Home / ਪੰਜਾਬ / ਕੈਪਟਨ ਅਮਰਿੰਦਰ ਦੀ ਭਾਜਪਾ ਨਾਲ ਵਧਣ ਲੱਗੀ ਨੇੜਤਾ

ਕੈਪਟਨ ਅਮਰਿੰਦਰ ਦੀ ਭਾਜਪਾ ਨਾਲ ਵਧਣ ਲੱਗੀ ਨੇੜਤਾ

ਮਨੋਹਰ ਲਾਲ ਖੱਟਰ ਨਾਲ ਵੀ ਕੀਤੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ। ਕੈਪਟਨ ਕਰੀਬ ਸਾਢੇ 12 ਵਜੇ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ’ਤੇ ਪਹੁੰਚੇ ਸਨ ਅਤੇ ਕਰੀਬ ਅੱਧਾ ਘੰਟਾ ਦੋਵਾਂ ਵਿਚਕਾਰ ਗੱਲਬਾਤ ਹੋਈ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਨੇ ਕਿਸਾਨ ਅੰਦੋਲਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਨੋਹਰ ਲਾਲ ਖੱਟਰ ਨਾਲ ਚਰਚਾ ਕੀਤੀ ਹੈ।
ਕੈਪਟਨ ਤੇ ਭਾਜਪਾ ਦੀ ਵਧਦੀ ਨੇੜਤਾ ਦਾ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਕਿਸਾਨ ਅੰਦੋਲਨ ਹੀ ਹਨ। ਕੇਂਦਰ ਦੀ ਮੋਦੀ ਸਰਕਾਰ ਚਾਹੁੰਦੀ ਹੈ ਕਿ ਤਿੰਨ ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਕਿਸਾਨ ਆਪੋ ਆਪਣੇ ਘਰਾਂ ਨੂੰ ਚਲੇ ਜਾਣ। ਕੈਪਟਨ ਅਮਰਿੰਦਰ ਵੀ ਕਿਸਾਨਾਂ ਨੂੰ ਇਹੀ ਅਪੀਲ ਕਰ ਚੁੱਕੇ ਹਨ। ਇਸ ਕਰਕੇ ਹੀ ਇਹ ਮੁਲਾਕਾਤ ਕਿਸਾਨ ਅੰਦੋਲਨ ਅਤੇ ਪੰਜਾਬ ਚੋਣਾਂ ਲਈ ਅਹਿਮ ਮੰਨੀ ਜਾ ਰਹੀ ਹੈ। ਮੁਲਾਕਾਤ ਤੋਂ ਬਾਅਦ ਕੈਪਟਨ ਨੇ ਦੱਸਿਆ ਕਿ ਇਹ ਇਕ ਸ਼ਿਸ਼ਟਾਚਾਰ ਮੁਲਾਕਾਤ ਸੀ, ਜਿਸ ਵਿਚ ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਚਾਹ ਪੀਣ ਦਾ ਸਮਾਂ ਮੰਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਕੋਈ ਸਿਆਸੀ ਗੱਲ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਕੈਪਟਨ ਅਤੇ ਖੱਟਰ ਦੇ ਰਿਸ਼ਤਿਆਂ ਵਿਚ ਕਾਫੀ ਤਲਖੀ ਆ ਗਈ ਸੀ ਅਤੇ ਟਵਿੱਟਰ ’ਤੇ ਦੋਵੇਂ ਆਗੂ ਇਕ ਦੂਜੇ ਨੂੰ ਤਾਅਨੇ ਮਿਹਣੇ ਮਾਰ ਰਹੇ ਸਨ। ਉਹ ਇਸ ਲਈ ਕਿ ਖੱਟਰ ਕਿਸਾਨ ਅੰਦੋਲਨ ਤੋਂ ਖਫਾ ਸਨ ਅਤੇ ਕੈਪਟਨ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਸਨ।

Check Also

ਮਜੀਠੀਆ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ

31 ਜਨਵਰੀ ਤੱਕ ਗਿ੍ਰਫਤਾਰੀ ’ਤੇ ਲਗਾਈ ਰੋਕ ਚੰਡੀਗੜ੍ਹ/ਬਿਊਰੋ ਨਿਊਜ਼ ਨਸ਼ਾ ਤਸਕਰੀ ਦੇ ਮਾਮਲੇ ਵਿਚ ਘਿਰੇ …