ਬਿਕਰਮ ਮਜੀਠੀਆ ਨੇ ਆਪਣੀ ਜਾਨ ਨੂੰ ਦੱਸਿਆ ਖਤਰਾ
ਮੁਹਾਲੀ ਅਦਾਲਤ ’ਚ ਅਰਜ਼ੀ ਵੀ ਕੀਤੀ ਦਾਇਰ
ਮੁਹਾਲੀ/ਬਿਊਰੋ ਨਿਊਜ਼
ਨਸ਼ਾ ਤਸਕਰੀ ਦੇ ਆਰੋਪਾਂ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੁਹਾਲੀ ਦੀ ਅਦਾਲਤ ਵਿਚ ਪੇਸ਼ੀ ਭੁਗਤੀ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਰਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਹੋਈ। ਅਦਾਲਤ ਨੇ 14 ਦਿਨਾਂ ਲਈ ਮਜੀਠੀਆ ਦੇ ਜੁਡੀਸ਼ੀਅਲ ਰਿਮਾਂਡ ਵਿੱਚ ਵਾਧਾ ਕਰਦਿਆਂ ਅਕਾਲੀ ਆਗੂ ਨੂੰ ਅਗਲੀ ਪੇਸ਼ੀ ’ਤੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਹੈ। ਧਿਆਨ ਰਹੇ ਕਿ ਮੁਹਾਲੀ ਦੇ ਫੇਜ਼-4 ਸਥਿਤ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਵਿੰਗ ਦੇ ਥਾਣੇ ਵਿੱਚ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਮਜੀਠੀਆ ਨਸ਼ਾ ਤਸਕਰੀ ਦੇ ਮਾਮਲੇ ਵਿਚ ਪਟਿਆਲਾ ਦੀ ਜੇਲ੍ਹ ਵਿਚ ਬੰਦ ਹੈ। ਇਸੇ ਦੌਰਾਨ ਮਜੀਠੀਆ ਨੇ ਜੇਲ੍ਹ ਵਿਚ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਮੁਹਾਲੀ ਅਦਾਲਤ ਵਿਚ ਅਰਜ਼ੀ ਵੀ ਦਿੱਤੀ ਹੈ ਕਿ ਉਸ ਨੂੰ ਪੁਰਾਣੀ ਬੈਰਕ ਵਿਚ ਹੀ ਸਿਫਟ ਕੀਤਾ ਜਾਵੇ।