹੀ ਹੈ ਉਸ ਵਿਚ ਕਵੀ ਅਤੇ ਕਵੀ ਦੀਆਂ ਭਾਵਨਾਵਾਂ ਬਿਲਕੁਲ ਗਾਇਬ ਹੁੰਦੀਆਂ ਹਨ। ਪਰ ਜਦੋਂ ਮੈਂ ਡਾ. ਕੁਲਜੀਤ ਜੰਜੂਆ ਦੀ ਕਵਿਤਾ ਨੂੰ ਪੜ੍ਹਦਾ ਹਾਂ ਤਾਂ ਉਸ ਵੇਲੇ ਇਨ੍ਹਾਂ ਦੀਆਂ ਕਵਿਤਾਵਾਂ ਵਿਚ ਇਨ੍ਹਾਂ ਦੀ ਸ਼ਖ਼ਸੀਅਤ ਬਤੌਰ ਕਵੀ ਉੱਥੇ ਮੌਜੂਦ ਹੂੰਦੀ ਹੈ ਕਿਉਂਕਿ ਕਵੀ ਦੇ ਪਿੱਛੇ ਸਿਰਫ਼ ਤੇ ਸਿਰਫ਼ ਸ਼ਬਦ ਹੀ ਨਹੀਂ ਹੁੰਦੇ ਉਸ ਦੇ ਪਿੱਛੇ ਪੂਰਾ ਸਮਾਜਿਕ ਵਿਰਸਾ ਮੌਜੂਦ ਹੁੰਦਾ ਹੈ। ਜੇ ਕਵੀ ਦੀ ਪਹੁੰਚ ਉਸ ਪੂਰੇ ਤੰਤਰ ਤੱਕ ਹੈ ਤਾਂ ਕੁਦਰਤੀ ਹੈ ਕਿ ਉਹ ਉਸ ਵਿਚ ਸ਼ਾਮਿਲ ਹੋ ਕੇ ਆਪਣੀ ਗੱਲ ਕਹਿੰਦਾ ਹੈ। ਜਦੋਂ ਮੈਂ ਇਨ੍ਹਾਂ ਦੀ ਕਵਿਤਾ ਪੜ੍ਹਦਾ ਹਾਂ ਤਾਂ ਮੈਨੂੰ ਕੁਲਜੀਤ ਜੰਜੂਆ ਦੇ ਇਲਾਕੇ ਦੀਆਂ ਗੱਲਾਂ ਕਵਿਤਾਵਾਂ ‘ਚੋਂ ਪੜ੍ਹਨ ਨੂੰ ਮਿਲਦੀਆਂ ਹਨ। ਉਸ ਵੇਲੇ ਲੱਗਦਾ ਹੈ ਕਿ ਕਵੀ ਉਸ ਧਰਤੀ ਤੋਂ ਉੱਠ ਕੇ ਵਿਦੇਸ਼ੀ ਧਰਤੀ ਤੇ ਆ ਕੇ ਕਿੰਨੇ ਸਾਲ ਇਸ ਧਰਤੀ ਨੂੰ ਕਰਮ ਭੂਮੀ ਬਣਾ ਕੇ ਵੀ ਉਨ੍ਹਾਂ ਯਾਦਾਂ ਨੂੰ ਗਹਿਰ ਗੰਭੀਰਤਾ ਨਾਲ ਮਹਿਸੂਸ਼ ਕਰਕੇ ਆਪਣੀ ਕਵਿਤਾ ਵਿਚ ਭਰ ਰਿਹਾ ਹੈ ਤਾਂ ਇਹ ਇਸ ਕਵਿਤਾ ਦੀ ਵੱਡੀ ਵਿਸ਼ੇਸ਼ਤਾ ਹੈ। ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਮਲਵਿੰਦਰ ਨੇ ਕਿਹਾ ਕਿ ਕੁਲਜੀਤ ਜੰਜੂਆ ਨੇ ਇੱਕ ਵੱਖਰੀ ਕਿਸਮ ਦੀ ਕਵਿਤਾ ਦੀ ਰਚਨਾ ਕੀਤੀ ਹੈ ਜੋ ਸਾਨੂੰ ਕੁਦਰਤ ਦੇ ਅਨੁਸਾਰੀ ਬਣਨ ਦਾ ਸੰਦੇਸ਼ ਦੇਣ ਦੇ ਨਾਲ ਨਾਲ ਰੂਹ ਦੇ ਜ਼ਖ਼ਮਾਂ ਤੇ ਮੁਹੱਬਤ ਤੇ ਅਦਬ ਦੀ ਮੱਲ੍ਹਮ ਲਾਉਣ ਦਾ ਕੰਮ ਕਰਦੀ ਹੈ। ਪਿਆਰਾ ਸਿੰਘ ਕੁੱਦੋਵਾਲ ਨੇ ਪਰਚਾਕਾਰਾਂ ਦਾ ਧੰਨਵਾਦ ਕਰਦਿਆਂ ਪ੍ਰੰਪਰਾ ਅਤੇ ਸਮਕਾਲ ਦੀ ਜੁਗਲਬੰਦੀ ਅਤੇ ਸਮਾਜਿਕ ਕਦਰਾਂ ਕੀਮਤਾਂ ਅਤੇ ਡਾ. ਕੁਲਜੀਤ ਜੰਜੂਆ ਦੀ ਸ਼ਾਇਰੀ ਦੇ ਸਮੇਲ ਬਾਰੇ ਗੱਲਬਾਤ ਕੀਤੀ। ਡਾ. ਜੰਜੂਆ ਦੀ ਸ਼ਾਇਰੀ ਬਾਰੇ ਵਿਚਾਰ ਪੇਸ਼ ਕਰਦਿਆਂ ਕਿਤਾਬ ਵਿਚਲੀ ਰਚਨਾ ਨੂੰ ਬਾਤਰੰਨੁਮ ਪੇਸ਼ ਕੀਤਾ। ਇਸ ਸਮੇਂ ਡਾ. ਕੁਲਜੀਤ ਜੰਜੂਆ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਮੱਲ੍ਹਮ ਕਾਵਿ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਸਿਰਜਣਾ ਅਤੇ ਸ਼ਿਲਪ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਕਵਿਤਾਵਾਂ ਦੀ ਸਿਰਜਣਾ ਭਾਵੇਂ ਬਚਪਨ ਤੋਂ ਸ਼ੁਰੂ ਹੋ ਗਈ ਸੀ ਪ਼ਰ ਇਹ ਕਿਤਾਬ ਰੂਪ ਵਿਚ ਹਾਲ ਹੀ ਆਈਆਂ ਹਨ। ਇਸ ਸਮੇਂ ਉਨ੍ਹਾਂ ਆਪਣਾ ਸਾਹਿਤਕ ਗੀਤ ਪਾਠਕਾਂ/ਹਾਜ਼ਰ ਸਰੋਤਿਆਂ ਨਾਲ ਸਾਂਝਾ ਕੀਤਾ। ਪ੍ਰੋਗਰਾਮ ਦੌਰਾਨ ਉਪਕਾਰ ਸਿੰਘ, ਇਕਬਾਲ ਬਰਾੜ, ਰਿੰਕੂ ਭਾਟੀਆ ਅਤੇ ਮਨਪ੍ਰੀਤ ਕੌਰ ਬਾਵਾ ਨੇ ਤਰੰਨਮ ਵਿਚ ਗੀਤ ਗਾ ਕੇ ਸਭ ਨੂੰ ਮੰਤਰਮੁਗਧ ਕਰ ਦਿੱਤਾ।
ਸਮਾਗਮ ਵਿਚ ਟੋਰਾਂਟੋ ਏਰੀਆ ਵਿਚ ਸਰਗਰਮ ਵੱਖ-ਵੱਖ ਸਾਹਿਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵਿਸ਼ਵ ਪੰਜਾਬੀ ਭਵਨ ਦੇ ਸਰਪ੍ਰਸਤ ਦਲਬੀਰ ਕਥੂਰੀਆ, ਵਿਸ਼ਵ ਪੰਜਾਬੀ ਕਾਨਫਰੰਸ ਦੇ ਸਰਪ੍ਰਸਤ ਗਿਆਨ ਸਿੰਘ ਕੰਗ, ਪ੍ਰਧਾਨ ਲਾਲੀ ਕਿੰਗ, ਪੰਜਾਬ ਪੈਵੀਲਅਨ ਦੇ ਸਰਪ੍ਰਸਤ ਪ੍ਰਿਤਪਾਲ ਸਿੰਘ ਚੱਗਰ, ਸਤਪਾਲ ਜੌਹਲ, ਉਪਕਾਰ ਸਿੰਘ ਪਾਤਰ, ਹਰਜੀਤ ਬਾਜਵਾ, ਬਲਜੀਤ ਸਿੰਘ ਘੁੰਮਣ, ਡਾ. ਡੀ. ਪੀ. ਸਿੰਘ, ਮੋਹਿੰਦਰ ਪਾਲ ਸਿੰਘ, ਪਰਮਿੰਦਰ ਭੱਟੀ, ਬਲਜਿੰਦਰ ਸੇਖਾ, ਦਵਿੰਦਰ ਪਵਾਰ ਬਾਦਲ ਜਗਦੀਪ ਧੁੱਗਾ, ਮਨਪ੍ਰੀਤ ਕੌਰ ਬਾਵਾ, ਮਨਦੀਪ ਖੁਰਾਣਾ, ਨਰਿੰਦਰ ਪਾਲ ਸਿੰਘ, ਜੱਸੀ ਭੁੱਲਰ, ਜਗਜੀਤ ਸਿੰਘ ਪੁਆਰ, ਹਰਮਨ ਸਿੰਘ ਪਵਾਰ, ਜੋਧਵੀਰ ਸਿੰਘ ਪਰਿਹਾਰ, ਕੁਲਦੀਪ ਪਾਲ, ਡਾ. ਅਮਰਦੀਪ ਸਿੰਘ ਬਿੰਦਰਾ, ਹਰਮੋਹਨ ਸਿੰਘ ਪਰਮਾਰ, ਡਾ. ਜਗਮੋਹਨ ਸੰਘਾ, ਇਕਬਾਲ ਬਰਾੜ, ਕੁਲਜੀਤ ਮਾਨ, ਹਰਜਸਪ੍ਰੀਤ ਗਿੱਲ, ਦਪਿੰਦਰ ਲੂੰਬਾ, ਟਹਿਲ ਸਿੰਘ ਬਰਾੜ, ਪਰਮਜੀਤ ਦਿਉਲ, ਰਸ਼ਪਾਲ ਗਿੱਲ, ਕਮਲਜੀਤ ਨੱਤ, ਮਿਸਟਰ ਨੱਤ, ਰਿੰਕੂ ਭਾਟੀਆ, ਹਰਪਾਲ ਭਾਟੀਆ, ਗੁਰਵਿੰਦਰ ਗਿੱਲ, ਰਮਨੀਤ ਗਾਦੀ, ਡਾ. ਸਵਰਨਜੀਤ ਪਰਮਾਰ, ਕਵਿਤਾ ਜਸਪਾਲ, ਸੁਖਬੀਰ ਸਿੰਘ, ਓਸ਼ੋ ਰਾਜ ਕੁਮਾਰ, ਪ੍ਰਿੰਸੀਪਲ ਵਿਜੇ ਕੁਮਾਰ, ਅਰੁਨ ਬਾਲਾ, ਰਾਜ ਰਾਣੀ, ਮਹਿੰਦਰ ਪ੍ਰਤਾਪ ਸਿੰਘ, ਹਰਦਿਆਲ ਝੀਤਾ, ਜਸਪਾਲ ਦਸੂਵੀ, ਲਾਲੀ ਅਟਵਾਲ, ਰਵਿੰਦਰਜੀਤ ਰਾਣਾ ਸੰਧੂ, ਹਰਪ੍ਰੀਤ ਸਿੱਧੂ, ਸਵਿਤੋਜ ਨਿੱਜਰ, ਦਲਜੀਤ ਸਿੰਘ ਸੈਣੀ, ਜਗਜੀਤ ਸਿੰਘ ਅਰੋੜਾ, ਇਕਬਾਲ ਲੋਪੋਂ, ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ, ਹਰਮੇਸ਼ ਸਿੰਘ ਮੁਹਾਲੀ, ਲਹਿੰਦੇ ਪੰਜਾਬ ਤੋਂ ਅਦਬੀ ਦੋਸਤ ਰਸ਼ੀਦ ਨਦੀਮ, ਉਜਮਾ ਮਹਿਮੂਦ, ਲੁਬਨਾ ਅਹਿਮਦ, ਮਕਸੂਦ ਚੌਧਰੀ ਅਤੇ ਅਫ਼ਜ਼ਲ ਰਾਜ ਸਮੇਤ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
ਸਟੇਜ ਸੰਚਾਲਕ ਦੀ ਜ਼ੁੰਮੇਵਾਰੀ ਮੇਜਰ ਨਗਰਾ ਨੇ ਬਾਖ਼ੂਬੀ ਨਿਭਾਈ ਅਤੇ ਤਿੰਨ ਘੰਟੇ ਚੱਲੇ ਇਸ ਸਮਾਗਮ ‘ਚ ਸਰੋਤਿਆਂ ਨੂੰ ਅੰਤ ਤੱਕ ਕੀਲ ਕੇ ਰੱਖਿਆ। ਪ੍ਰੋਗਰਾਮ ਦੀ ਫੋਟੋਗ੍ਰਾਫ਼ੀ ਅਤੇ ਵੀਡਿਉਗ੍ਰਾਫ਼ੀ ਸ਼ਿਵਰੀਤ ਤੇ ਮੁਸਕਾਨ ਨੇ ਕੀਤੀ। ਕੁੱਲ ਮਿਲਾ ਕੇ ਕਾਵਿ ਪੁਸਤਕ ‘ਮੱਲ੍ਹਮ’ ਦਾ ਲੋਕ ਅਰਪਣ ਸਮਾਗਮ ਯਾਦਗਾਰੀ ਹੋ ਨਿਬੜਿਆ।