9.6 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਸਰਕਾਰ ਨੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੂੰ ਤੁਰੰਤ ਡਿਊਟੀ 'ਤੇ ਹਾਜ਼ਰ...

ਪੰਜਾਬ ਸਰਕਾਰ ਨੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੂੰ ਤੁਰੰਤ ਡਿਊਟੀ ‘ਤੇ ਹਾਜ਼ਰ ਹੋਣ ਦੇ ਦਿੱਤੇ ਨਿਰਦੇਸ਼

ਪਰਮਪਾਲ ਕੌਰ ਦੀ ਵੀਆਰਐਸ ਦੀ ਅਰਜ਼ੀ ਨੂੰ ਕੀਤਾ ਰੱਦ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਆਈਏਐਸ ਪਰਮਪਾਲ ਕੌਰ ਸਿੱਧੂ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵੀਆਰਐਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਪਰਮਪਾਲ ਕੌਰ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਰੱਦ ਕਰਦਿਆਂ ਉਨ੍ਹਾਂ ਨੂੰ ਆਪਣੀ ਸਰਕਾਰੀ ਡਿਊਟੀ ਮੁੜ ਤੋਂ ਸ਼ੁਰੂ ਕਰਨ ਲਈ ਨੋਟਿਸ ਦਿੱਤਾ ਹੈ। ਪੰਜਾਬ ਸਰਕਾਰ ਨੇ ਤਰਕ ਦਿੱਤਾ ਕਿ ਨੌਕਰੀ ਛੱਡਣ ਲਈ ਨੋਟਿਸ ਸਮਾਂ ਤਿੰਨ ਮਹੀਨੇ ਦਾ ਹੁੰਦਾ ਹੈ ਪ੍ਰੰਤੂ ਪਰਮਪਾਲ ਕੌਰ ਨੇ ਨੌਕਰੀ ਛੱਡਣ ਲੱਗਿਆਂ 3 ਮਹੀਨੇ ਦਾ ਨੋਟਿਸ ਨਹੀਂ ਦਿੱਤਾ ਸੀ। ਉਧਰ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਆਪਣਾ ਪੱਖ ਰੱਖਦੇ ਹੋਏ ਆਮ ਆਦਮੀ ਪਾਰਟੀ ‘ਤੇ ਉਨ੍ਹਾਂ ਦਾ ਸਮਾਂ ਖਰਾਬ ਕਰਨ ਦਾ ਆਰੋਪ ਲਗਾਇਆ। ਧਿਆਨ ਰਹੇ ਕਿ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਨੇ ਆਈਏਐਸ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ ਅਤੇ ਭਾਜਪਾ ਨੇ ਉਨ੍ਹਾਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਹੈ।

ਪੰਜਾਬ ਸਰਕਾਰ ਦੀ ਸਾਰੀ ਉਮਰ ਲਈ ਗੁਲਾਮ ਨਹੀਂ ਹਾਂ : ਪਰਮਪਾਲ ਕੌਰ
ਸਾਬਕਾ ਆਈਏਐੱਸ ਅਧਿਕਾਰੀ ਅਤੇ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਦੋ ਹਰਫ਼ੀ ਗੱਲ ਮੁਕਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਜੋ ਕਾਰਵਾਈ ਕਰਨਾ ਚਾਹੁੰਦੀ ਹੈ, ਕਰ ਸਕਦੀ ਹੈ। ਉਹ ਸੇਵਾਮੁਕਤ ਹੋ ਚੁੱਕੇ ਹਨ ਸੋ ਦੁਬਾਰਾ ਡਿਊਟੀ ਜੁਆਇਨ ਨਹੀਂ ਕਰਨਗੇ ਅਤੇ ਨਾ ਹੀ ਜੁਆਇਨ ਕਰਨਾ ਬਣਦਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਉਸ ਨੂੰ ਸੇਵਾਮੁਕਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਸਾਰੀ ਉਮਰ ਲਈ ਗੁਲਾਮ ਨਹੀਂ ਹੈ, ਜੇ ਉਹ ਭਲਕੇ ਅਮਰੀਕਾ ਜਾਣਾ ਚਾਹੇ ਤਾਂ ਉਥੇ ਵੀ ਜਾ ਸਕਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਬੰਦਾ ਸੇਵਾਮੁਕਤ ਹੀ ਹੋ ਗਿਆ ਤਾਂ ਫਿਰ ਸਰਕਾਰ ਦਾ ਕਿਸੇ ਦੀ ਜ਼ਿੰਦਗੀ ਵਿੱਚ ਦਖ਼ਲ ਦੇਣ ਦਾ ਮਤਲਬ ਹੀ ਕੀ ਹੈ।

RELATED ARTICLES
POPULAR POSTS