Breaking News
Home / ਪੰਜਾਬ / ਅਮਰੀਕਾ ’ਚ ਬਜ਼ੁਰਗ ਸਿੱਖ ਨਿਰਮਲ ਸਿੰਘ ਨਾਲ ਹੋਈ ਮਾਰਕੁੱਟ ਦੀ ਐਸਜੀਪੀਸੀ ਨੇ ਕੀਤੀ ਨਿੰਦਾ

ਅਮਰੀਕਾ ’ਚ ਬਜ਼ੁਰਗ ਸਿੱਖ ਨਿਰਮਲ ਸਿੰਘ ਨਾਲ ਹੋਈ ਮਾਰਕੁੱਟ ਦੀ ਐਸਜੀਪੀਸੀ ਨੇ ਕੀਤੀ ਨਿੰਦਾ

ਸਿੱਖ ਭਾਈਚਾਰੇ ’ਤੇ ਨਸਲੀ ਹਮਲੇ ਬਣੇ ਚਿੰਤਾ ਦਾ ਵਿਸ਼ਾ
ਅੰਮਿ੍ਰਤਸਰ/ਬਿਊਰੋ ਨਿਊਜ਼
ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਰਿਚਮੰਡ ਹਿੱਲ ਕਵੀਨਜ਼ ਇਲਾਕੇ ਵਿਚ ਸਵੇਰ ਸਮੇਂ ਇਕ 75 ਸਾਲਾਂ ਦੇ ਬਜ਼ੁਰਗ ਸਿੱਖ ਨਿਰਮਲ ਸਿੰਘ ’ਤੇ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ। ਇਸ ਅਣਪਛਾਤੇ ਵਿਅਕਤੀ ਨੇ ਪੈਦਲ ਜਾ ਰਹੇ ਨਿਰਮਲ ਸਿੰਘ ਦੇ ਮੂੰਹ ’ਤੇ ਮੁੱਕੇ ਮਾਰੇ ਅਤੇ ਉਸ ਨੂੰ ਲਹੂ ਲੂਹਾਨ ਕਰ ਦਿੱਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਿਰਮਲ ਸਿੰਘ ਗੁਰੂਘਰ ਵਿਚ ਸੇਵਾ ਲਈ ਜਾ ਰਹੇ ਸਨ ਅਤੇ ਉਹ ਦੋ ਹਫਤੇ ਪਹਿਲਾਂ ਹੀ ਕੈਨੇਡਾ ਤੋਂ ਅਮਰੀਕਾ ਪਹੰੁਚੇ ਸਨ। ਸਥਾਨਕ ਅਧਿਕਾਰੀਆਂ ਅਤੇ ਮੇਅਰ ਏਰਿਕ ਐਡਮਨਜ਼ ਨੇ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ। ਸਥਾਨਕ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਘੱਟ ਗਿਣਤੀਆਂ ਦੇ ਲੋਕਾਂ ਨਾਲ ਨਫਰਤ ਦਾ ਨਤੀਜਾ ਹੈ। ਇਸੇ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਜ਼ੁਰਗ ਸਿੱਖ ਨਿਰਮਲ ਸਿੰਘ ’ਤੇ ਹੋਏ ਨਸਲੀ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਵਿਦੇਸ਼ਾਂ ਵਿਚ ਸਿੱਖਾਂ ’ਤੇ ਹੋ ਰਹੇ ਨਸਲੀ ਹਮਲਿਆਂ ’ਤੇ ਡੂੰਘੀ ਚਿੰਤਾ ਵੀ ਜ਼ਾਹਰ ਕੀਤੀ। ਐਸਜੀਪੀਸੀ ਨੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੂੰ ਇਕ ਹੋ ਕੇ ਬਜ਼ੁਰਗ ਸਿੱਖ ਨਿਰਮਲ ਸਿੰਘ ਨੂੰ ਇਨਸਾਫ ਦਿਵਾਉਣ ਦੀ ਗੱਲ ਕਹੀ ਹੈ। ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ਾਂ ’ਚ ਵਸਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਸਬੰਧੀ ਉਥੋਂ ਦੀਆਂ ਸਰਕਾਰਾਂ ਨਾਲ ਗੱਲ ਕਰੇ, ਤਾਂ ਜੋ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

 

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …