5 C
Toronto
Thursday, November 20, 2025
spot_img
HomeUncategorized'ਕੈਨੇਡਾ-ਇੰਡੋਨੇਸ਼ੀਆ ਟਰੇਡ ਐਗਰੀਮੈਂਟ' ਨਾਲ ਕੈਨੇਡੀਅਨ ਬਿਜ਼ਨੈੱਸਾਂ ਵਿੱਚ ਵਾਧੇ ਹੋਣਗੇ : ਸੋਨੀਆ ਸਿੱਧੂ

‘ਕੈਨੇਡਾ-ਇੰਡੋਨੇਸ਼ੀਆ ਟਰੇਡ ਐਗਰੀਮੈਂਟ’ ਨਾਲ ਕੈਨੇਡੀਅਨ ਬਿਜ਼ਨੈੱਸਾਂ ਵਿੱਚ ਵਾਧੇ ਹੋਣਗੇ : ਸੋਨੀਆ ਸਿੱਧੂ

ਓਟਵਾ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ‘ਕੈਨੇਡਾ-ਇੰਡੋਨੇਸ਼ੀਆ ਕੰਪਰੀਹੈਂਸਿਵ ਇਕੋਨੌਮਿਕ ਪਾਰਟਨਰਸ਼ਿਪ ਐਗਰੀਮੈਂਟ’ (ਸੀਈਪੀਏ) ਨੂੰ ਕੈਨੇਡਾ ਦੇ ਵਿਓਪਾਰ ਵਿੱਚ ਵਿਭਿੰਨਤਾ ਅਤੇ ਆਰਥਿਕਤਾ ਵਿੱਚ ਲਚਕੀਲਾਪਨ ਲਿਆਉਣ ਲਈ ਸਰਕਾਰ ਵੱਲੋਂ ਲਿਆ ਗਿਆ ਅਹਿਮ ਕਦਮ ਕਰਾਰ ਦਿੱਤਾ ਹੈ। ਲੰਘੇ ਦਿਨੀਂ ਔਟਵਾ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਟੋ ਵੱਲੋਂ ਐਲਾਨ ਕੀਤਾ ਗਿਆ ‘ਸੀਈਪੀਏ’ ਸਮਝੌਤਾ ‘ਏਸੀਈਏਐਨ’ ਦੇਸ਼ਾਂ ਵਿਚਕਾਰ ਪਹਿਲਾ ਦੋ-ਪਾਸੜ ਸਮਝੌਤਾ ਹੈ ਅਤੇ ਇਹ ਕੈਨੇਡਾ ਦੇ ਵਿਓਪਾਰ ਨੂੰ ਵਧਾਉਣ ਵੱਲ ਇੱਕ ਸਾਰਥਿਕ ਕਦਮ ਹੈ।
ਇਸ ਸਮਝੌਤੇ ਉੱਪਰ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਇਹ ਸਮੂਹ ਕੈਨੇਡਾ-ਵਾਸੀਆਂ ਲਈ ਬੜੀ ਵੱਡੀ ਖ਼ੁਸ਼ਖ਼ਬਰੀ ਹੈ। ਜਿੱਥੋਂ ਤੀਕ ਵਿਸ਼ਵ-ਪੱਧਰੀ ਵਿਓਪਾਰ ਦਾ ਸਬੰਧ ਹੈ, ‘ਸੇਪਾ’ (ਸੀਈਪੀਏ) ਸਮਝੌਤੇ ਰਾਹੀਂ ਕੈਨੇਡਾ ਦੀ ਇੰਡੋਨੇਸ਼ੀਆ ਨਾਲ ਭਾਈਵਾਲੀ ਸਰਕਾਰ ਦੀ ਕੈਨੇਡੀਅਨ ਕਾਮਿਆਂ ਦੀ ਭਲਾਈ ਬਿਜ਼ਨੈੱਸਾਂ ਵਿੱਚ ਵਾਧੇ ਅਤੇ ਲੰਮੇਂ ਸਮੇਂ ਲਈ ਕੈਨੇਡਾ ਦੀ ਮਜ਼ਬੂਤ ਆਰਥਿਕਤਾ ਵਚਨਬੱਧਤਾ ਨੂੰ ਦੁਹਰਾਉਂਦੀ ਹੈ।”
ਇਸ ਸਮਝੌਤੇ ਨਾਲ ਕੈਨੇਡਾ ਤੋਂ ਇੰਡੋਨੇਸ਼ੀਆ ਭੇਜੀਆਂ ਜਾਣ ਵਾਲੀਆਂ ਚੀਜ਼ਾਂ-ਵਸਤਾਂ ਉੱਪਰ ਟੈਰਿਫ਼ ਨੂੰ ਖ਼ਤਮ ਹੋਵੇਗਾ ਫਿਰ ਜਾਂ ਇਸ ਵਿੱਚ 95% ਤੋਂ ਉੱਪਰ ਕਮੀ ਹੋ ਜਾਏਗੀ ਅਤੇ ਇਸਦੇ ਨਾਲ ਕਲੀਨ ਟੈਕਨਾਲੌਜੀ, ਐਗਰੀ-ਫ਼ੂਡ, ਨਾਜ਼ੁਕ ਧਾਤਾਂ (ਕ੍ਰਿਟੀਕਲ ਮਿਨਰਲਜ਼), ਇਨਫ਼ਰਾਸਟਰੱਕਚਰ ਅਤੇ ਵਿੱਤੀ ਸੇਵਾਵਾਂ ਖ਼ੇਤਰਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਇਹ ਸਮਝੌਤਾ ਵਿਓਪਾਰ ਅਤੇ ਪੂੰਜੀ-ਨਿਵੇਸ਼ ਲਈ ਸਪੱਸ਼ਟ ਅਤੇ ਪਾਰਦਰਸ਼ੀ ਸਾਰਥਿਕ ਵਾਤਾਵਰਣ ਕਾਇਮ ਕਰਨ ਵਿੱਚ ਵੀ ਸਾਜ਼ਗਾਰ ਸਾਬਤ ਹੋਵੇਗਾ। 2026 ਵਿੱਚ ਲਾਗੂ ਹੋਣ ਵਾਲਾ ਇਹ ਸਮਝੌਤਾ ਵਿਸ਼ਵ-ਭਰ ਦੇ ਤੇਜ਼ੀ ਨਾਲ ਵੱਧ ਰਹੇ ਅਰਥਚਾਰੇ ਵਿੱਚ ਮੁਕਾਬਲੇਬਾਜ਼ੀ ਲਈ ਕੈਨੇਡੀਅਨ ਵਿਓਪਾਰੀਆਂ ਨੂੰ ਭਾਰੀ ਉਤਸ਼ਾਹਿਤ ਕਰੇਗਾ। ਇਸਦੇ ਨਾਲ ਕਣਕ, ਪੋਟਾਸ਼, ਲੱਕੜੀ ਤੇ ਸੋਇਆਬੀਨ ਦੀਆਂ ਕੀਮਤਾਂ ਘੱਟਣ ਨਾਲ ਦੋਹਾਂ ਦੇਸ਼ਾਂ ਦੇ ਬਿਜ਼ਨੈੱਸਮੈਨਾਂ ਅਤੇ ਖ਼ਪਤਕਾਰਾਂ ਨੂੰ ਫ਼ਾਇਦਾ ਹੋਵੇਗਾ।
‘ਸੇਪਾ’ ਦੇ ਨਾਲ ਹੀ ‘ਐਕਸਪੋਰਟ ਡਿਵੈਲਪਮੈਂਟ ਕੈਨੇਡਾ’ (ਈਡੀਸੀ) ਅਤੇ ‘ਇੰਡੋਨੇਸ਼ੀਆ ਇਨਵੈੱਸਟਮੈਂਟ ਏਜੰਸੀ’ (ਆਈਐੱਨਏ) ਵਿਚਕਾਰ ਹੋਏ ਇੱਕ ਹੋਰ ਨਵੇਂ ਸਮਝੌਤੇ ‘ਮਾਰਕੀਟ ਲੀਡਰ ਪਾਰਟਨਰਸ਼ਿਪ ਐਗਰੀਮੈਂਟ’ ਨਾਲ ਕੈਨੇਡੀਅਨ ਐਕਸਪੋਰਟਰਾਂ ਨੂੰ ਵਿੱਤੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਇਹ ਇਨਵੈੱਸਟਰਾਂ ਨੂੰ ਇੰਡੋਨੇਸ਼ੀਆ ਵਿੱਚ ਪਹਿਲ ਦੇ ਆਧਾਰ ‘ਤੇ ਪੂੰਜੀ-ਨਿਵੇਸ਼ ਕਰਨ ਲਈ ਵੀ ਉਤਸ਼ਾਹਿਤ ਕਰੇਗਾ। ਐੱਮ.ਪੀ. ਸੋਨੀਆ ਸਿੱਧੂ ਨੇ ਹੋਰ ਕਿਹਾ, ”ਕੈਨੇਡਾ ਦੇ ਅਰਥਚਾਰੇ ਦਾ ਭਵਿੱਖ ਸਮਾਰਟ ਅਤੇ ਅੱਗੋਂ ਹੋਣ ਵਾਲੇ ਅਗਲੇਰੇ ਸਾਰਥਿਕ ਸਮਝੌਤਿਆਂ ਨਾਲ ਜੁੜਿਆ ਹੋਇਆ ਹੈ। ਇਹ ‘ਸੇਪਾ’ ਸਮਝੌਤਾ ਵਿਓਪਾਰ ਵਿੱਚ ਲਚਕੀਲੇਪਨ ਅਤੇ ਦੇਸ਼ ਵਿੱਚ ਖ਼ੁਸ਼ਹਾਲੀ ਲਿਆਉਣ ਵਾਲੀਆਂ ‘ਨਵੀਆਂ ਰਾਹਾਂ’ ਦੀ ਇੱਕ ਤਕੜੀ ਉਦਾਹਰਣ ਹੈ।”
ਇਸਦੇ ਨਾਲ ਹੀ ਕੈਨੇਡਾ ਅਤੇ ਇੰਡੋਨੇਸ਼ੀਆ ਵਿਚਕਾਰ ਇੱਕ ਹੋਰ ਸਮਝੌਤਾ ‘ਡਿਫ਼ੈਂਸ ਕੋਆਪਰੇਸ਼ਨ ਐਗਰੀਮੈਂਟ’ ਹੋਇਆ ਜਿਸ ਦੇ ਅਨੁਸਾਰ ਅਮਨ, ਸੁਰੱਖ਼ਿਆ, ਸਾਈਬਰ ਸਕਿਉਰਿਟੀ ਤੇ ਖ਼ੇਤਰੀ ਸਥਿਰਤਾ ਇਸ ਦੇ ਮੁੱਖ-ਉਦੇਸ਼ ਹਨ ਜੋ ਇਨ੍ਹਾਂ ਦੋਹਾਂ ਦੇਸ਼ਾਂ ਵੱਲੋਂ ਅਪਨਾਈ ਜਾ ਰਹੀ ਨੀਤੀ ਦੇ ਵੀ ਮੁੱਖ ਮੁੱਦੇ ਹਨ। ਇਸ ਬਾਰੇ ਗੱਲ ਕਰਦਿਆਂ ਵਿੱਚ ਸੋਨੀਆ ਸਿੱਧੂ ਨੇ ਕਿਹਾ ਕਿ ਇਹ ਨੀਤੀਆਂ ਜਿੱਥੇ ਦੇਸ਼ ਦੀ ਮਜ਼ਬੂਤੀ ਲਈ ਕੈਨੇਡਾ ਦੀ ਬਾਰਡਰ ਸਟਰੈਟਿਜੀ ਨੂੰ ਭਲੀ-ਭਾਂਤ ਦਰਸਾਉਂਦੀਆਂ ਹਨ, ਉੱਥੇ ਇਹ ਇਸ ਦੇ ਦੂਸਰੇ ਦੇਸ਼ਾਂ ਨਾਲ ਨਵੇਂ ਸਬੰਧਾਂ ਨੂੰ ਵੀ ਉਜਾਗਰ ਕਰਦੀਆਂ ਹਨ। ਉਨ੍ਹਾਂ ਕਿਹਾ, ”ਤੇਜ਼ੀ ਨਾਲ ਬਦਲ ਰਹੇ ਵਿਸ਼ਵ-ਪੱਧਰੀ ਹਾਲਾਤਾਂ ਨਾਲ ਉਨ੍ਹਾਂ ਸਬੰਧਾਂ, ਜਿਨ੍ਹਾਂ ਦੇ ਨਾਲ ਦੇਸ਼ ਦੇ ਅਰਥਚਾਰੇ ਕਮਿਊਨਿਟੀਆਂ ਨੂੰ ਲਾਭ ਪਹੁੰਚਦਾ ਹੈ, ਲਈ ਕੈਨੇਡਾ ਹੋਰ ਦੇਸ਼ਾਂ ਦੀ ਅਗਵਾਈ ਕਰ ਰਿਹਾ ਹੈ।”
ਇਸ ਸਬੰਧੀ ਆਪਣਾ ਪੱਖ ਦੱਸਦਿਆਂ ਕਿਹਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ, ”ਕੈਨੇਡਾ ਅਤੇ ਇੰਡੋਨੇਸ਼ੀਆ ਦੋਵੇਂ ਦੇਸ਼ ਮਿਲ ਕੇ ਨਵੇਂ ਵਿਤੀ ਮੌਕੇ ਪੈਦਾ ਕਰਨ ਵੱਲ ਵੱਧ ਰਹੇ ਹਨ। ਇਹ ਸਮਝੌਤਾ ਦੋਹਾਂ ਦੇਸ਼ਾਂ ਵਿੱਚ ਨਵੀਆਂ ਮੰਡੀਆਂ ਬਨਾਉਣ ਅਤੇ ਪੂੰਜੀ ਨਿਵੇਸ਼ ਕਰਨ ਵਿੱਚ ਸਹਾਈ ਹੋਵੇਗਾ। ਆਪਣੇ ਵਰਕਰਾਂ ਅਤੇ ਬਿਜ਼ਨੈੱਸਾਂ ਅਤੇ ਵਿਸ਼ਵ-ਪੱਧਰੀ ਵਿਓਪਾਰ ਦਾ ਚਿਹਰਾ-ਮੋਹਰਾ ਬਦਲਣ ਲਈ ਇਹ ਸਮਝੌਤਾ ‘ਗੇਮ-ਚੇਂਜਰ’ ਹੈ। ਕੈਨੇਡਾ ਦੀ ਨਵੀਂ ਸਰਕਾਰ ਵਿਓਪਾਰ ਵਿੱਚ ਵਿਭਿੰਨਤਾ ਲਿਆ ਰਹੀ ਹੈ ਅਤੇ ਦੇਸ਼ ਵਿੱਚ ਖ਼ੁਸ਼ਹਾਲੀ ਤੇ ਸੁਰੱਖਿਆ ਦੇ ਨਾਲ ਨਾਲ ਆਪਣੇ ਕਾਮਿਆਂ ਲਈ ਉੱਚ-ਪੱਧਰੀ ਰੋਜ਼ਗਾਰਾਂ ਦੇ ਮੌਕੇ ਵੀ ਪੈਦਾ ਕਰ ਰਹੀ ਹੈ।”

RELATED ARTICLES
POPULAR POSTS